ਵਿਦੇਸ਼ਾਂ ਵਿੱਚ ਗੈਰ ਕਾਨੂੰਨੀ ਢੰਗ ਨਾਲ ਰਹਿਣ ਵਾਲੇ ਭਾਰਤੀ ਨਾਗਰਿਕ ਮਾਸੂਮ ਜਾਂ ਏਜੰਟਾ ਵਾਂਗ ਧੋਖੇਬਾਜ …………

0

ਹੰਡਿਆਇਆ-16ਫਰਵਰੀ- ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਅਮਰੀਕਾ ਵਿੱਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਪ੍ਰਵਾਸੀਆਂ ਨੂੰ ਵਾਪਸ ਉਨਾਂ ਦੇ ਦੇਸ਼ਾਂ ਵਿੱਚ ਡਿਪੋਰਟ ਕੀਤੇ ਜਾਣ ਦੀ ਕਾਰਵਾਈ ਕੀਤੀ ਜਾ ਰਹੀ ਹੈ।ਇਸੇ ਤਹਿਤ ਅਮਰੀਕਾ ਵਿੱਚ ਅਜਿਹੇ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਭਾਰਤ ਦੇ ਨਾਗਰਿਕਾਂ ਨੂੰ ਅਮਰੀਕੀ ਫੌਜੀ ਜਹਾਜ਼ ਨੇ 5 ਫਰਵਰੀ 2025 ਨੂੰ 104 ਭਾਰਤੀਆਂ ਨੂੰ ਅੰਮ੍ਰਿਤਸਰ ਦੇ ਏਅਰਪੋਰਟ ਤੇ ਪਹੁੰਚਾਇਆ ਸੀ। ਅਮਰੀਕਾ ਦਾ ਦੂਜਾ ਜਹਾਜ 15 ਫਰਵਰੀ ਨੂੰ 119 ਭਾਰਤੀ ਨਾਗਰਿਕਾਂ ਨੂੰ ਲੈ ਕੇ ਅੰਮ੍ਰਿਤਸਰ ਹਵਾਈ ਅੱਡੇ ਪਹੁੰਚਿਆ ਅਤੇ ਤੀਜਾ ਜਹਾਜ 157 ਨਾਗਰਿਕਾਂ ਨੂੰ ਲੈ ਕੇ 16 ਫਰਵਰੀ 2025 ਨੂੰ ਅੰਮ੍ਰਿਤਸਰ ਹਵਾਈ ਅੱਡੇ ਤੇ ਪਹੁੰਚਣ ਦੀ ਉਮੀਦ ਹੈ।ਕਿਸੇ ਵੀ ਦੇਸ਼ ਵਿੱਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਪ੍ਰਵਾਸੀ ਉਸ ਦੇਸ਼ ਦੀ ਅਰਥ ਵਿਵਸਥਾ ਨੂੰ ਬਹੁਤ ਢਾਹ ਲਗਾਉਂਦੇ ਹਨ। ਇਸ ਲਈ ਹਰ ਦੇਸ਼ ਇਹ ਚਾਹੁੰਦਾ ਹੈ ਕਿ ਅਜਿਹੇ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਪ੍ਰਵਾਸੀਆਂ ਦੀ ਪਹਿਚਾਣ ਕਰਕੇ ਉਹਨਾਂ ਨੂੰ ਜਲਦ ਤੋਂ ਜਲਦ ਉਹਨਾਂ ਦੇ ਦੇਸ਼ ਵਿੱਚੋਂ ਬਾਹਰ ਕੱਢਿਆ ਜਾਵੇ।

ਪ੍ਰੰਤੂ ਭਾਰਤ ਵਿੱਚ ਰਾਜਨੀਤੀ ਇਸ ਨਿਮਨ ਸਤਰ ਤੇ ਪਹੁੰਚ ਚੁੱਕੀ ਹੈ ਜਿੱਥੇ ਰਾਜਨੇਤਾ ਆਪਣੇ ਫਾਇਦੇ ਲਈ ਲੋਕਾਂ ਦੁਆਰਾ ਕੀਤੇ ਗਏ ਗਲਤ ਕੰਮਾਂ ਨੂੰ ਵੀ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਕਿਸੇ ਦੇਸ਼ ਵੱਲੋਂ ਕਿਤੇ ਸਹੀ ਕੰਮ ਨੂੰ ਨਜਾਇਜ਼ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ।ਅਕਸਰ ਮੀਡੀਆ ਦੁਆਰਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਡੋਨਾਲਡ ਟਰੰਪ ਦੀ ਚੰਗੀ ਦੋਸਤੀ ਦੀ ਗੱਲ ਕੀਤੀ ਜਾਂਦੀ ਹੈ। ਭਾਰਤ ਦੇ ਕੁਝ ਰਾਜਨੇਤਾ ਲੋਕਾਂ ਨੂੰ ਇਸ ਗੱਲ ਲਈ ਭਰਮਾਂ ਰਹੇ ਹਨ ਕਿ ਇਸ ਦੋਸਤੀ ਕਾਰਨ ਡੋਨਾਲਡ ਟਰੰਪ ਅਮਰੀਕਾ ਵਿੱਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਆਪਣੇ ਦੇਸ਼ ਵਿੱਚ ਬਰਦਾਸ਼ਤ ਕਰੇ ਅਤੇ ਬਾਕੀ ਦੇਸ਼ਾਂ ਦੇ ਨਾਗਰਿਕਾਂ ਨੂੰ ਡਿਪੋਰਟ ਕਰਦਾ ਰਹੇ।

ਪੰਜਾਬ ਵਿੱਚ ਡਿਪੋਰਟ ਹੋਏ ਨਾਗਰਿਕਾਂ ਤੋਂ ਉਹਨਾਂ ਦੇ ਏਜੰਟਾਂ ਬਾਰੇ ਪੁੱਛ ਗਿੱਛ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਲੱਖਾਂ ਰੁਪਈਆ ਲੈ ਕੇ ਉਹਨਾਂ ਨੂੰ ਅਮਰੀਕਾ ਵਿੱਚ ਗੈਰ ਕਾਨੂੰਨੀ ਢੰਗ ਨਾਲ ਪਹੁੰਚਾਇਆ। ਜਿਸ ਕਾਰਨ ਕਈ ਏਜੈਂਟਾਂ ਤੇ ਪਰਚੇ ਵੀ ਦਰਜ ਕਰ ਲਏ ਗਏ ਹਨ। ਕੀ ਵਿਦੇਸ਼ਾਂ ਵਿੱਚ ਗੈਰ ਕਾਨੂੰਨੀ ਢੰਗ ਨਾਲ ਰਹਿਣ ਵਾਲੇ ਲੋਕ ਇਹ ਨਹੀਂ ਜਾਣਦੇ ਕਿ ਉਹ ਗਲਤ ਤਰੀਕੇ ਨਾਲ ਰਹਿ ਰਹੇ ਹਨ। ਉਥੋਂ ਦੇ ਕਾਨੂੰਨ ਮੁਤਾਬਕ ਇਨਲੀਗਲ ਹਨ। ਇੱਥੇ ਇਹ ਕਹਿਣਾ ਵੀ ਸਹੀ ਨਹੀਂ ਹੈ ਕਿ ਇਨਲੀਗਲ ਤਰੀਕੇ ਨਾਲ ਰਹਿਣ ਵਾਲੇ ਲੋਕ ਗਰੀਬ ਹਨ ਕਿਉਂਕਿ ਆਪਣੇ ਦੇਸ਼ ਦਾ ਲੱਖਾਂ ਰੁਪਈਆ ਲਗਾ ਕੇ ਉਹ ਵਿਦੇਸ਼ਾਂ ਵਿੱਚ ਜਾਂਦੇ ਹਨ। ਉੱਥੇ ਜਾ ਕੇ ਉਹ ਲੁਕ ਛਿਪ ਕੇ ਲੇਬਰ ਹੀ ਕਰਦੇ ਹਨ। ਫਿਰ ਵਿਆਹ ਸ਼ਾਦੀ ਜਾਂ ਕਿਸੇ ਹੋਰ ਤਰੀਕੇ ਨਾਲ ਆਪਣੇ ਆਪ ਨੂੰ ਲੀਗਲ ਨਾਗਰਿਕ ਬਣਾਉਣ ਦੀ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਹਨ। ਪਰ ਵੇਖਿਆ ਜਾਵੇ ਕਿ ਇੱਥੇ ਕੇਵਲ ਏਜੰਟ ਹੀ ਗੁਨਾਹਗਾਰ ਹਨ। ਕੀ ਅਜਿਹੇ ਲੋਕ ਵੀ ਬਰਾਬਰ ਦੇ ਗੁਨਾਹਗਾਰ ਨਹੀਂ ਹਨ, ਜੋ ਸਭ ਕੁਝ ਜਾਣਦੇ ਹੋਏ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਏ। ਕਿਉਂਕਿ ਏਜੰਟਾਂ ਨੇ ਲੱਖਾਂ ਰੁਪਈਆ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਕਰਨ ਦਾ ਹੀ ਲਿਆ ਸੀ। ਕੀ ਇੱਥੇ ਏਜੰਟਾਂ ਦੇ ਨਾਲ ਨਾਲ ਡਿਪੋਰਟ ਹੋਏ ਨਾਗਰਿਕਾਂ ਤੇ ਬਰਾਬਰ ਕਾਨੂੰਨੀ ਕਾਰਵਾਈ ਕਰਨੀ ਨਹੀਂ ਬਣਦੀ।ਇੱਥੇ ਵੀ ਨੇਤਾ ਆਪਣੇ ਵੋਟ ਬੈਂਕ ਨੂੰ ਬਣਾਉਣ ਦੇ ਚੱਕਰ ਵਿੱਚ ਗਲਤ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਏ ਨਾਗਰਿਕਾਂ ਨੂੰ ਮਾਸੂਮ ਜਾਂ ਧੋਖੇ ਦਾ ਸ਼ਿਕਾਰ ਕਹਿੰਦੇ ਹੋਏ ਏਜੰਟਾਂ ਤੇ ਹੀ ਪਰਚਾ ਦਰਜ ਕਰਵਾਉਣ ਨੂੰ ਤਰਜੀਹ ਦੇ ਰਹੇ ਹਨ।

About The Author

Leave a Reply

Your email address will not be published. Required fields are marked *