ਟ੍ਰਾਈਡੈਂਟ ਪਲਾਂਟ ’ਚ ਡਿੱਗੇ ਡਰੋਨ ਨੇ ਉਡਾਈ ਨੀਂਦ,ਕਰਮਚਾਰੀਆਂ ਦੀ ਚੌਕਸੀ ਕਾਰਨ ਟਲਿਆ ਵੱਡਾ ਹਾਦਸਾ….

IMG-20260428-WA0009.jpg

ਬਰਨਾਲਾ, 28 ਅਪ੍ਰੈਲ (ਰਾਕੇਸ਼ ਜੇਠੀ): ਜੇਕਰ ਸਵੇਰੇ ਟ੍ਰਾਈਡੈਂਟ ਗਰੁੱਪ ਦੇ ਧੌਲਾ ਪਲਾਂਟ ਦੇ ਕਰਮਚਾਰੀ ਥੋੜ੍ਹੀ ਜਿਹੀ ਵੀ ਲਾਪਰਵਾਹੀ ਵਰਤਦੇ ਤਾਂ ਸ਼ਾਇਦ ਇਹ ਮਾਮਲਾ ਇੰਨੀ ਜਲਦੀ ਸਾਹਮਣੇ ਨਾ ਆਉਂਦਾ। ਮੰਗਲਵਾਰ ਤੜਕੇ ਸਾਢੇ ਪੰਜ ਵਜੇ ਜਦੋਂ ਪੂਰਾ ਸ਼ਹਿਰ ਗੂੜ੍ਹੀ ਨੀਂਦ ’ਚ ਸੀ। ਉਦੋਂ ਪੇਪਰ ਡਿਵੀਜ਼ਨ ਦੇ ਵੁੱਡ ਫਾਈਬਰ ਲਾਈਨ ਖੇਤਰ ’ਚ ਕੰਮ ਕਰ ਰਹੇ ਕਰਮਚਾਰੀਆਂ ਦੀ ਤਿੱਖੀ ਨਜ਼ਰ ਨੇ ਇਕ ਵੱਡੇ ਖ਼ਤਰੇ ਨੂੰ ਸਮੇਂ ਸਿਰ ਪਛਾਣ ਲਿਆ। ਅਸਮਾਨ ਤੋਂ ਡਿੱਗਦੀ ਇਕ ਅਣਪਛਾਤੀ ਵਸਤੂ ਨੂੰ ਦੇਖਦੇ ਹੀ ਉਨ੍ਹਾਂ ਨੇ ਜੋ ਚੌਕਸੀ ਦਿਖਾਈ, ਉਸੇ ਸਦਕਾ ਅੱਜ ਇਹ ਮਾਮਲਾ ਜਾਂਚ ਏਜੰਸੀਆਂ ਤਕ ਪਹੁੰਚ ਸਕਿਆ। ਇਹ ਘਟਨਾ ਇਕ ਵਾਰ ਫਿਰ ਸਾਬਤ ਕਰਦੀ ਹੈ ਕਿ ਕਿਸੇ ਵੀ ਸੁਰੱਖਿਆ ਪ੍ਰਬੰਧ ਦੀ ਸਭ ਤੋਂ ਮਜ਼ਬੂਤ ਕੜੀ ਆਮ ਇਨਸਾਨ ਦੀ ਚੌਕਸੀ ਹੁੰਦੀ ਹੈ। ਸਵੇਰ ਦਾ ਵੇਲਾ ਸੀ, ਰੌਸ਼ਨੀ ਘੱਟ ਸੀ ਤੇ ਕਰਮਚਾਰੀ ਆਪਣੇ ਕੰਮ ’ਚ ਰੁੱਝੇ ਹੋਏ ਸਨ। ਉਦੋਂ ਹੀ ਅਚਾਨਕ ਅਸਮਾਨ ਤੋਂ ਕੁਝ ਡਿੱਗਦਾ ਦਿਖਾਈ ਦਿੱਤਾ। ਕੋਈ ਹੋਰ ਹੁੰਦਾ ਤਾਂ ਸ਼ਾਇਦ ਲੋਕ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਜਾਂ ਬਾਅਦ ’ਚ ਦੇਖਣ ਬਾਰੇ ਸੋਚਦੇ। ਪਰ ਇਨ੍ਹਾਂ ਕਰਮਚਾਰੀਆਂ ਨੇ ਨਾ ਤਾਂ ਘਬਰਾਹਟ ’ਚ ਕਦਮ ਚੁੱਕੇ ਤੇ ਨਾ ਹੀ ਮਾਮਲੇ ਨੂੰ ਹਲਕੇ ’ਚ ਲਿਆ। ਪਹਿਲਾਂ ਸੁਰੱਖਿਅਤ ਦੂਰੀ ਤੋਂ ਉਸ ਵਸਤੂ ਦਾ ਜਾਇਜ਼ਾ ਲਿਆ। ਫਿਰ ਨੇੜੇ ਜਾ ਕੇ ਦੇਖਿਆ ਕਿ ਇਹ ਇਕ ਡਰੋਨ ਵਰਗੀ ਵਸਤੂ ਹੈ ਤੇ ਤੁਰੰਤ ਸ਼ਿਫਟ ਇੰਚਾਰਜ ਨੂੰ ਸੂਚਿਤ ਕੀਤਾ। ਇਹੀ ਚੌਕਸੀ ਅੱਜ ਇਸ ਪੂਰੇ ਮਾਮਲੇ ਦੀ ਨੀਂਹ ਬਣੀ। ਸ਼ਿਫਟ ਇੰਚਾਰਜ ਤੋਂ ਸੂਚਨਾ ਮਿਲਦੇ ਹੀ ਐਡਮਿਨ ਹੈੱਡ ਰੁਪਿੰਦਰ ਗੁਪਤਾ ਮੌਕੇ `ਤੇ ਪਹੁੰਚੇ। ਉਨ੍ਹਾਂ ਨੇ ਸਥਿਤੀ ਦੀ ਗੰਭੀਰਤਾ ਨੂੰ ਸਮਝਦੇ ਹੋਏ ਤੁਰੰਤ ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ਼ ਆਲਮ ਨੂੰ ਸੂਚਿਤ ਕੀਤਾ। ਦੇਖਦੇ ਹੀ ਦੇਖਦੇ ਪੂਰਾ ਪੁਲਿਸ ਤੰਤਰ ਹਰਕਤ ’ਚ ਆ ਗਿਆ। ਡੀਐੱਸਪੀ ਤਪਾ ਜਸਕਰਨ ਸਿੰਘ, ਥਾਣਾ ਰੂੜੇਕੇ ਦੇ ਮੁਖ ਅਫ਼ਸਰ ਬਲਵਿੰਦਰ ਸਿੰਘ ਤੇ ਸਾਈਬਰ ਕ੍ਰਾਈਮ ਦੀ ਵਿਸ਼ੇਸ਼ ਟੀਮ ਮੌਕੇ `ਤੇ ਪਹੁੰਚ ਗਈ। ਸਾਈਬਰ ਸੈੱਲ ਮਾਹਿਰ ਨਵਜੋਤ ਚਾਹਲ ਤੇ ਜਸਵੰਤ ਸਿੰਘ ਨੇ ਡਰੋਨ ਦੀ ਡੂੰਘਾਈ ਨਾਲ ਤਕਨੀਕੀ ਜਾਂਚ ਸ਼ੁਰੂ ਕੀਤੀ। ਕਰਮਚਾਰੀਆਂ ਦੀ ਇਕ ਛੋਟੀ ਜਿਹੀ ਚੌਕਸੀ ਨੇ ਪੂਰੇ ਪ੍ਰਸ਼ਾਸਨਿਕ ਤੇ ਪੁਲਿਸ ਤੰਤਰ ਨੂੰ ਜਗਾ ਦਿੱਤਾ।
—ਸੁਰੱਖਿਆ ਪ੍ਰਬੰਧਾਂ ਲਈ ਸਬਕ
ਇਹ ਘਟਨਾ ਉਦਯੋਗਿਕ ਸੁਰੱਖਿਆ ਦੇ ਲਿਹਾਜ਼ ਨਾਲ ਇਕ ਵੱਡਾ ਸਬਕ ਵੀ ਹੈ। ਜੇਕਰ ਕਰਮਚਾਰੀ ਚੌਕਸ ਨਾ ਹੁੰਦੇ ਤਾਂ ਸ਼ਾਇਦ ਇਹ ਡਰੋਨ ਕਿਸੇ ਦੇ ਧਿਆਨ ’ਚ ਵੀ ਨਾ ਆਉਂਦਾ ਤੇ ਜੋ ਵੀ ਇਸ ਦੇ ਪਿੱਛੇ ਸੀ। ਉਹ ਆਪਣੇ ਮਕਸਦ ’ਚ ਕਾਮਯਾਬ ਹੋ ਜਾਂਦਾ। ਮਾਹਿਰਾਂ ਦਾ ਮੰਨਣਾ ਹੈ ਕਿ ਵੱਡੇ ਉਦਯੋਗਿਕ ਅਦਾਰਿਆਂ ’ਚ ਕਰਮਚਾਰੀਆਂ ਨੂੰ ਅਜਿਹੀਆਂ ਸ਼ੱਕੀ ਗਤੀਵਿਧੀਆਂ ਪ੍ਰਤੀ ਨਿਯਮਤ ਤੌਰ `ਤੇ ਜਾਗਰੂਕ ਤੇ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ। ਫੋਰੈਂਸਿਕ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਕਿ ਇਹ ਡਰੋਨ ਕਿਸ ਨੇ ਉਡਾਇਆ ਤੇ ਇਸ ਦੇ ਪਿੱਛੇ ਅਸਲੀ ਮਨਸ਼ਾ ਕੀ ਸੀ।

About The Author