ਨੌਜਵਾਨ ਦੀ ਕੁੱਟਮਾਰ ਕਰਕੇ, ਅੱਧਮਰੀ ਹਾਲਤ ਵਿੱਚ ਸੁੱਟਿਆ ਰੇਲਵੇ ਲਾਈਨਾਂ ਤੇ

ਬਰਨਾਲਾ -19 ਮਈ- ਐਸਡੀ ਕਾਲਜ ਬਰਨਾਲਾ ਦੇ ਫਾਟਕਾਂ ਨਜ਼ਦੀਕ ਕੁਝ ਵਿਅਕਤੀਆਂ, ਇੱਕ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਰੇਲਵੇ ਲਾਈਨ ਤੇ ਸੁੱਟ ਗਏ। ਜਖਮੀ ਨੌਜਵਾਨ ਦੀ ਪਹਿਚਾਨ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਅਜੈਬ ਸਿੰਘ ਵਾਸੀ ਇੰਦਰਾ ਕਲੋਨੀ ਹੰਡਿਆਇਆ ਦੇ ਤੌਰ ਤੇ ਹੋਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਹਰਪ੍ਰੀਤ ਦੇ ਪਿਤਾ ਅਜੈਬ ਸਿੰਘ ਨੇ ਦੱਸਿਆ ਕਿ ਕੱਲ ਸ਼ਾਮ ਪਿੰਡ ਦੇ ਦੋ ਨੌਜਵਾਨ ਹਰਪ੍ਰੀਤ ਨੂੰ ਆਪਣੇ ਨਾਲ ਬਰਨਾਲਾ ਵਿਖੇ ਲੈ ਗਏ ਸਨ। ਉਹ ਉਹਨੂੰ ਐਸਡੀ ਕਾਲਜ ਦੇ ਫਾਟਕਾ ਕੋਲ ਉਤਾਰ ਕੇ ਕਿਸੇ ਕੰਮ ਚਲੇ ਗਏ। ਉਸ ਜਗ੍ਹਾ ਖੜੇ ਹਰਪ੍ਰੀਤ ਸਿੰਘ ਦੇ ਉੱਪਰ 15-20 ਵਿਅਕਤੀਆਂ ਨੇ ਇੱਟਾਂ ਰੋੜੇ ਤੇ ਤੇਜਧਾਰ ਹਥਿਆਰ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਉਹ ਉਸਨੂੰ ਅੱਧਮਰੀ ਹਾਲਤ ਵਿੱਚ ਰੇਲਵੇ ਲਾਈਨ ਤੇ ਸੁੱਟ ਕੇ ਚਲੇ ਗਏ। ਆਸ ਪਾਸ ਦੇ ਲੋਕਾਂ ਨੇ ਪੁਲਿਸ ਅਤੇ ਉਹਨਾਂ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ।
ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹਰਪ੍ਰੀਤ ਸਿੰਘ ਨੂੰ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ। ਜਿੱਥੇ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ। ਉਹਨਾ ਅੱਗੇ ਦੱਸਿਆ ਕਿ ਹਰਪ੍ਰੀਤ ਸਿੰਘ ਦੀ ਇੱਕ ਲੱਤ ਤੋੜ ਦਿੱਤੀ ਗਈ ਹੈ ਅਤੇ ਸਿਰ ਤੇ ਵੀ ਗੰਭੀਰ ਸੱਟਾਂ ਲੱਗੀਆਂ ਹਨ।
ਉਹਨਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਉਹਨਾਂ ਦੇ ਪਰਿਵਾਰ ਤੇ ਪਿੰਡ ਦੇ ਹੀ ਕੁਝ ਲੋਕਾਂ ਦੁਆਰਾ ਹਮਲਾ ਕੀਤਾ ਗਿਆ ਸੀ, ਜਿਸ ਕਾਰਨ ਉਹਨਾਂ ਤੇ ਪਰਚਾ ਦਰਜ ਕਰਵਾਇਆ ਗਿਆ ਸੀ। ਉਹਨਾਂ ਨੂੰ ਸ਼ੱਕ ਹੈ ਕਿ ਉਹਨਾਂ ਨੇ ਹੀ ਦੁਬਾਰਾ ਉਹਨਾਂ ਦੇ ਬੇਟੇ ਤੇ ਇਹ ਹਮਲਾ ਕਰਵਾਇਆ ਹੈ। ਉਹਨਾਂ ਦੱਸਿਆ ਕਿ ਸਿਟੀ ਟੂ ਦੇ ਥਾਣੇਦਾਰ ਜਗਰੂਪ ਸਿੰਘ ਦੁਆਰਾ ਜਖਮੀ ਹਰਪ੍ਰੀਤ ਸਿੰਘ ਦੇ ਬਿਆਨ ਦਰਜ ਕਰ ਲਏ ਗਏ ਹਨ।ਉਨਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਹਮਲਾਵਰ ਵਿਅਕਤੀ ਦੀ ਪਹਿਚਾਨ ਕਰਕੇ ਉਹਨਾਂ ਉੱਪਰ ਸਖਤ ਕਾਰਵਾਈ ਕੀਤੀ ਜਾਵੇ।ਇਸ ਸਬੰਧੀ ਜਾਣਕਾਰੀ ਲੈਣ ਲਈ ਏਐਸਆਈ ਜਗਰੂਪ ਸਿੰਘ ਨੂੰ ਫੋਨ ਕਰਿਆ ਗਿਆ ਪ੍ਰੰਤੂ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ।