ਪੈਸੇ ਲੈ ਕੇ ਸਿੱਖ ਪਰਿਵਾਰ ਬਣਿਆ ਇਸਾਈ…

ਬੇਅਦਬੀ ਕਰਦੇ ਹੋਏ ਸ੍ਰੀ ਗੁਟਕਾ ਸਾਹਿਬ ਅਤੇ ਹੋਰ ਧਾਰਮਿਕ ਗ੍ਰੰਥਾਂ ਨੂੰ ਸੁੱਟਿਆ ਕੂੜੇ ਦੇ ਢੇਰ ਵਿੱਚ
ਫਿਰੋਜ਼ਪੁਰ -7 ਦਸੰਬਰ- ਪੰਜਾਬ ਵਿੱਚ ਫਿਰੋਜ਼ਪੁਰ ਦੇ ਪਿੰਡ ਇਛੇਵਾਲਾ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਸਿੱਖ ਪਰਿਵਾਰ ਨੇ ਈਸਾਈ ਧਰਮ ਨੂੰ ਅਪਣਾ ਲਿਆ।ਇਸ ਤੋਂ ਬਾਅਦ ਸਿੱਖ ਪਰਿਵਾਰ ਨੇ ਬੇਅਦਬੀ ਕਰਦੇ ਹੋਏ ਸ੍ਰੀ ਗੁਟਕਾ ਸਾਹਿਬ ਅਤੇ ਹੋਰ ਧਾਰਮਿਕ ਗ੍ਰੰਥ ਅਤੇ ਫੋਟੋਆਂ ਨੂੰ ਇੱਕ ਬੋਰੀ ਵਿੱਚ ਭਰ ਕੇ ਪਿੰਡ ਦੇ ਕੂੜੇ ਦੇ ਢੇਰ ਵਿੱਚ ਸੁੱਟ ਦਿੱਤਾ।ਇਸ ਗੱਲ ਦਾ ਪਤਾ ਲੱਗਦੇ ਹੀ ਪੂਰੇ ਪਿੰਡ ਵਿੱਚ ਲੋਕਾਂ ਨੇ ਉਸ ਵਿਅਕਤੀ ਦੇ ਘਰ ਨੂੰ ਘੇਰ ਲਿਆ। ਜਦੋਂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੈਂਬਰਾਂ ਨੇ ਧਾਰਮਿਕ ਗ੍ਰੰਥਾਂ ਨੂੰ ਕੂੜੇ ਵਿੱਚ ਪਿਆ ਦੇਖਿਆ ਤਾਂ ਉਸ ਬੋਰੀ ਵਿੱਚ ਇੱਕ ਪਰਿਵਾਰ ਦੀ ਫੋਟੋ ਵੀ ਨਿਕਲੀ। ਜਦੋਂ ਉਸ ਪਰਿਵਾਰ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਮੰਨਿਆ ਕਿ ਉਹਨਾਂ ਨੇ ਸਿੱਖ ਧਰਮ ਛੱਡ ਧਰਮਾਂਤਰਨ ਕਰਕੇ ਇਸਾਈ ਬਣ ਗਏ ਹਨ।ਪਰਿਵਾਰ ਨੇ ਇਹ ਵੀ ਦੱਸਿਆ ਕਿ ਪਾਦਰੀ ਨੇ ਉਹਨਾਂ ਨੂੰ 2 ਲੱਖ ਰੁਪਏ ਦੀ ਸਹਾਇਤਾ ਵੀ ਦਿੱਤੀ।ਪਰਿਵਾਰ ਨੇ ਦੱਸਿਆ ਕਿ ਉਹਨਾਂ ਦੇ ਘਰ ਹਮੇਸ਼ਾ ਪੈਸੇ ਦੀ ਤੰਗੀ ਤੇ ਕਾਰਨ ਕਲੇਸ਼ ਬਣਿਆ ਰਹਿੰਦਾ ਹੈ। ਜਿਸ ਕਾਰਨ ਉਹਨਾਂ ਨੇ ਇਹ ਪੈਸੇ ਲੈ ਕੇ ਆਪਣਾ ਧਰਮ ਪਰਿਵਰਤਨ ਕਰ ਲਿਆ ਹੈ। ਉਹਨਾਂ ਦੱਸਿਆ ਕਿ ਪਾਦਰੀ ਦੇ ਕਹਿਣ ਤੇ ਹੀ ਉਹਨਾਂ ਨੇ ਸਾਰੇ ਧਾਰਮਿਕ ਗ੍ਰੰਥਾਂ ਅਤੇ ਫੋਟੋਆਂ ਨੂੰ ਘਰ ਤੋਂ ਬਾਹਰ ਕੱਢ ਕੇ ਕੂੜੇ ਦੇ ਢੇਰ ਵਿੱਚ ਸੁੱਟ ਦਿੱਤਾ ਹੈ। ਇਸ ਗੱਲ ਬਾਰੇ ਪਤਾ ਲੱਗਦੇ ਹੀ ਮਾਮਲਾ ਇਨਾ ਭਖ ਗਿਆ ਕਿ ਲੋਕਾਂ ਨੇ ਪਰਿਵਾਰ ਦੇ ਮੋਢੀ ਬੰਦੇ ਨਾਲ ਹੱਥੋਂ ਪਾਈ ਤੱਕ ਕੀਤੀ। ਮਾਮਲੇ ਨੂੰ ਵਾਧਦਾ ਦੇਖ ਕੇ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਹਾਲਾਤ ਨੂੰ ਦੇਖਦੇ ਹੋਏ ਪਰਿਵਾਰ ਦੇ ਮੁਖੀ ਨੂੰ ਤੁਰੰਤ ਆਪਣੇ ਨਾਲ ਲੈ ਗਈ। ਜਾਣਕਾਰੀ ਦਿੰਦੇ ਹੋਏ ਡੀਐਸਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਮੁਖੀ ਧਰਮਿੰਦਰ ਸਿੰਘ ਦੇ ਖਿਲਾਫ ਪੁਲਿਸ ਨੇ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।ਪ੍ਰੰਤੂ ਐਫਆਈਆਰ ਦੇ ਵਿੱਚ ਹਲੇ ਪਾਦਰੀ ਦਾ ਨਾਮ ਸ਼ਾਮਿਲ ਨਹੀਂ ਕੀਤਾ ਗਿਆ।
ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁਖੀ ਲਖਬੀਰ ਸਿੰਘ ਮਹਾਲਮ ਨੇ ਪੁਲਿਸ ਨੂੰ ਚੇਤਾਵਨੀ ਦਿੱਤੀ ਕਿ ਪੁਲਿਸ ਇਕੱਲੇ ਧਰਮਿੰਦਰ ਸਿੰਘ ਤੇ ਪਰਚਾ ਦੇ ਕੇ ਮਾਮਲਾ ਖਤਮ ਨਾ ਕਰੇ, ਪੂਰੇ ਪਰਿਵਾਰ ਤੇ ਐਫਆਈਆਰ ਦਰਜ ਹੋਵੇ ਕਿਉਂਕਿ ਸਾਰਿਆਂ ਨੇ ਧਰਮ ਪਰਿਵਰਤਨ ਕੀਤਾ ਹੈ ਅਤੇ ਨਾਲ ਹੀ ਉਸ ਪਾਦਰੀ ਦਾ ਨਾਮ ਵੀ ਐਫਆਈਆਰ ਵਿੱਚ ਦਰਜ ਹੋਣਾ ਚਾਹੀਦਾ ਹੈ। ਜਿਸ ਨੇ ਸਾਰੇ ਪਰਿਵਾਰ ਦਾ ਧਰਮਾਂਤਰਨ ਕੀਤਾ ਅਤੇ ਪਰਿਵਾਰ ਨੂੰ ਸ੍ਰੀ ਗੁਟਕਾ ਸਾਹਿਬ ਅਤੇ ਹੋਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਲਈ ਉਕਸਾਇਆ ਹੈ।