ਪਸ਼ੂ ਪਾਲਣ ਵਿਭਾਗ ਵੱਲੋਂ ਗਊ ਭਲਾਈ ਅਤੇ ਜੀਵ ਜੰਤੂ ਕਲਿਆਣ ਦਿਵਸ ਮੌਕੇ ਕੈਂਪ ਲਗਾਇਆ ਗਿਆ

ਬਰਨਾਲਾ 24 ਜਨਵਰੀ- ਅੱਜ ਪਸ਼ੂ ਪਾਲਣ ਵਿਭਾਗ ਬਰਨਾਲਾ ਵੱਲੋਂ ਗਊ ਭਲਾਈ ਅਤੇ ਜੀਵ ਜੰਤੂ ਕਲਿਆਣ ਦਿਵਸ ਮੌਕੇ ਕੈਂਪ ਲਗਾਇਆ ਗਿਆ। ਇਹ ਕੈਂਪ ਮੁੱਖ ਕਾਰਜਕਾਰੀ ਅਫਸਰ ਲੱਖਾ ਸਿੰਘ ਦੇ ਹੁਕਮਾਂ ਅਨੁਸਾਰ ਲਗਾਇਆ ਗਿਆ। ਇਸ ਕੈਂਪ ਦੌਰਾਨ ਡਿਪਟੀ ਡਾਇਰੈਕਟਰ ਬਰਨਾਲਾ ਡਾਕਟਰ ਕਰਮਜੀਤ ਸਿੰਘ, , ਸਹਾਇਕ ਡਾਇਰੈਕਟਰ (ਏ. ਪੀ) ਰੁਪਿੰਦਰ ਸਿੰਘ ਅਤੇ ਸਹਾਇਕ ਡਾਇਰੈਕਟਰ (ਏ. ਡੀ.)ਰਕੇਸ਼ ਮਲਿਕ ਵੱਲੋਂ ਕਾਮਧੇਨੂੰ ਗਊਸ਼ਾਲਾ ਹੰਡਿਆਇਆ ਦੀ ਕਮੇਟੀ ਨੂੰ ਲੋੜ ਅਨੁਸਾਰ ਦਵਾਈਆਂ ਦੀ ਖਰੀਦ ਕਰਨ ਲਈ 25000 ਦੀ ਮਾਲੀ ਮਦਦ ਕੀਤੀ ਗਈ। ਇਸ ਮੌਕੇ ਦੌਰਾਨ ਦੱਸਿਆ ਗਿਆ ਕਿ ਜੀਵ-ਜੰਤੂ ਕਲਿਆਣ ਦਿਵਸ ਤਹਿਤ ਲੋਕਾਂ ਨੂੰ ਬਿਮਾਰ ਪਸ਼ੂਆਂ ਦੀ ਸਾਂਭ-ਸੰਭਾਲ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ। ਡਾਕਟਰ ਰਮਨਦੀਪ ਕੌਰ ਤੇ ਡਾਕਟਰ ਗਗਨਜੋਤ ਸਿੰਘ ਵੱਲੋਂ ਵੈਟਨਰੀ ਫਸਟ ਏਡ ਭਾਵ ਮੁਢਲੀ ਸਹਾਇਤਾ ਬਾਰੇ ਦੱਸਿਆ ਗਿਆ। ਗਊਸ਼ਾਲਾ ਅੰਦਰ ਪਸ਼ੂਆਂ ਦੀ ਖੁਰਾਕ ਤੇ ਸਾਂਭ-ਸੰਭਾਲ ਬਾਰੇ ਵਿਚਾਰ ਚਰਚਾ ਕੀਤੀ ਗਈ। ਅਵਾਰਾ ਪਸ਼ੂਆਂ ਨੂੰ ਕਿਸ ਤਰ੍ਹਾਂ ਸਾਂਭਿਆ ਜਾ ਸਕਦਾ ਹੈ ਇਸ ਬਾਰੇ ਵੀ ਨੁਕਤੇ ਸਾਂਝੇ ਕੀਤੇ ਗਏ। ਆਪਣੇ ਆਲੇ-ਦੁਆਲੇ ਵੱਧ ਤੋਂ ਵੱਧ ਦਰੱਖਤ ਲਗਾਉਣ ਤੇ ਉਹਨਾਂ ਦੀ ਸਾਂਭ-ਸੰਭਾਲ ਕਰਨ ਬਾਰੇ ਵੀ ਬੇਨਤੀ ਕੀਤੀ ਗਈ। ਡਾਕਟਰ ਸਾਹਿਬਾਨ ਵੱਲੋਂ ਆਏ ਹੋਏ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਵੱਧ ਤੋਂ ਵੱਧ ਦਰਖਤ ਲਗਾਉ ਜਿਸ ਨਾਲ ਜੀਵ-ਜੰਤੂ ਅਤੇ ਪੰਛੀ ਆਪਣੇ ਰਹਿਣ ਬਸੇਰੇ ਦਾ ਨਿੱਘ ਮਾਣ ਸਕਣ। ਦਰਖਤਾਂ ਨੂੰ ਪਸ਼ੂ-ਪੰਛੀ ਆਪਣਾ ਆਸਰਾ ਬਣਾ ਸਕਦੇ ਹਨ । ਜਿਸ ਤਰ੍ਹਾਂ ਚੰਗੇ ਲੋਕ ਚੰਗੇ ਸਮਾਜ ਦੀ ਸਿਰਜਣਾ ਕਰਦੇ ਹਨ ਉਸੇ ਤਰ੍ਹਾਂ ਨਰੋਏ ਜਾਨਵਰ ਵੀ ਨਰੋਏ ਸਮਾਜ ਦੇ ਯੋਗਦਾਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਕੈਂਪ ਦੌਰਾਨ ਕਾਮਧੇਨ ਨੂੰ ਗਊਸ਼ਾਲਾ ਦੇ ਪ੍ਰਧਾਨ ਦੇਵ ਦੱਤ ਸ਼ਰਮਾ, ਗਊਸ਼ਾਲਾ ਕਮੇਟੀ ਦੇ ਮੈਂਬਰਾਨ,ਡਾਕਟਰ ਰਮਨਦੀਪ ਕੌਰ, ਸੁਰਿੰਦਰ ਸਿੰਘ ਵੈਟਨਰੀ ਇੰਸਪੈਕਟਰ, ਸੁਖਦੀਪ ਸਿੰਘ ਐਲ.ਏ ਤੇ ਹੋਰ ਪਤਵੰਤੇ ਹਾਜ਼ਰ ਸਨ।