ਤਪਾ ਮੰਡੀ ਨੇੜੇ ਭਿਆਨਕ ਸੜਕ ਹਾਦਸਾ: ਟਰੱਕ ਦੀ ਲਪੇਟ ’ਚ ਆਉਣ ਕਾਰਨ ਰਾਹਗੀਰ ਦੀ ਮੌਤ, ਚਾਲਕ ਗੰਭੀਰ ਜ਼ਖ਼ਮੀ

ਤਪਾ ਮੰਡੀ, 3 ਜੂਨ (ਰਾਕੇਸ਼ ਜੇਠੀ): ਬਰਨਾਲਾ-ਬਠਿੰਡਾ ਮੁੱਖ ਮਾਰਗ ’ਤੇ ਧਾਗਾ ਮਿੱਲ ਨਜ਼ਦੀਕ ਵਾਪਰੇ ਇਕ ਦਰਦਨਾਕ ਸੜਕ ਹਾਦਸੇ ’ਚ ਇਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਟਰੱਕ ਚਾਲਕ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰੂੰ ਦੀਆਂ ਗੱਠਾਂ ਦਾ ਭਰਿਆ ਇਕ ਟਰੱਕ ਜੋ ਰਾਮਪੁਰਾ ਤੋਂ ਬਰਨਾਲਾ ਸਾਈਡ ਵੱਲ ਜਾ ਰਿਹਾ ਸੀ। ਜਦੋ ਉਹ ਧਾਗਾ ਮਿਲ ਨਜ਼ਦੀਕ ਪੁੱਜਾ ਤਾਂ ਅਚਾਨਕ ਟਰੱਕ ਚਾਲਕ ਨੂੰ ਨੀਂਦ ਦੀ ਝਪਕੀ ਆ ਗਈ ਤੇ ਉਸਨੇ ਸੜਕ ਕਿਨਾਰੇ ਸੈਰ ਕਰ ਰਹੇ ਰਾਮ ਸਿੰਘ ਵਾਸੀ ਜੇਠੂਕੇ ਨੂੰ ਆਪਣੀ ਲਪੇਟ ’ਚ ਲੈ ਲਿਆ। ਇਸ ਤੋਂ ਬਾਅਦ ਟਰੱਕ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੇ ਇਕ ਦਰੱਖਤ ਨਾਲ ਜਾ ਟਕਰਾਇਆ। ਟੱਕਰ ਇੰਨੀ ਭਿਆਨਕ ਸੀ ਕਿ ਇਸਦੀ ਆਵਾਜ਼ ਦੂਰ-ਦੂਰ ਤਕ ਸੁਣਾਈ ਦਿੱਤੀ। ਹਾਦਸੇ ਦੀ ਆਵਾਜ਼ ਸੁਣਦੇ ਹੀ ਵੱਡੀ ਗਿਣਤੀ ’ਚ ਲੋਕ ਮੌਕੇ ’ਤੇ ਇਕੱਠੇ ਹੋ ਗਏ ਤੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਲੋਕਾਂ ਨੇ ਬੜੀ ਮੁਸ਼ਕਲ ਨਾਲ ਹਾਦਸਾਗ੍ਰਸਤ ਵਾਹਨ ’ਚ ਫਸੇ ਰਾਮ ਸਿੰਘ ਜੇਠੂਕੇ ਨੂੰ ਬਾਹਰ ਕੱਢਿਆ। ਪਰ ਤਦ ਤਕ ਉਸ ਦੀ ਮੌਤ ਹੋ ਚੁੱਕੀ ਸੀ। ਹਾਦਸੇ ’ਚ ਟਰੱਕ ਚਾਲਕ ਵੀ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਭੇਜਿਆ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਮਿੰਨੀ ਸਹਾਰਾ ਕਲੱਬ ਤਪਾ ਤੇ ਸਹਾਰਾ ਕਲੱਬ ਰਾਮਪੁਰਾ ਦੀਆਂ ਟੀਮਾਂ ਵੀ ਮੌਕੇ ’ਤੇ ਪਹੁੰਚ ਗਈਆਂ। ਵਾਲੰਟੀਅਰਾਂ ਨੇ ਪੁਲਿਸ ਤੇ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਰਾਹਤ ਕਾਰਜਾਂ ’ਚ ਹਿੱਸਾ ਲਿਆ। ਮ੍ਰਿਤਕ ਦੇਹ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਾਮਪੁਰਾ ਦੇ ਮੋਰਚਰੀ ਰੂਮ ’ਚ ਭੇਜ ਦਿੱਤਾ ਗਿਆ। ਪੁਲਿਸ ਪਾਰਟੀ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਪ੍ਰਭਾਵਿਤ ਹੋਈ ਆਵਾਜਾਈ ਨੂੰ ਵੀ ਬਹਾਲ ਕਰਵਾ ਦਿੱਤਾ ਗਿਆ। ਇਸ ਹਾਦਸੇ ’ਚ ਟਰੱਕ ਬੁਰੀ ਤਰ੍ਹਾਂ ਨੁਕਸਾਨਿਆਂ ਗਿਆ।
