ਰਾਹਗੀਰ ਬਣੇ ਮਸੀਹਾ: ਟੱਲੇਵਾਲ ਨਹਿਰ `ਚ ਬਿਰਧ ਮਹਿਲਾ ਨੇ ਮਾਰੀ ਛਾਲ, ਜਾਨੀ ਬਚਾਅ

IMG-20260427-WA0020.jpg

ਟੱਲੇਵਾਲ, 27 ਅਪ੍ਰੈਲ (ਰਾਕੇਸ਼ ਜੇਠੀ): ਪਿੰਡ ਟੱਲੇਵਾਲ ਨੇੜਿਓਂ ਲੰਘਦੀ ਬਠਿੰਡਾ ਬ੍ਰਾਂਚ ਨਹਿਰ ’ਚ ਅੱਜ ਉਸ ਸਮੇਂ ਚੀਕ-ਚਿਹਾੜਾ ਪੈ ਗਿਆ। ਜਦੋਂ ਇਕ ਬਿਰਧ ਮਹਿਲਾ ਨੇ ਨਹਿਰ ਦੇ ਪੁਲ ਤੋਂ ਅਚਾਨਕ ਪਾਣੀ ’ਚ ਛਾਲ ਮਾਰ ਦਿੱਤੀ। ਖ਼ੁਸ਼ਕਿਸਮਤੀ ਰਹੀ ਕਿ ਮੌਕੇ ’ਤੇ ਮੌਜੂਦ ਕੁਝ ਜਾਗਰੂਕ ਲੋਕਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹਿੰਮਤ ਦਿਖਾਈ ਤੇ ਮਹਿਲਾ ਨੂੰ ਡੁੱਬਣ ਤੋਂ ਬਚਾ ਕੇ ਸੁਰੱਖਿਅਤ ਬਾਹਰ ਕੱਢ ਲਿਆ। ਜਾਣਕਾਰੀ ਅਨੁਸਾਰ ਸੋਮਵਾਰ ਨੂੰ ਪਿੰਡ ਹਮੀਦੀ ਦੀ ਰਹਿਣ ਵਾਲੀ 60 ਸਾਲਾ ਬਲਜੀਤ ਕੌਰ ਪਤਨੀ ਦਰਸ਼ਨ ਸਿੰਘ ਨੇ ਪਿੰਡ ਟੱਲੇਵਾਲ ਕੋਲ ਬਣੀ ਨਹਿਰ ਦੇ ਪੁਲ ਤੋਂ ਛਾਲ ਮਾਰ ਦਿੱਤੀ। ਜਿਉਂ ਹੀ ਮਹਿਲਾ ਨਹਿਰ ’ਚ ਡਿੱਗੀ। ਉਥੇ ਮੌਜੂਦ ਲੋਕਾਂ ਨੇ ਤੁਰੰਤ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਕੁਝ ਨੌਜਵਾਨਾਂ ਨੇ ਬਿਨਾਂ ਦੇਰੀ ਕੀਤੇ ਨਹਿਰ ’ਚ ਛਾਲਾਂ ਮਾਰ ਦਿੱਤੀਆਂ ਤੇ ਭਾਰੀ ਜੱਦੋ-ਜਹਿਦ ਤੋਂ ਬਾਅਦ ਮਹਿਲਾ ਨੂੰ ਸੁਰੱਖਿਅਤ ਕਿਨਾਰੇ ’ਤੇ ਲੈ ਆਏ। ਇਸ ਘਟਨਾ ਤੋਂ ਬਾਅਦ ਇਲਾਕੇ ’ਚ ਜਿਥੇ ਇਸ ਗੱਲ ਦੀ ਚਰਚਾ ਹੈ। ਉੱਥੇ ਹੀ ਲੋਕਾਂ ਵਲੋਂ ਉਨ੍ਹਾਂ ਨੌਜਵਾਨਾਂ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ ਜਿੰਨ੍ਹਾਂ ਨੇ ਸਮੇਂ ਸਿਰ ਹਿੰਮਤ ਦਿਖਾ ਕੇ ਇਕ ਕੀਮਤੀ ਜਾਨ ਬਚਾਈ।
—ਪੁਲਿਸ ਨੇ ਮਹਿਲਾ ਨੂੰ ਪਰਿਵਾਰਕ ਵਾਰਸਾਂ ਨੂੰ ਸੌਪਿਆਂ
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਟੱਲੇਵਾਲ ਦੀ ਪੁਲਿਸ ਟੀਮ ਮੌਕੇ ’ਤੇ ਪਹੁੰਚ ਗਈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮਹਿਲਾ ਦੀ ਪਹਿਚਾਣ ਕੀਤੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਸਾਧਿਆ। ਪਿੰਡ ਹਮੀਦੀ ਤੋਂ ਪਹੁੰਚੇ ਪਰਿਵਾਰਕ ਵਾਰਸਾਂ ਨੂੰ ਪੁਲਿਸ ਨੇ ਮਹਿਲਾ ਨੂੰ ਸੌਂਪ ਦਿੱਤਾ। ਮਹਿਲਾ ਦੇ ਸੁਰੱਖਿਅਤ ਹੋਣ `ਤੇ ਪਰਿਵਾਰ ਨੇ ਉਸ ਨੂੰ ਬਚਾਉਣ ਵਾਲੇ ਲੋਕਾਂ ਦਾ ਦਿਲੋਂ ਧੰਨਵਾਦ ਕੀਤਾ।
—ਛਾਲ ਮਾਰਨ ਦੇ ਕਾਰਨ ਅਸਪਸ਼ਟ
ਮੌਕੇ ’ਤੇ ਪਹੁੰਚੇ ਏਐੱਸਆਈ ਕੁਲਦੀਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਸ਼ਟੀ ਕੀਤੀ ਕਿ ਮਹਿਲਾ ਨੂੰ ਉਸ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਹਿਲਾ ਨੇ ਇਹ ਖ਼ੌਫਨਾਕ ਕਦਮ ਕਿਉਂ ਚੁੱਕਿਆ। ਇਸ ਦੇ ਅਸਲ ਕਾਰਨਾਂ ਬਾਰੇ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਰ ਸਭ ਤੋਂ ਰਾਹਤ ਵਾਲੀ ਗੱਲ ਇਹ ਹੈ ਕਿ ਮਹਿਲਾ ਬਿਲਕੁਲ ਸਹੀ-ਸਲਾਮਤ ਹੈ।

About The Author