ਸ਼ਹਿਣਾ ਗੈਸ ਏਜੰਸੀ ‘ਚ ਖਪਤਕਾਰਾਂ ਦੀ ਲੁੱਟ? ਨਿਯਮਾਂ ਨੂੰ ਤਾਕ ‘ਤੇ ਰੱਖ ਵਾਧੂ ਵਸੂਲੀ ਦੇ ਦੋਸ਼

PrimekhabarPunjab Sehna

ਸ਼ਹਿਣਾ, 29 ਅਪ੍ਰੈਲ(ਰਾਕੇਸ਼ ਜੇਠੀ)-ਪਿੰਡ ਸ਼ਹਿਣਾ ਵਿਖੇ ਸਥਿਤ ਇੱਕ ਗੈਸ ਏਜੰਸੀ ਖਿਲਾਫ਼ ਖਪਤਕਾਰਾਂ ਵੱਲੋਂ ਗੰਭੀਰ ਦੋਸ਼ ਸਾਹਮਣੇ ਆਏ ਹਨ ਕਿ ਇੱਥੇ ਸਰਕਾਰ ਅਤੇ ਕੰਪਨੀ ਦੇ ਨਿਯਮਾਂ ਦੀ ਪਾਲਣਾ ਨਾ ਕਰਦਿਆਂ ਲੋਕਾਂ ਤੋਂ ਮਨਮਾਨੀ ਵਸੂਲੀ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ, ਜਿੱਥੇ ਘਰੇਲੂ ਗੈਸ ਸਿਲੰਡਰ ਦੀ ਨਿਰਧਾਰਿਤ ਕੀਮਤ ਕਰੀਬ 908 ਰੁਪਏ ਹੈ, ਉੱਥੇ ਖਪਤਕਾਰਾਂ ਤੋਂ 945 ਰੁਪਏ ਤੱਕ ਲਏ ਜਾਣ ਦੇ ਦੋਸ਼ ਲੱਗ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇੰਨੀ ਰਕਮ ਵਸੂਲ ਕਰਨ ਦੇ ਬਾਵਜੂਦ ਕਈ ਮਾਮਲਿਆਂ ‘ਚ ਖਪਤਕਾਰਾਂ ਨੂੰ ਅਧਿਕਾਰਤ ਕੈਸ਼ ਮੀਮੋ (ਰਸੀਦ) ਵੀ ਨਹੀਂ ਦਿੱਤੀ ਜਾ ਰਹੀ।
ਖਪਤਕਾਰਾਂ ਦਾ ਕਹਿਣਾ ਹੈ ਕਿ ਏਜੰਸੀ ਵੱਲੋਂ ਹੋਮ ਡਿਲੀਵਰੀ ਦੀ ਸਹੂਲਤ ਲਗਭਗ ਬੰਦ ਕਰ ਦਿੱਤੀ ਗਈ ਹੈ। ਲੋਕਾਂ ਨੂੰ ਪਹਿਲਾਂ ਦਫ਼ਤਰ ਤੋਂ ਪਰਚੀ ਕਟਵਾਉਣ ਲਈ ਕਿਹਾ ਜਾਂਦਾ ਹੈ ਅਤੇ ਫਿਰ ਗੋਦਾਮ ਤੋਂ ਸਿਲੰਡਰ ਲੈਣ ਲਈ ਭੇਜਿਆ ਜਾਂਦਾ ਹੈ, ਜਿੱਥੇ ਸਿਰਫ਼ ਇੱਕ ਨੰਬਰ ਲਿਖ ਕੇ ਸਿਲੰਡਰ ਦੇ ਦਿੱਤਾ ਜਾਂਦਾ ਹੈ।
ਨਿਯਮਾਂ ਮੁਤਾਬਕ, ਜੇ ਖਪਤਕਾਰ ਖੁਦ ਗੋਦਾਮ ਤੋਂ ਸਿਲੰਡਰ ਲੈ ਕੇ ਆਉਂਦਾ ਹੈ ਤਾਂ ਉਸਨੂੰ ਲਗਭਗ 34 ਰੁਪਏ ਦੀ ਛੂਟ ਮਿਲਣੀ ਚਾਹੀਦੀ ਹੈ। ਪਰ ਇੱਥੇ ਛੂਟ ਦੇਣ ਦੀ ਥਾਂ ਉਲਟ ਵਾਧੂ ਰਕਮ ਵਸੂਲ ਕੀਤੀ ਜਾ ਰਹੀ ਹੈ, ਜਿਸ ਕਾਰਨ ਲੋਕਾਂ ਵਿੱਚ ਨਾਰਾਜ਼ਗੀ ਪਾਈ ਜਾ ਰਹੀ ਹੈ।
ਪਿੰਡ ਦੇ ਸਰਪੰਚ ਨਾਜ਼ਮ ਸਿੰਘ ਨੇ ਕਿਹਾ ਕਿ ਖਪਤਕਾਰਾਂ ਨੂੰ ਨਿਯਮਾਂ ਅਨੁਸਾਰ ਹੋਮ ਡਿਲੀਵਰੀ ਦੀ ਸਹੂਲਤ ਮਿਲਣੀ ਚਾਹੀਦੀ ਹੈ ਅਤੇ ਜੇ ਗੋਦਾਮ ਤੋਂ ਸਿਲੰਡਰ ਲਿਆ ਜਾਵੇ ਤਾਂ ਬਣਦੀ ਛੂਟ ਵੀ ਦਿੱਤੀ ਜਾਵੇ।
ਦੂਜੇ ਪਾਸੇ, ਜਦੋਂ ਇਸ ਮਾਮਲੇ ‘ਚ ਇੰਡੇਨ ਗੈਸ ਦੇ ਫੀਲਡ ਮੈਨੇਜਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪਹਿਲਾਂ ਉਨ੍ਹਾਂ ਨੇ ਨਵਾਂ ਅਹੁਦਾ ਸੰਭਾਲਣ ਦੀ ਗੱਲ ਕਹੀ, ਪਰ ਬਾਅਦ ਵਿੱਚ ਫੋਨ ਦਾ ਜਵਾਬ ਨਹੀਂ ਦਿੱਤਾ ਗਿਆ, ਜਿਸ ਨਾਲ ਸਵਾਲ ਖੜੇ ਹੋ ਰਹੇ ਹਨ।
ਇਸ ਸਬੰਧੀ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਰੂਪਪ੍ਰੀਤ ਸੰਧੂ ਨੇ ਕਿਹਾ ਕਿ ਮਾਮਲਾ ਗੰਭੀਰ ਹੈ ਅਤੇ ਨਿਯਮਾਂ ਅਨੁਸਾਰ ਗੋਦਾਮ ਤੋਂ ਸਿਲੰਡਰ ਲੈਣ ‘ਤੇ ਛੂਟ ਦੇਣੀ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਤੁਰੰਤ ਜਾਂਚ ਲਈ ਅਧਿਕਾਰੀ ਤਾਇਨਾਤ ਕੀਤਾ ਜਾ ਰਿਹਾ ਹੈ ਅਤੇ ਦੋਸ਼ ਸਾਬਤ ਹੋਣ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਖਪਤਕਾਰਾਂ ਦੀ ਮੰਗ ਹੈ ਕਿ ਜਲਦੀ ਜਾਂਚ ਕਰਕੇ ਸੱਚਾਈ ਸਾਹਮਣੇ ਲਿਆਂਦੀ ਜਾਵੇ ਅਤੇ ਜੇਕਰ ਗੜਬੜ ਸਾਬਤ ਹੁੰਦੀ ਹੈ ਤਾਂ ਸੰਬੰਧਿਤ ਏਜੰਸੀ ਖਿਲਾਫ਼ ਕੜੀ ਕਾਰਵਾਈ ਕੀਤੀ ਜਾਵੇ।

About The Author