ਚੋਣ ਪ੍ਰਚਾਰ ਦੌਰਾਨ ਕੇਜਰੀਵਾਲ ਦੀ ਕਾਰ ਤੇ ਹਮਲਾ

ਦਿੱਲੀ-18ਜਨਵਰੀ-ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਨਵੀਂ ਦਿੱਲੀ ਵਿੱਚ ਵਿਧਾਨ ਸਭਾ ਚੋਣ ਪ੍ਰਚਾਰ ਦੌਰਾਨ ਉਹਨਾਂ ਦੀ ਗੱਡੀ ਤੇ ਪੱਥਰ ਸੁੱਟੇ ਗਏ। ਕੇਜਰੀਵਾਲ ਦੀ ਗੱਡੀ ਉੱਪਰ ਪੱਥਰ ਸੁੱਟੇ ਜਾਣ ਨਾਲ ਇਕਦਮ ਹੜਕੰਪ ਮੱਚ ਗਿਆ। “ਆਪ” ਵੱਲੋਂ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਅਰਵਿੰਦ ਕੇਜਰੀਵਾਲ ਉੱਪਰ ਪ੍ਰਵੇਸ਼ ਵਰਮਾ ਦੇ ਗੁੰਡਿਆਂ ਨੇ ਹਮਲਾ ਕੀਤਾ ਹੈ। ਇਹ ਹਮਲਾ ਚੋਣ ਪ੍ਰਚਾਰ ਮੌਕੇ ਕੀਤਾ ਗਿਆ ਹੈ। ਉੱਥੇ ਹੀ ਪ੍ਰਵੇਸ਼ ਵਰਮਾ ਦੇ ਵੱਲੋਂ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਕੇਜਰੀਵਾਲ ਦੇ ਪ੍ਰਚਾਰ ਮੌਕੇ, ਸਵਾਲ ਪੁੱਛ ਰਹੀ ਜਨਤਾ ਵਿੱਚ ਦੋ ਨੌਜਵਾਨਾਂ ਨੂੰ ਕੇਜਰੀਵਾਲ ਨੇ ਆਪਣੀ ਗੱਡੀ ਨਾਲ ਟੱਕਰ ਮਾਰ ਦਿੱਤੀ। ਜਿਨਾਂ ਨੂੰ ਲੇਡੀ ਹਾਰਡਿੰਗ ਹਸਪਤਾਲ ਵਿੱਚ ਲਿਜਾਇਆ ਗਿਆ ਹੈ। ਉਹਨਾਂ ਕਿਹਾ ਕਿ ਹਾਰ ਨੂੰ ਸਾਹਮਣੇ ਦੇਖ ਕੇ ਕੇਜਰੀਵਾਲ ਲੋਕਾਂ ਦੀ ਜਾਨ ਦੀ ਕੀਮਤ ਹੀ ਭੁੱਲ ਗਏ ਹਨ। ਪਰਵੇਸ਼ ਵਰਮਾ ਨੇ ਕਿਹਾ ਕਿ ਮੈਂ ਹਸਪਤਾਲ ਵਿੱਚ ਉਹਨਾਂ ਨੌਜਵਾਨਾਂ ਦਾ ਹਾਲ ਦੇਖਣ ਜਾ ਰਿਹਾ ਹਾਂ।