ਬਾਕਸਿੰਗ ਵਿੱਚ ਸਹਿਜਦੀਪ ਜੇਠੀ ਬਣੇ ਪੰਜਾਬ ਸਟੇਟ ਚੈਂਪੀਅਨ

ਚੈਂਪੀਅਨਸ਼ਿਪ ਵਿੱਚ ਬਰਨਾਲਾ ਜ਼ਿਲ੍ਹੇ ਦੇ ਬਾਕਸਰਾਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
ਬਰਨਾਲਾ, 22 ਮਾਰਚ(ਰਾਕੇਸ਼ ਜੇਠੀ)- ਤਰਨ ਤਾਰਨ ਵਿਖੇ 20 ਤੋਂ 22 ਮਾਰਚ ਤੱਕ ਹੋਈ 7ਵੀਂ ਪੰਜਾਬ ਸਟੇਟ ਬਾਕਸਿੰਗ ਚੈਂਪੀਅਨਸ਼ਿਪ 2026 ਬੜੀ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਈ। ਇਸ ਮੁਕਾਬਲੇ ਵਿੱਚ ਬਰਨਾਲਾ ਜ਼ਿਲ੍ਹੇ ਦੇ ਬਾਕਸਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੋਚ ਗੁਰਦਿਤ ਪੁਰੀ ਅਤੇ ਕੋਚ ਜਸਵੀਰ ਸਿੰਘ ਜੱਸੀ ਨੇ ਦੱਸਿਆ ਕਿ ਬਰਨਾਲਾ ਦੇ ਹੋਣਹਾਰ ਖਿਡਾਰੀ ਸਹਿਜਦੀਪ ਜੇਠੀ ਨੇ 50 ਕਿਲੋ ਭਾਰ ਵਰਗ ਵਿੱਚ ਸੋਨੇ ਦਾ ਤਗਮਾ ਜਿੱਤ ਕੇ ਪੰਜਾਬ ਸਟੇਟ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ।
ਉਨ੍ਹਾਂ ਹੋਰ ਦੱਸਿਆ ਕਿ ਗੁਰਵਿੰਦਰ ਸਿੰਘ ਨੇ ਚਾਂਦੀ ਦਾ ਤਗਮਾ ਜਿੱਤਿਆ, ਜਦਕਿ ਧੀਰਜ ਸਿੰਘ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। ਪ੍ਰੈਸ ਨਾਲ ਗੱਲਬਾਤ ਕਰਦਿਆਂ ਇੰਟਰਨੈਸ਼ਨਲ ਬਾਕਸਿੰਗ ਕੋਚ ਅਰੀਹੰਤ ਕੁਮਾਰ ਨੇ ਕਿਹਾ ਕਿ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ ਅਤੇ ਬਾਕਸਿੰਗ ਦੇ ਖੇਤਰ ਵਿੱਚ ਆਪਣਾ ਅਤੇ ਆਪਣੇ ਪੰਜਾਬ ਦਾ ਨਾਮ ਰੌਸ਼ਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖਿਡਾਰੀ ਅਤੇ ਨੌਜਵਾਨ ਸਾਡੇ ਦੇਸ਼ ਦਾ ਕੀਮਤੀ ਸਰਮਾਇਆ ਹੁੰਦੇ ਹਨ। ਇਸ ਮੌਕੇ ਇੰਟਰਨੈਸ਼ਨਲ ਬਾਕਸਰ ਹਰਪ੍ਰੀਤ ਸਿੰਘ ਹੈਪੀ ਨੇ ਵੀ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਬਰਨਾਲਾ ਜ਼ਿਲ੍ਹਾ ਬਾਕਸਿੰਗ ਐਸੋਸੀਏਸ਼ਨ ਅਤੇ ਖਿਡਾਰੀਆਂ ਨੂੰ ਵਧਾਈ ਦਿੱਤੀ।
