ਧੌਲਾ ਫੈਕਟਰੀ ਦੀ ਪਾਰਕਿੰਗ ਅੰਦਰ ਗੱਡੀ ਦੇ ਕੈਬਿਨ ਵਿੱਚ ਅੱਗ ਲੱਗਣ ਨਾਲ ਦੋ ਵਿਅਕਤੀਆਂ ਦੀ ਮੌਤ

ਹੰਡਿਆਇਆ-18 ਜਨਵਰੀ- ਪਾਰਕਿੰਗ ਅੰਦਰ ਖੜੀ ਗੱਡੀ ਦੇ ਕੈਬਿਨ ਵਿੱਚ ਅੱਗ ਲੱਗ ਜਾਣ ਨਾਲ ਦੋ ਵਿਅਕਤੀਆਂ ਦੇ ਸੜ ਕੇ ਮਰ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਟਰਾਈਡੈਂਟ ਫੈਕਟਰੀ ਧੌਲਾ ਦੀ ਪਾਰਕਿੰਗ ਵਿੱਚ ਤਮਿਲਨਾਡੂ ਤੋਂ ਆਈ ਇੱਕ ਗੱਡੀ ਟੀ ਐਨ 52 ਐਫ 9214 ਦੇ ਕੈਬਿਨ ਨੂੰ ਅਚਾਨਕ ਅੱਜ ਸਵੇਰੇ ਸਾਢੇ ਤਿੰਨ ਵਜੇ ਭਿਆਨਕ ਅੱਗ ਲੱਗ ਗਈ। ਜਿਸ ਵਿੱਚ ਡਰਾਈਵਰ ਅਤੇ ਕੰਡਕਟਰ ਦੀ ਸੜ ਕੇ ਮੌਕੇ ਤੇ ਹੀ ਮੌਤ ਹੋ ਗਈ। ਆਸ ਪਾਸ ਦੇ ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਡਰਾਈਵਰ ਅਤੇ ਕੰਡਕਟਰ ਦੋਨਾਂ ਨੇ ਸ਼ਰਾਬ ਪੀ ਰੱਖੀ ਸੀ ਅਤੇ ਉਹਨਾਂ ਕੋਲ ਛੋਟਾ ਗੈਸੀ ਚੁੱਲਾ ਵਗੈਰਾ ਸੀ।ਜਿਸ ਦੇ ਬਲਾਸਟ ਕਾਰਨ ਹੀ ਕੈਬਿਨ ਨੂੰ ਅੱਗ ਲੱਗ ਜਾਣ ਦਾ ਅੰਦੇਸ਼ਾ ਹੈ। ਟਰਾਈਡੈਂਟ ਕੰਪਨੀ ਦੇ ਸਿਕਿਉਰਟੀ ਗਾਰਡਾਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਹੰਡਿਆਇਆ ਪੁਲਿਸ ਚੌਂਕੀ ਦੇ ਏਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਗੱਡੀ ਦੇ ਮਾਲਕਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਕਿਉਂਕਿ ਮ੍ਰਿਤਕ ਡਰਾਈਵਰ ਅਤੇ ਕੰਡਕਟਰ ਦੀ ਅਜੇ ਤੱਕ ਪਹਿਚਾਣ ਨਹੀਂ ਹੋ ਸਕੀ।ਮਾਮਲਾ ਦਰਜ ਕਰਕੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
