ਨਾਬਾਲਗ ਵਿਦਿਆਰਥਣ ਬੱਸ ਡਰਾਈਵਰ ਨਾਲ ਲਾਪਤਾ, ਇਲਾਕੇ ਵਿੱਚ ਚਰਚਾ ਦਾ ਵਿਸ਼ਾ

ਬਰਨਾਲਾ,26 ਮਈ (ਰਾਕੇਸ਼ ਜੇਠੀ)- ਹੰਡਿਆਇਆ ਦੇ ਇੱਕ ਪ੍ਰਾਈਵੇਟ ਸਕੂਲ ਨਾਲ ਸੰਬੰਧਿਤ 14 ਸਾਲਾਂ ਦੇ ਕਰੀਬ ਦੀ ਨਾਬਾਲਗ ਵਿਦਿਆਰਥਣ ਦੇ ਸਕੂਲ ਦੇ ਹੀ ਬੱਸ ਡਰਾਈਵਰ ਨਾਲ ਭੱਜ ਜਾਣ ਦੀ ਘਟਨਾ ਨੇ ਸਾਰੇ ਇਲਾਕੇ ਵਿੱਚ ਚਿੰਤਾ ਅਤੇ ਚਰਚਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਲੜਕੀ ਦੇ ਪਿਤਾ, ਜੋ ਕਿ ਪਿੰਡ ਚੀਮਾ ਦੇ ਵਸਨੀਕ ਹਨ, ਨੇ ਪੁਲਿਸ ਚੌਂਕੀ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਨ੍ਹਾਂ ਦੀ ਨਾਬਾਲਗ ਬੇਟੀ, ਜੋ ਮੈਟਰਿਕ ਦੀ ਵਿਦਿਆਰਥਣ ਹੈ, ਨੂੰ ਸਕੂਲ ਦੇ ਬੱਸ ਡਰਾਈਵਰ ਨੇ ਆਪਣੇ ਝਾਂਸੇ ਵਿੱਚ ਫਸਾ ਕੇ ਭੱਜਾ ਲਿਆ ਹੈ। ਪਰਿਵਾਰਕ ਮੈਂਬਰਾਂ ਵੱਲੋਂ ਲੜਕੀ ਦੀ ਭਾਲ ਲਈ ਕਾਫੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਅਜੇ ਤੱਕ ਕੋਈ ਸੁਰਾਗ ਨਹੀਂ ਮਿਲ ਸਕਿਆ।
ਦੁੱਖੀ ਮਾਪਿਆਂ ਨੇ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀ ਬੇਟੀ ਇਹ ਖਬਰ ਪੜ੍ਹਦੀ ਜਾਂ ਸੁਣਦੀ ਹੈ ਤਾਂ ਉਹ ਤੁਰੰਤ ਘਰ ਵਾਪਸ ਆ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਉਸ ਨੂੰ ਬਿਨਾਂ ਕਿਸੇ ਡਰ ਦੇ ਸਵੀਕਾਰ ਕਰਨਗੇ।
ਇਸ ਸਬੰਧੀ ਪੁਲਿਸ ਚੌਂਕੀ ਇੰਚਾਰਜ ਬਲਜਿੰਦਰ ਸਿੰਘ ਨਾਲ ਸੰਪਰਕ ਕਰਨ ‘ਤੇ ਉਨ੍ਹਾਂ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਵੱਲੋਂ ਲੜਕੀ ਦੀ ਭਾਲ ਲਈ ਤੀਵਰ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਜਲਦ ਹੀ ਨਾਬਾਲਗ ਨੂੰ ਬਰਾਮਦ ਕਰਕੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਜਾਵੇਗਾ।
ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਸਕੂਲਾਂ ਦੀ ਸੁਰੱਖਿਆ ਅਤੇ ਬੱਚਿਆਂ ਦੀ ਨਿਗਰਾਨੀ ਨੂੰ ਲੈ ਕੇ ਵੀ ਚਿੰਤਾ ਵੱਧ ਗਈ ਹੈ।
