ਕਨੇਡਾ ਭੇਜੀ ਪਤਨੀ, ਪਹੁੰਚ ਕੇ ਪਤੀ ਨੂੰ ਆਪਣੇ ਕੋਲ ਬੁਲਾਉਣ ਤੋ ਮੁੱਕਰੀ…..ਪਤਨੀ ਖਿਲਾਫ ਧੋਖਾਧੜੀ ਦਾ ਕੇਸ ਦਰਜ
ਬਠਿੰਡਾ-15 ਫ਼ਰਵਰੀ-ਕਾਫੀ ਲੰਬੇ ਸਮੇਂ ਤੋਂ ਇਹ ਟਰੈਂਡ ਬਣਿਆ ਹੋਇਆ ਸੀ ਕਿ ਆਈਲੈਟਸ ਕੀਤੀਆਂ ਲੜਕੀਆਂ ਨੂੰ ਅਮੀਰ ਘਰਾਂ ਦੇ ਲੜਕਿਆਂ ਨਾਲ ਇਹ ਸੈਟਿੰਗ ਕਰਕੇ ਵਿਆਹ ਦਿੱਤਾ ਜਾਂਦਾ ਸੀ ਕਿ ਲੜਕੀਆਂ ਬਾਹਰਲੇ ਮੁਲਕ ਜਾ ਕੇ ਲੜਕੇ ਨੂੰ ਆਪਣੇ ਕੋਲ ਬੁਲਾ ਲਵੇਗੀ। ਪ੍ਰੰਤੂ ਪਿਛਲੇ ਕੁਝ ਸਮੇਂ ਤੋਂ ਲੜਕੀ ਵਾਲਿਆਂ ਵੱਲੋਂ ਅਜਿਹੇ ਵਿਆਹ ਦਾ ਡਰਾਮਾ ਕੇਵਲ ਆਪਣੀ ਲੜਕੀਆਂ ਨੂੰ ਬਾਹਰ ਭੇਜਣ ਲਈ ਕੀਤਾ ਜਾਣ ਲੱਗ ਪਿਆ ਤਾਂ ਜੋ ਲੜਕੇ ਵਾਲਿਆਂ ਦੇ ਪੈਸਿਆਂ ਦੇ ਸਿਰ ਤੇ ਲੜਕੀ ਨੂੰ ਬਾਹਰ ਭੇਜਿਆ ਜਾ ਸਕੇ ਅਤੇ ਬਾਅਦ ਵਿੱਚ ਲੜਕੀ ਮੁੰਡੇ ਨੂੰ ਬਾਹਰਲੇ ਦੇਸ਼ ਬੁਲਾਉਣ ਤੋਂ ਮੁੱਕਰ ਜਾਂਦੀ ਹੈ। ਪਿਛਲੇ ਕੁਝ ਸਮੇਂ ਤੋਂ ਅਜਿਹੇ ਕਈ ਕੇਸਾਂ ਦੀਆਂ ਪੁਲਿਸ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ। ਅਜਿਹਾ ਹੀ ਤਾਜ਼ਾ ਮਾਮਲਾ ਥਾਣਾ ਸਿਵਲ ਲਾਈਨ ਵਿੱਚ ਦਰਜ ਹੋਇਆ ਜਿੱਥੇ ਲੜਕੇ ਵਾਲਿਆਂ ਨੇ ਲੜਕੀ ਦੇ ਖਿਲਾਫ 26 ਲੱਖ ਦੀ ਠੱਗੀ ਮਾਰੇ ਜਾਣ ਦੇ ਦੋਸ਼ ਲਗਾਏ ਹਨ। ਆਕਾਸ਼ਦੀਪ ਸਿੰਘ ਵਾਸੀ ਚੱਕ ਖੇਵਾ ਜਿਲਾ ਫਾਜ਼ਿਲਕਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਸ ਦਾ ਵਿਆਹ ਗੁਣਿਆਣਾ ਮੰਡੀ ਦੀ ਮੁਸਕਾਨ ਨਾਲ ਸਾਰੇ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਹੋਇਆ ਸੀ।ਉਹਨਾਂ ਨੂੰ ਵਿਸ਼ਵਾਸ ਦਵਾਇਆ ਗਿਆ ਸੀ ਕਿ ਮੁਸਕਾਨ ਕਨੇਡਾ ਜਾ ਕੇ ਉਸ ਨੂੰ ਉੱਥੇ ਬੁਲਾ ਲਵੇਗੀ। ਜਿਸ ਕਾਰਨ ਉਹਨਾਂ ਨੇ ਮੁਸਕਾਨ ਨੂੰ ਬਾਹਰ ਭੇਜਣ ਲਈ 26 ਲੱਖ ਰੁਪਏ ਖਰਚ ਕੀਤੇ। ਮੁਸਕਾਨ ਆਪਣੇ ਵਾਅਦੇ ਤੋਂ ਮੁੱਕਰ ਗਈ ਅਤੇ ਪੈਸੇ ਵੀ ਹੜਪ ਕਰ ਲਏ ਗਏ। ਸਬ ਇੰਸਪੈਕਟਰ ਬੇਅੰਤ ਸਿੰਘ ਨੇ ਪੁਸ਼ਟੀ ਕੀਤੀ ਕਿ ਮੁਸਕਾਨ ਖਿਲਾਫ ਧੋਖਾਧੜੀ ਦੀ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ।