ਬਰਨਾਲਾ ’ਚ ਰਾਜਿੰਦਰ ਗੁਪਤਾ ਦਾ ਪੁਤਲਾ ਸਾੜਨ ਤੇ ਗਦਾਰ ਕਹਿਣ ਵਾਲੇ ‘ਆਪ’ ਆਗੂ ਸ਼ਹਿਰ ਵਾਸੀਆਂ ਦੇ ਨਿਸ਼ਾਨੇ ’ਤੇ

ਕੱਲ੍ਹ ਪੜ੍ਹਦੇ ਸੀ ਕਸੀਦੇ, ਅੱਜ ਚੁੱਕੇ `ਸ਼ਬਦਾਂ ਦੇ ਪੱਥਰ`: ਆਗੂਆਂ ਦੇ ਦੋਹਰੇ ਕਿਰਦਾਰ `ਤੇ ਉੱਠੇ ਸਵਾਲ
ਬਰਨਾਲਾ, 28 ਅਪ੍ਰੈਲ (ਰਾਕੇਸ਼ ਜੇਠੀ): ਰਾਜ ਸਭਾ ਮੈਂਬਰ ਪਦਮਸ਼੍ਰੀ ਰਾਜਿੰਦਰ ਗੁਪਤਾ ਵਲੋਂ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਨ ਤੋਂ ਬਾਅਦ ਬਰਨਾਲਾ ਦੀ ਸਿਆਸਤ ’ਚ ਨਵਾਂ ਮੋੜ ਆ ਗਿਆ ਹੈ। ਜਿਥੇ ‘ਆਪ’ ਦੇ ਕੁਝ ਸਥਾਨਕ ਆਗੂਆਂ ਨੇ ਗੁਪਤਾ ਵਿਰੁੱਧ ਪੁਤਲਾ ਫੂਕ ਪ੍ਰਦਰਸ਼ਨ ਕਰਕੇ ਆਪਣੀ ਭੜਾਸ ਕੱਢੀ। ਉੱਥੇ ਹੀ ਹੁਣ ਇਹ ਵਿਰੋਧ ਖ਼ੁਦ ‘ਆਪ’ ਆਗੂਆਂ ਲਈ ਗਲੇ ਦੀ ਹੱਡੀ ਬਣਦਾ ਨਜ਼ਰ ਆ ਰਿਹਾ ਹੈ। ਸ਼ਹਿਰ ਦੀਆਂ ਪ੍ਰਮੁਖ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਹੁਣ ਰਾਜਿੰਦਰ ਗੁਪਤਾ ਦੇ ਹੱਕ ’ਚ ਆ ਰਹੀਆਂ ਹਨ। ਸ਼ਹਿਰ ਦੇ ਗਲਿਆਰਿਆਂ ’ਚ ਇਹ ਚਰਚਾ ਬੇਹੱਦ ਗਰਮ ਹੈ ਕਿ ਰਾਜਿੰਦਰ ਗੁਪਤਾ ਦਾ ਵਿਰੋਧ ਕਰਨ ਵਾਲੇ ਇਹ ਉਹੀ ‘ਆਪ’ ਆਗੂ ਹਨ। ਜਿਨ੍ਹਾਂ ਨੇ ਕੁਝ ਸਮਾਂ ਪਹਿਲਾਂ ਗੁਪਤਾ ਦੇ ਰਾਜ ਸਭਾ ਮੈਂਬਰ ਬਣਨ `ਤੇ ਤਾਜ਼ੇ ਗੁਲਾਬ ਦੇ ਫੁੱਲ ਭੇਂਟ ਕਰਕੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਸੀ। ਲੋਕ ਸਵਾਲ ਕਰ ਰਹੇ ਹਨ ਕਿ ਜੇਕਰ ਦੂਜੀਆਂ ਪਾਰਟੀਆਂ ਛੱਡ ਕੇ ‘ਆਪ’ ’ਚ ਆਉਣ ਵਾਲੇ ਆਗੂ ਪਵਿੱਤਰ ਤੇ ਦੁੱਧ ਧੋਤੇ ਹੋ ਜਾਂਦੇ ਹਨ ਤਾਂ ਪਾਰਟੀ ਛੱਡ ਕੇ ਜਾਣ ਵਾਲੀ ਸਤਿਕਾਰਤ ਸ਼ਖ਼ਸੀਅਤ ਗੱਦਾਰ ਕਿਵੇਂ ਹੋ ਗਈ? ਇਸ ਦੋਹਰੇ ਮਾਪਦੰਡ ਕਾਰਨ ਆਮ ਲੋਕਾਂ ’ਚ ਆਗੂਆਂ ਪ੍ਰਤੀ ਭਾਰੀ ਰੋਸ ਹੈ। ਇਸ ਪੂਰੇ ਘਟਨਾਕ੍ਰਮ ’ਚ ਸਭ ਤੋਂ ਵੱਡਾ ਪਹਿਲੂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਦੀ ਗ਼ੈਰ-ਹਾਜ਼ਰੀ ਰਿਹਾ। ਹੈਰਾਨੀ ਦੀ ਗੱਲ ਹੈ ਕਿ ਇਸ ਪ੍ਰਦਰਸ਼ਨ ਦੌਰਾਨ ਮੀਤ ਹੇਅਰ ਦੇ ਖ਼ਾਸਮ-ਖ਼ਾਸ ਸਮਝੇ ਜਾਣ ਵਾਲੇ ਆਗੂ ਸੱਜੀਆਂ-ਖੱਬੀਆਂ ਬਾਹਵਾਂ ਨਜ਼ਰ ਨਹੀਂ ਆਏ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਮੀਤ ਹੇਅਰ ਨੇ ਇਸ ਮੁਹਿੰਮ ਤੋਂ ਪਾਸੇ ਰਹਿ ਕੇ ਇਕ ਸੁਲਝੇ ਹੋਏ ਤੇ ਕੂਟਨੀਤਕ ਸਿਆਸਤਦਾਨ ਹੋਣ ਦਾ ਸਬੂਤ ਦਿੱਤਾ ਹੈ। ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਜੇਕਰ ਸਿਖਰਲੀ ਲੀਡਰਸ਼ਿਪ ਸਹਿਮਤ ਨਹੀਂ ਸੀ ਤਾਂ ਫਿਰ ਇਹ ਪ੍ਰੋਗਰਾਮ ਕਿਸ ਦੇ ਇਸ਼ਾਰੇ `ਤੇ ਉਲੀਕਿਆ ਗਿਆ ਸੀ? ਬਰਨਾਲਾ ਦੀਆਂ ਜਿਹੜੀਆਂ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਇਨ੍ਹਾਂ ‘ਆਪ’ ਆਗੂਆਂ ਨੂੰ ਆਪਣੇ ਮੰਚਾਂ `ਤੇ ਬੁਲਾ ਕੇ ਸਨਮਾਨਿਤ ਕਰਦੀਆਂ ਰਹੀਆਂ ਹਨ। ਹੁਣ ਉਹੀ ਸੰਸਥਾਵਾਂ ਇਨ੍ਹਾਂ ਦੀ ਸਖ਼ਤ ਨਿੰਦਾ ਕਰ ਰਹੀਆਂ ਹਨ। ਸੋਸ਼ਲ ਮੀਡੀਆ `ਤੇ ਰਾਜਨੀਤਿਕ ਪਾਰਟੀਆਂ ਦੇ ਵੱਖ-ਵੱਖ ਆਗੂਆਂ ਤੇ ਸਮਾਜ ਸੇਵੀਆਂ ਵਲੋਂ ਪੋਸਟਾਂ ਪਾ ਕੇ ਪਦਮਸ਼੍ਰੀ ਰਾਜਿੰਦਰ ਗੁਪਤਾ ਨੂੰ `ਗੱਦਾਰ` ਕਹਿਣ ਦੀ ਕਾਰਵਾਈ ਨੂੰ ਮੰਦਭਾਗਾ ਦੱਸਿਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਹਾਲਾਤਾਂ ’ਚ ਇਹ ਆਗੂ ਹੁਣ ਸ਼ਹਿਰ ’ਚ ਕਿਸ ਹੈਸੀਅਤ ਨਾਲ ਵਿਚਰਨਗੇ? ਇਨ੍ਹਾਂ ਕਾਰਨਾਂ ਕਰਕੇ ਜੋ ਲੋਕ ਪਹਿਲਾਂ ਰਾਜਿੰਦਰ ਗੁਪਤਾ ਦੇ ਸਿਆਸੀ ਫ਼ੈਸਲੇ ਨਾਲ ਸਹਿਮਤ ਨਹੀਂ ਵੀ ਸਨ। ਉਹ ਵੀ ਹੁਣ ਉਨ੍ਹਾਂ ਦੇ ਸਨਮਾਨ ਦੀ ਖ਼ਾਤਰ ਡਟ ਕੇ ਖੜ੍ਹ ਗਏ ਹਨ। ਪੁਲਿਸ ਤੇ ਜਾਂਚ ਏਜੰਸੀਆਂ ਵੀ ਸ਼ਹਿਰ ਦੇ ਬਦਲੇ ਹੋਏ ਮਿਜ਼ਾਜ `ਤੇ ਪੂਰੀ ਨਜ਼ਰ ਰੱਖ ਰਹੀਆਂ ਹਨ।
—ਸੋਸ਼ਲ ਮੀਡੀਆ `ਤੇ ਚੱਲੀ ਗੁਪਤਾ ਲਹਿਰ: ਵਿਰੋਧੀਆਂ ਦੀ ਸਕੀਮ ਪਈ ਉਲਟੀ
ਸੋਸ਼ਲ ਮੀਡੀਆ `ਤੇ ਮਾਰੀ ਝਾਤ ਤੋਂ ਇਹ ਸਾਫ਼ ਦਿਖਾਈ ਦੇ ਰਿਹਾ ਹੈ ਕਿ ਰਾਜਿੰਦਰ ਗੁਪਤਾ ਦੇ ਹੱਕ ’ਚ ਹਮਦਰਦੀ ਦੀ ਇਕ ਵੱਡੀ ਲਹਿਰ ਬਣ ਗਈ ਹੈ। ਇਸਦੇ ਦੋ ਪ੍ਰਮੁਖ ਕਾਰਨ ਮੰਨੇ ਜਾ ਰਹੇ ਹਨ। ਪਾਰਟੀ ਬਦਲਣ ਵਾਲਿਆਂ ਨੂੰ `ਗੱਦਾਰ` ਕਹਿਣਾ ਤੇ ਪੁਤਲੇ ਸਾੜਨਾ ਲੋਕਾਂ ਨੂੰ ਹਜ਼ਮ ਨਹੀਂ ਹੋਇਆ। ਜਿਸ ਕਾਰਨ ਜਨਤਕ ਰੋਸ ਵਧ ਗਿਆ ਹੈ। ਲੋਕਾਂ ਦਾ ਤਰਕ ਹੈ ਕਿ ਰਾਜਿੰਦਰ ਗੁਪਤਾ ਨੂੰ ਲੋਕਾਂ ਨੇ ਨਹੀਂ। ਸਗੋਂ ਖ਼ੁਦ ਆਮ ਆਦਮੀ ਪਾਰਟੀ ਨੇ ਰਾਜ ਸਭਾ ਲਈ ਚੁਣਿਆ ਸੀ। ਅੱਜ ਆਪਣੀ ਹੀ ਪਸੰਦ ਨੂੰ `ਗੱਦਾਰ` ਕਹਿਣਾ ਆਗੂਆਂ ਦੀ ਸੋਚ `ਤੇ ਸਵਾਲ ਖੜ੍ਹੇ ਕਰਦਾ ਹੈ।
