ਪਤੀ ਤੇ ਮਾਸੂਮ ਬੱਚੇ ਨੂੰ ਛੱਡ ਆਸ਼ਿਕ ਨਾਲ ਫਰਾਰ ਹੋਈ ਔਰਤ ਕਾਬੂ

ਪੁਲਿਸ ਨੇ ਪ੍ਰੇਮੀ ਸਮੇਤ ਕੀਤਾ ਗ੍ਰਿਫ਼ਤਾਰ, 31.400 ਗ੍ਰਾਮ ਸੋਨਾ ਵੀ ਬਰਾਮਦ
ਹੰਡਿਆਇਆ, 5 ਜੂਨ(ਰਾਕੇਸ਼ ਜੇਠੀ)-ਪਤੀ ਅਤੇ ਆਪਣੇ ਛੋਟੇ ਬੱਚੇ ਨੂੰ ਛੱਡ ਕੇ ਪ੍ਰੇਮੀ ਨਾਲ ਫਰਾਰ ਹੋਈ ਇੱਕ ਔਰਤ ਨੂੰ ਉਸ ਦੇ ਆਸ਼ਿਕ ਸਮੇਤ ਪੁਲਿਸ ਨੇ ਕਾਬੂ ਕਰ ਲਿਆ ਹੈ। ਮਾਮਲੇ ਵਿੱਚ ਪੁਲਿਸ ਨੇ ਚੋਰੀ ਕੀਤੇ ਗਏ ਸੋਨੇ ਦੇ ਗਹਿਣੇ ਵੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਪੁਲਿਸ ਚੌਂਕੀ ਹੰਡਿਆਇਆ ਦੇ ਇੰਚਾਰਜ ਤਰਸੇਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਠੇ ਚੁੰਘਾ ਹੰਡਿਆਇਆ ਦੇ ਵਸਨੀਕ ਦਲਜੀਤ ਸਿੰਘ ਪੁੱਤਰ ਹੀਰਾ ਸਿੰਘ ਵਾਸੀ ਕੋਠੇ ਚੁੰਘਾ, ਹੰਡਿਆਇਆ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਸ ਦੀ ਪਤਨੀ ਕਿਰਨਜੀਤ ਕੌਰ 6 ਅਤੇ 7 ਮਈ ਦੀ ਦਰਮਿਆਨੀ ਰਾਤ ਆਪਣੇ ਪ੍ਰੇਮੀ ਗੁਰਪਿਆਰ ਸਿੰਘ ਉਰਫ ਮੋਟੂ ਵਾਸੀ ਮੌੜ ਮੰਡੀ, ਜ਼ਿਲ੍ਹਾ ਬਠਿੰਡਾ ਨਾਲ ਘਰੋਂ ਫਰਾਰ ਹੋ ਗਈ ਸੀ।
ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਔਰਤ ਘਰ ਵਿੱਚ ਪਿਆ ਸੋਨਾ ਅਤੇ ਲਗਭਗ 20 ਹਜ਼ਾਰ ਰੁਪਏ ਦੀ ਨਕਦੀ ਵੀ ਆਪਣੇ ਨਾਲ ਲੈ ਗਈ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਨੇ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ।
ਪੁਲਿਸ ਕਾਰਵਾਈ ਦੌਰਾਨ ਦੋਵੇਂ ਮੁਲਜ਼ਮਾਂ ਨੂੰ 3 ਜੂਨ 2026 ਨੂੰ ਮਲੋਟ ਦਿਹਾਤੀ ਇਲਾਕੇ ਤੋਂ ਕਾਬੂ ਕਰ ਲਿਆ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਪੁਲਿਸ ਰਿਮਾਂਡ ਦੌਰਾਨ ਦੋਸ਼ੀਆਂ ਕੋਲੋਂ ਚੋਰੀ ਕੀਤੇ ਗਹਿਣੇ ਇੱਕ ਚੈਨ ਸੋਨਾ ਵਜਨੀ 10 ਗ੍ਰਾਮ, ਇੱਕ ਜੋੜੀ ਕਾਂਟੇ ਸੋਨਾ ਜਿਸ ਵਿੱਚ ਹਰੇ ਅਤੇ ਲਾਲ ਨਗ ਹਨ ਵਜਨੀ 14 ਗ੍ਰਾਮ, ਇਕ ਜੋੜਾ ਕਾਂਟੇ (ਟੋਪਸ) ਸੋਨਾ ਵਜਨੀ ਦੋ ਪੁਆਇੰਟ 2.700ਗਰਾਮ, ਇੱਕ ਸਾਂਪ ਸੋਨਾ ਜਿਸ ਪਰ ਪਰ DS SIDHU ਲਿਖਿਆ ਹੈ ਵਜਨੀ 3.700 ਗ੍ਰਾਮ. ਇੱਕ ਛਾਪ ਸੋਨਾ ਵਜਨੀ ਇੱਕ ਗਰਾਮ( ਗਹਿਣਿਆਂ ਦਾ ਕੁੱਲ ਵਜਨ 31.400 ਗ੍ਰਾਮ) ਬਰਾਮਦ ਕੀਤੇ ਗਏ ਹਨ।
ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹੋਰ ਤੱਥ ਸਾਹਮਣੇ ਆਉਣ ਦੀ ਸੰਭਾਵਨਾ ਹੈ। ਬਰਾਮਦ ਕੀਤੇ ਗਏ ਗਹਿਣਿਆਂ ਅਤੇ ਨਕਦੀ ਸਬੰਧੀ ਵੀ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
