ਸੋਹਲ ਪੱਤੀ ਵਿੱਚ ਚੋਰੀ ਦੀ ਵਾਰਦਾਤ, ਮਾਲੀ ਦੀ ਝੋਪੜੀ ਵਿੱਚੋਂ ਨਕਦੀ ਅਤੇ ਮੋਬਾਇਲ ਚੋਰੀ

ਪੀੜਤ ਮੋਹਰ ਸਿੰਘ
ਖੁੱਡੀ ਕਲਾਂ,27ਮਈ(ਰਾਕੇਸ਼ ਜੇਠੀ)-ਪਿੰਡ ਖੁੱਡੀ ਕਲਾਂ ਦੀ ਸੋਹਲ ਪੱਤੀ ਵਿਖੇ ਬੀਤੀ ਰਾਤ ਚੋਰੀ ਦੀ ਇੱਕ ਘਟਨਾ ਸਾਹਮਣੇ ਆਈ ਹੈ, ਜਿਸ ਕਾਰਨ ਇਲਾਕੇ ਦੇ ਲੋਕਾਂ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਬਣ ਗਿਆ ਹੈ। ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਚੋਰ ਇੱਕ ਮਾਲੀ ਦੀ ਝੋਪੜੀ ਨੂੰ ਨਿਸ਼ਾਨਾ ਬਣਾ ਕੇ ਮੋਬਾਇਲ ਫੋਨ ਅਤੇ ਨਕਦੀ ਚੋਰੀ ਕਰਕੇ ਫਰਾਰ ਹੋ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਮੋਹਰ ਸਿੰਘ ਪੁੱਤਰ ਹਰਵੀਰ ਸਿੰਘ ਨੇ ਦੱਸਿਆ ਕਿ ਉਹ ਇੱਕ ਜ਼ਿਮੀਦਾਰ ਦੀ ਜ਼ਮੀਨ ‘ਤੇ ਮਾਲੀ ਵਜੋਂ ਕੰਮ ਕਰਦਾ ਹੈ ਅਤੇ ਸਬਜ਼ੀਆਂ ਬੀਜ ਕੇ ਆਪਣਾ ਗੁਜ਼ਾਰਾ ਕਰਦਾ ਹੈ। ਉਸਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਆਪਣੀ ਝੋਪੜੀ ਵਿੱਚ ਗਹਿਰੀ ਨੀਂਦ ਵਿੱਚ ਸੁੱਤਾ ਹੋਇਆ ਸੀ ਤਾਂ ਕਰੀਬ ਡੇਢ ਵਜੇ ਮੋਟਰਸਾਈਕਲ ‘ਤੇ ਆਏ ਦੋ ਚੋਰਾਂ ਨੇ ਝੋਪੜੀ ਵਿੱਚ ਦਾਖਲ ਹੋ ਕੇ ਉਸਦਾ ਮੋਬਾਇਲ ਫੋਨ ਅਤੇ ਕਰੀਬ 15 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ।
ਪੀੜਤ ਦੇ ਅਨੁਸਾਰ ਚੋਰਾਂ ਦੀ ਆਉਣ ਅਤੇ ਵਾਪਸ ਜਾਣ ਦੀ ਹਰਕਤ ਖੇਤਾਂ ਦੇ ਨੇੜੇ ਸਥਿਤ ਵਿਕਾਸ ਐਗਰੋਟੈਕ ਕੰਪਨੀ ਦੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।
ਇਸ ਮਾਮਲੇ ਸਬੰਧੀ ਪੁਲਿਸ ਚੌਂਕੀ ਹੰਡਿਆਇਆ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।
ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਰਾਤ ਸਮੇਂ ਪੁਲਿਸ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ ਤਾਂ ਜੋ ਅਜਿਹੀਆਂ ਵਾਰਦਾਤਾਂ ਨੂੰ ਰੋਕਿਆ ਜਾ ਸਕੇ।
