ਆਊਟਲੈਟ ਹੰਡਿਆਇਆ ਵਿਖੇ ਹੰਗਾਮਾ: ਸਾਬਕਾ ਫੌਜੀ ਵੱਲੋਂ ਸਿਕਿਉਰਟੀ ਗਾਰਡਾਂ ਨਾਲ ਕੁੱਟਮਾਰ, ਹਵਾਈ ਫਾਇਰ ਕਰਨ ਦਾ ਦੋਸ਼

PrimekhabarPunjab OUTLET

ਹੰਡਿਆਇਆ, 11 ਮਈ(ਰਾਕੇਸ਼ ਜੇਠੀ) — ਬੀਤੀ ਰਾਤ ਆਊਟਲੈਟ ਹੰਡਿਆਇਆ ਵਿਖੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਸਾਬਕਾ ਫੌਜੀ ਵੱਲੋਂ ਸਿਕਿਉਰਟੀ ਗਾਰਡਾਂ ਨਾਲ ਕੁੱਟਮਾਰ ਕਰਨ ਅਤੇ ਹਵਾਈ ਫਾਇਰ ਕਰਨ ਦੀ ਘਟਨਾ ਸਾਹਮਣੇ ਆਈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਅਫੜਾ-ਤਫੜੀ ਮਚ ਗਈ ਅਤੇ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਗੁਰਮੇਲ ਸਿੰਘ ਨੇ ਦੱਸਿਆ ਕਿ ਸਿਕਿਉਰਟੀ ਗਾਰਡ ਜਗਜੀਤ ਸਿੰਘ ਜੱਗੀ ਪੁੱਤਰ ਤੇਜਾ ਸਿੰਘ ਵਾਸੀ ਬੀਕਾ ਸੁੱਚਪੱਤੀ ਹੰਡਿਆਇਆ ਦੇ ਬਿਆਨਾਂ ਅਨੁਸਾਰ ਹਰਪ੍ਰੀਤ ਸਿੰਘ ਨਾਮਕ ਸਾਬਕਾ ਫੌਜੀ ਆਪਣੀ ਗੱਡੀ ਨੰਬਰ UP 15BC 0376 ਰਾਹੀਂ ਸਵਾਗਤ ਰੈਸਟੋਰੈਂਟ ਨੇੜੇ ਪਹੁੰਚਿਆ, ਜਿੱਥੇ ਉਹ ਇੱਕ ਹੋਰ ਗੱਡੀ ਵਿੱਚ ਸਵਾਰ 5-6 ਨਾਮਾਲੂਮ ਵਿਅਕਤੀਆਂ ਨਾਲ ਬਹਿਸਬਾਜ਼ੀ ਕਰਨ ਲੱਗ ਪਿਆ।
ਮਾਮਲੇ ਨੂੰ ਸ਼ਾਂਤ ਕਰਵਾਉਣ ਦੀ ਨੀਅਤ ਨਾਲ ਸਿਕਿਉਰਟੀ ਗਾਰਡ ਜਗਜੀਤ ਸਿੰਘ ਅਤੇ ਸਿਕਿਉਰਟੀ ਸੁਪਰਵਾਈਜ਼ਰ ਸਰਬਜੀਤ ਸਿੰਘ ਪੁੱਤਰ ਬਾਬਾ ਸਿੰਘ ਵਾਸੀ ਧੌਲਾ ਮੌਕੇ ’ਤੇ ਪਹੁੰਚੇ, ਪਰ ਦੋਸ਼ ਹੈ ਕਿ ਉਕਤ ਵਿਅਕਤੀਆਂ ਨੇ ਉਲਟਾ ਉਨ੍ਹਾਂ ਨਾਲ ਹੀ ਧੱਕਾਮੁੱਕੀ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਦੋਵੇਂ ਸਿਕਿਉਰਟੀ ਕਰਮਚਾਰੀਆਂ ਵੱਲੋਂ ਮਦਦ ਲਈ ਰੌਲਾ ਪਾਇਆ ਗਿਆ ਤਾਂ ਆਸ-ਪਾਸ ਦੇ ਲੋਕ ਮੌਕੇ ’ਤੇ ਇਕੱਠੇ ਹੋ ਗਏ ਅਤੇ ਉਨ੍ਹਾਂ ਨੂੰ ਛੁਡਵਾਇਆ।
ਪੁਲਿਸ ਮੁਤਾਬਕ ਇਸ ਦੌਰਾਨ ਹਰਪ੍ਰੀਤ ਸਿੰਘ ਨੇ ਆਪਣਾ ਰਿਵਾਲਵਰ ਕੱਢ ਕੇ ਹਵਾਈ ਫਾਇਰ ਵੀ ਕਰ ਦਿੱਤਾ, ਜਿਸ ਕਾਰਨ ਮੌਕੇ ’ਤੇ ਦਹਿਸ਼ਤ ਫੈਲ ਗਈ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਹਰਪ੍ਰੀਤ ਸਿੰਘ ਨੂੰ ਰਿਵਾਲਵਰ ਸਮੇਤ ਕਾਬੂ ਕਰ ਲਿਆ।
ਪੁਲਿਸ ਵੱਲੋਂ ਜਗਜੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਹਰਪ੍ਰੀਤ ਸਿੰਘ ਪੁੱਤਰ ਰਿਪੁਣ ਸਿੰਘ ਵਾਸੀ ਜੇਠੂਕੇ ਅਤੇ 5-6 ਨਾਮਾਲੂਮ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਹੋਰ ਦੋਸ਼ੀਆਂ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਜਾਰੀ ਹੈ।

About The Author