ਸਿਲਾਈ ਸੈਂਟਰ ਦੀਆਂ ਵਿਦਿਆਰਥਣਾਂ ਨੂੰ ਸਰਟੀਫ਼ਿਕੇਟ ਅਤੇ ਨਵੀਆਂ ਸਿਲਾਈ ਮਸ਼ੀਨਾਂ ਵੰਡੀਆ

ਬਰਨਾਲਾ- 19 ਮਈ -ਹਿਮਾਂਸ਼ੂ ਦਾਨੀਆ ਯਾਦਗਾਰੀ ਸਿਲਾਈ ਸੈਂਟਰ ਸਰਾਣੀ ਪੱਤੀ ਹੰਡਿਆਇਆ ਵਿਖੇ ਮੁੱਖ ਸਰਪ੍ਰਸਤ ਨੀਰਜ ਬਾਲਾ ਦਾਨੀਆ ਦੀ ਅਗਵਾਈ ਚ ਸਿਲਾਈ ਸੈਂਟਰ ਦੀਆਂ ਪਾਸ ਵਿਦਿਆਰਥਣਾਂ ਨੂੰ ਸਰਟੀਫ਼ਿਕੇਟ ਵੰਡੇ ਗਏ ਅਤੇ ਟ੍ਰੇਨਿੰਗ ਦੌਰਾਨ ਵਧੀਆ ਸਿਲਾਈ ਸਿੱਖਣ ਵਾਲੀਆਂ ਲੜਕੀਆਂ ਚੋਂ ਪਹਿਲੇ ਅਤੇ ਦੂਜੇ ਸਥਾਨ ਤੇ ਰਹਿਣ ਵਾਲੀਆਂ ਵਿਦਿਆਰਥਣਾਂ ਨੂੰ ਨਵੀਆਂ ਸਿਲਾਈ ਮਸ਼ੀਨਾਂ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨੀਲਮ ਦਾਨੀਆ ਅਤੇ ਸਵਿਤਾ ਦਾਨੀਆਂ ਕ੍ਰਮਵਾਰ ਮੁੱਖ ਮਹਿਮਾਨ ਅਤੇ ਗੈਸਟ ਆਫ਼ ਆਨਰ ਪਹੁੰਚੇ। ਇਸ ਮੌਕੇ ਬੋਲਦਿਆਂ ਪ੍ਰੋਗਰੈਸਿਵ ਸੀਨੀਅਰ ਸਿਟੀਜਨ ਸੋਸਾਇਟੀ ਦੇ ਪ੍ਰਧਾਨ ਅਤੇ ਸੂਰਿਆਵੰਸੀ ਖੱਤਰੀ ਸਭਾ ਬਰਨਾਲਾ ਦੇ ਸਰਪ੍ਰਸਤ ਸੁਖਵਿੰਦਰ ਸਿੰਘ ਭੰਡਾਰੀ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ ਪ੍ਰਾਪਤ ਕੀਤੇ ਗਿਆਨ ਨੂੰ ਅਮਲ ਚ ਲਿਆ ਕੇ ਸਿਲਾਈ ਚ ਮੁਹਾਰਤ ਹਾਸਲ ਕਰਨ ਉਪਰੰਤ ਆਪਣੇ ਪਰਿਵਾਰ ਦਾ ਵਧੀਆ ਗੁਜ਼ਾਰਾ ਕਰ ਸਕਦੇ ਹੋ। ਇਸ ਮੌਕੇ ਸੇਵਾ ਮੁਕਤ ਪ੍ਰਿੰਸੀਪਲ ਰਕੇਸ਼ ਗਰਗ, ਕਾਨੂੰਗੋ ਰਾਜੇਸ਼ ਭੁਟਾਨੀ, ਲੈਕਚਰਰ ਹਰਮਨਜੀਤ ਸਿੰਘ ਰੁਪਾਲ ਅਤੇ ਬਬੀਤਾ ਜਿੰਦਲ ਨੇ ਵਿਦਿਆਰਥਣਾਂ ਨੂੰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
ਪ੍ਰਿੰਸੀਪਲ ਹਰਜਿੰਦਰ ਕੌਰ ਕਾਤਰੋਂ ਨੇ ਸਾਰੇ ਸੈਸ਼ਨ ਦੀ ਪ੍ਰਗਤੀ ਰਿਪੋਰਟ ਪੜ੍ਹੀ ਅਤੇ ਸਿਲਾਈ ਸੈਂਟਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਅੰਤ ਚ ਟੀ ਪਾਰਟੀ ਦਾ ਇੰਤਜ਼ਾਮ ਕੀਤਾ ਗਿਆ। ਇਸ ਦੌਰਾਨ ਰਾਕੇਸ ਜਿੰਦਲ, ਸ਼ਿਵਤਾਰ ਸਿੰਘ ਭੰਡਾਰੀ, ਆਸ਼ਾ ਭੰਡਾਰੀ, ਮਹਿੰਦਰ ਪਾਲ ਗਰਗ, ਕੇਵਲ ਕ੍ਰਿਸ਼ਨ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਿਲਾਈ ਸੈਂਟਰ ਹੁਣ ਸੂਚ ਪੱਤੀ ਹੰਡਿਆਇਆ ਵਿਖੇ ਖੋਲ੍ਹਿਆ ਗਿਆ ਹੈ।