ਕੀਤੇ ਕੰਮ ਦੀ ਦਿਹਾੜੀ ਲੈਣ ਲਈ ਚਾਰ ਮਹੀਨਿਆਂ ਤੋਂ ਖਾ ਰਹੇ ਧੱਕੇ…..

ਜੇਕਰ ਇੱਕ ਹਫਤੇ ਵਿੱਚ ਪੇਮੈਂਟ ਨਾ ਦਿੱਤੀ ਤਾਂ ਲੱਗਣਗੇ ਧਰਨੇ: ਖੁਸ਼ੀਆ ਸਿੰਘ
ਬਰਨਾਲਾ-11ਫਰਵਰੀ-ਮੰਡੀਆਂ ਵਿੱਚ ਕੰਮ ਕਰਨ ਵਾਲੀ ਲੇਬਰ ਆਪਣੇ ਕੀਤੇ ਕੰਮ ਦੀ ਦਿਹਾੜੀ ਲਈ ਪਿਛਲੇ ਚਾਰ ਮਹੀਨਿਆਂ ਤੋਂ ਮੰਡੀ ਬੋਰਡ ਬਰਨਾਲਾ ਦੇ ਦਫਤਰਾਂ ਵਿੱਚ ਗੇੜੇ ਮਾਰ ਰਹੀ ਹੈ ਪ੍ਰੰਤੂ ਕਿਸੇ ਵੀ ਅਫਸਰ ਦੁਆਰਾ ਉਹਨਾਂ ਦੀ ਸਾਰ ਨਹੀਂ ਲਈ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਆਲ ਇੰਡੀਆ ਟਰੇਡ ਯੂਨੀਅਨ ਏਟਕ, ਬਰਨਾਲਾ ਦੇ ਜਿਲਾ ਸਕੱਤਰ ਖੁਸ਼ੀਆ ਸਿੰਘ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੀਰੀ ਸੀਜ਼ਨ ਦੇ ਮੌਕੇ ਉਪਲੀ ਮੰਡੀ ਦੀ ਸਫਾਈ ਲਈ ਆਸ ਪਾਸ ਦੇ ਪਿੰਡਾਂ ਵਿੱਚੋਂ ਲੇਬਰ ਲਿਆਂਦੀ ਗਈ ਸੀ ਪ੍ਰੰਤੂ ਕੰਮ ਹੋ ਜਾਣ ਉਪਰੰਤ ਚਾਰ ਮਹੀਨੇ ਬਾਅਦ ਵੀ ਲੇਬਰ ਨੂੰ ਉਹਨਾਂ ਦੀ ਬਣਦੀ ਦਿਹਾੜੀ ਨਹੀਂ ਦਿੱਤੀ ਗਈ।
ਜਦੋਂ ਕਿ ਦਫਤਰ ਵਾਲਿਆ ਨੇ ਠੇਕੇਦਾਰ ਪੰਕਜ ਨੂੰ ਉਸ ਦੀ ਪੇਮੈਂਟ ਦਾ ਚੈੱਕ ਕੱਟ ਕੇ ਦੇ ਵੀ ਦਿੱਤਾ। ਉਹਨਾਂ ਕਿਹਾ ਕਿ ਜਦੋਂ ਉਨਾਂ ਪੰਕਜ ਠੇਕੇਦਾਰ ਨਾਲ ਗੱਲ ਕਰੀ ਤਾਂ ਉਸਨੇ ਕਿਹਾ ਕਿ ਉਸਨੇ ਸਫਾਈ ਦਾ ਠੇਕਾ ਅੱਗੇ ਹੰਡਿਆਇਆ ਦੇ ਸਾਬਕਾ ਐਮਸੀ ਗੁਰਦੀਪ ਸਿੰਘ ਪਾਲੀ ਨੂੰ ਸੌਂਪ ਦਿੱਤਾ ਸੀ। ਸਕੱਤਰ ਖੁਸ਼ੀਆ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਤਿੰਨ ਸਾਲ ਹੋ ਗਏ ਪ੍ਰੰਤੂ ਅਜੇ ਵੀ ਆਮ ਆਦਮੀ ਦੀ ਸਰਕਾਰੀ ਦਫਤਰਾਂ ਵਿੱਚ ਕੋਈ ਪੁੱਛਗਿੱਛ ਨਹੀਂ ਹੁੰਦੀ। ਉਹਨਾਂ ਕਿਹਾ ਕਿ ਕਈ ਵਾਰ ਗੇੜੇ ਮਰਨ ਦੇ ਬਾਵਜੂਦ ਵੀ ਡੀਐਮ ਸਾਹਿਬ ਦਫਤਰ ਵਿੱਚ ਮੌਜੂਦ ਨਹੀਂ ਮਿਲੇ। ਉਹਨਾਂ ਕਿਹਾ ਕਿ ਜੇਕਰ ਡੀਐਮ ਸਾਹਿਬ ਨੇ ਇੱਕ ਹਫਤੇ ਵਿੱਚ ਲੇਬਰ ਦੀ ਬਣਦੀ ਪੇਮੈਂਟ ਨਾ ਕਰਵਾਈ ਤਾਂ ਉਹਨਾਂ ਦੀ ਯੂਨੀਅਨ ਵੱਲੋਂ ਦਫਤਰ ਵਿੱਚ ਧਰਨਾ ਲਗਾਇਆ ਜਾਵੇਗਾ। ਇਸ ਇਸ ਮੌਕੇ ਉਹਨਾਂ ਨਾਲ ਦਰਸ਼ਨ ਸਿੰਘ, ਜਗਤਾਰ ਸਿੰਘ, ਹੋਸਾ ਸਿੰਘ, ਭਗਵਾਨ ਸਿੰਘ, ਗੁਰਚਰਨ ਸਿੰਘ ਅਤੇ ਹੋਰ ਯੂਨੀਅਨ ਦੇ ਮੈਂਬਰ ਹਾਜ਼ਰ ਸਨ