ਬਰਨਾਲਾ ’ਚ ਗੁੰਡਾਗਰਦੀ: ਮਾਰੂ ਹਥਿਆਰਾਂ ਨਾਲ 5 ਨੌਜਵਾਨਾਂ ’ਤੇ ਜਾਨਲੇਵਾ ਹਮਲਾ, ਇਕ ਦਰਜਨ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ

ਬਰਨਾਲਾ, 19 ਜੂਨ (ਰਾਕੇਸ਼ ਜੇਠੀ): ਪਿੰਡ ਅਮਲਾ ਸਿੰਘ ਵਾਲਾ ਵਿਖੇ ਮਾਮੂਲੀ ਤਕਰਾਰ ਨੂੰ ਲੈ ਕੇ 5 ਨੌਜਵਾਨਾਂ ਉੱਪਰ ਇਕ ਦਰਜਨ ਤੋਂ ਵੱਧ ਨੌਜਵਾਨਾਂ ਨੇ ਕਿਰਪਾਨਾ, ਰਾੜਾਂ ਤੇ ਹੋਰ ਮਾਰੂ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ। ਜਿਨਾਂ ’ਚੋਂ ਇਕ ਦੀ ਹਾਲਤ ਗੰਭੀਰ ਦੇਖਦਿਆਂ ਡਾਕਟਰਾਂ ਦੀ ਟੀਮ ਨੇ ਮੁਢਲੀ ਸਹਾਇਤਾ ਦੇਣ ਉਪਰੰਤ ਬਠਿੰਡਾ ਹਸਪਤਾਲ ਵਿਖੇ ਰੈਫਰ ਕਰ ਦਿੱਤਾ। ਸਿਵਲ ਹਸਪਤਾਲ ਬਰਨਾਲਾ ਵਿਖੇ ਜਾਣਕਾਰੀ ਦਿੰਦਿਆਂ ਜੇਰੇ ਇਲਾਜ ਰਾਜਵੀਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਅਮਲਾ ਸਿੰਘ ਵਾਲਾ ਨੇ ਦੱਸਿਆ ਕਿ ਇਕ ਨੌਜਵਾਨ ਦਾ ਫੋਨ ’ਤੇ ਗੱਲਾਂ ਕਰਦੇ ਸਮੇਂ ਕਿਸੇ ਦੂਸਰੇ ਨੌਜਵਾਨ ਨਾਲ ਤਕਰਾਰ ਹੋ ਗਿਆ। ਜਿਸ ਤੋਂ ਬਾਅਦ ਉਹ ਤੇ ਹਰਪ੍ਰੀਤ ਸਿੰਘ, ਹਰਦੀਪ ਸਿੰਘ ਪੁੱਤਰਾਨ ਅਵਤਾਰ ਸਿੰਘ, ਹਰਪ੍ਰੀਤ ਸਿੰਘ, ਸੁਖਵੰਤ ਸਿੰਘ ਵਾਸੀ ਸਾਰੇ ਅਮਲਾ ਸਿੰਘ ਵਾਲਾ ਦਾਣਾ ਮੰਡੀ ਵਿਖੇ ਮਸਲਾ ਸੁਲਝਾਉਣ ਗਏ ਸੀ। ਜਿਥੇ ਉਕਤ ਨੌਜਵਾਨ ਨੇ ਬਾਹਰੋਂ ਹੋਰ ਮੁੰਡੇ ਦਰਜਨ ਦੇ ਕਰੀਬ ਬੁਲਾ ਲਏ। ਜਿਨਾਂ ਪਾਸ ਲੋਹੇ ਦੀਆਂ ਰਾੜਾਂ ਉੱਪਰ ਮੋਟਰਸਾਈਕਲ ਦੀਆਂ ਗਰਾਰੀਆਂ, ਕ੍ਰਿਪਾਨਾਂ ਤੇ ਹੋਰ ਮਾਰੂ ਹਥਿਆਰਾਂ ਨਾਲ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਜਦ ਅਸੀਂ ਬਚਾਓ ਲਈ ਉੱਚੀ-ਉੱਚੀ ਰੌਲਾ ਪਾਇਆ ਤਾਂ ਉਕਤ ਹਮਲਾਵਰ ਮੌਕੇ ਤੋਂ ਆਪਣੇ ਹਥਿਆਰਾਂ ਸਣੇ ਭੱਜ ਗਏ। ਜਿਸ ਤੋਂ ਬਾਅਦ ਸਾਨੂੰ ਸਾਡੇ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਬਰਨਾਲਾ ਵਿਖੇ ਇਲਾਜ ਲਈ ਦਾਖਲ ਕਰਵਾਇਆ। ਜਿਥੇ ਡਾਕਟਰਾਂ ਦੀ ਟੀਮ ਨੇ ਹਰਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਮੁਢਲੀ ਸਹਾਇਤਾ ਦੇ ਕੇ ਬਠਿੰਡਾ ਏਮਜ਼ ਹਸਪਤਾਲ ਰੈਫਰ ਕਰ ਦਿੱਤਾ। ਜਿਸ ਦੇ ਸਿਰ ਉੱਪਰ ਕਾਫੀ ਗੰਭੀਰ ਸੱਟ ਲੱਗੀ। ਜਿਸ ਦਾ ਇਲਾਜ ਚੱਲ ਰਿਹਾ ਹੈ। ਇਸ ਤੋਂ ਇਲਾਵਾ ਹਰਦੀਪ ਸਿੰਘ, ਹਰਪ੍ਰੀਤ ਸਿੰਘ, ਸੁਖਵੰਤ ਸਿੰਘ ਦੇ ਵੀ ਕਾਫੀ ਸੱਟਾਂ ਹਨ। ਜਿਨਾਂ ਦਾ ਇਲਾਜ ਸਿਵਲ ਹਸਪਤਾਲ ਬਰਨਾਲਾ ਵਿਖੇ ਚੱਲ ਰਿਹਾ ਹੈ। ਜਦੋਂ ਇਸ ਸਬੰਧੀ ਥਾਣਾ ਠੁੱਲੀਵਾਲ ਦੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜਖਮੀਆਂ ਦੇ ਬਿਆਨਾਂ ’ਤੇ ਹਮਲਾਵਰਾਂ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਜਿਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।
