ਬਰਨਾਲਾ ’ਚ ਪੁਲਿਸ ਦੀ ਕਥਿਤ ਬਦਸਲੂਕੀ ਤੋਂ ਪਰੇਸ਼ਾਨ ਨੌਜਵਾਨ ਨੇ ਨਿਗਲੀ ਜ਼ਹਿਰੀਲੀ ਵਸਤੂ; ਹਾਲਤ ਗੰਭੀਰ

IMG-20260322-WA0004.jpg

ਪਿੰਡ ਦੀ ਪੰਚਾਇਤ ਸਣੇ ਪੀੜ੍ਹਤ ਪਰਿਵਾਰ ‘ਆਪ’ ਦੇ ਹਲਕਾ ਇੰਚਾਰਜ, ਐਸਐਚਓ ਧਨੌਲਾ ਤੇ ਪੰਚਾਇਤ ਮੈਂਬਰ ਖਿਲਾਫ ਡਟੇ

ਬਰਨਾਲਾ, 22 ਮਾਰਚ (ਰਾਕੇਸ਼ ਜੇਠੀ): ਅੰਮ੍ਰਿਤਸਰ ਵਿਖੇ ਵੇਅਰ ਹਾਊਸ ਦੇ ਡੀਐਮ ਵਲੋਂ ਸੱਤਾਧਾਰੀ ਪਾਰਟੀ ਦੇ ਕਥਿਤ ਦਬਾਅ ਹੇਠ ਖੁਦਕੁਸ਼ੀ ਕਰਨ ਦਾ ਮਾਮਲਾ ਅਜੇ ਠੰਢਾ ਨਹੀਂ ਸੀ ਹੋਇਆ ਕਿ ਬਰਨਾਲਾ ਜ਼ਿਲ੍ਹੇ ਦੇ ਪਿੰਡ ਰਾਜਗੜ੍ਹ ਤੋਂ ਇਕ ਅਜਿਹੀ ਹੀ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਇਥੋਂ ਦੇ ਇਕ ਨੌਜਵਾਨ ਮਨਜਿੰਦਰ ਸਿੰਘ ਨੇ ਪੁਲਿਸ ਤੇ ਸਿਆਸੀ ਦਬਾਅ ਤੋਂ ਤੰਗ ਆ ਕੇ ਸਪਰੇਅ ਪੀ ਕੇ ਆਪਣੀ ਜੀਵਨ ਲੀਲਾ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਨੌਜਵਾਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜੋ ਇਕ ਨਿੱਜੀ ਹਸਪਤਾਲ ’ਚ ਜ਼ੇਰੇ ਇਲਾਜ ਹੈ। ਪੀੜਤ ਨੌਜਵਾਨ ਦੇ ਭਰਾ ਬੇਅੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ’ਚ ਪੰਚਾਇਤ ਵਲੋਂ ਗਲੀ ਬਣਾਉਣ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਕੁਝ ਇਤਰਾਜ਼ ਉੱਠਣ `ਤੇ ਪੰਚਾਇਤ ਮੈਂਬਰ ਸੇਵਕ ਸਿੰਘ ਨੇ ਮਾਮਲੇ ਨੂੰ ਸੁਲਝਾਉਣ ਦੀ ਬਜਾਏ ਪੁਲਿਸ ਬੁਲਾ ਲਈ। ਬੇਅੰਤ ਸਿੰਘ ਨੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਮੌਕੇ `ਤੇ ਪਹੁੰਚੇ ਥਾਣਾ ਧਨੌਲਾ ਦੇ ਐਸਐਚਓ ਲਖਵੀਰ ਸਿੰਘ ਨੇ ਆਉਂਦਿਆਂ ਹੀ ਮਾਹੌਲ ਨੂੰ ਹੋਰ ਖਰਾਬ ਕਰ ਦਿੱਤਾ। ਘਟਨਾ ਤੋਂ ਬਾਅਦ ਪਿੰਡ ਵਾਸੀਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਿੰਡ ਦੀ ਪੰਚਾਇਤ ਤੇ ਇਲਾਕਾ ਨਿਵਾਸੀਆਂ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ ਇਹ ਮਾਮਲਾ ਜ਼ਿਲ੍ਹੇ ਦੇ ਉੱਚ ਪੁਲਿਸ ਅਧਿਕਾਰੀਆਂ ਦੇ ਧਿਆਨ ’ਚ ਵੀ ਲਿਆਂਦਾ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਆਪਣੇ ਹੀ ਅਧਿਕਾਰੀ ਤੇ ਸਿਆਸੀ ਪ੍ਰਭਾਵ ਵਾਲੇ ਲੋਕਾਂ ਖ਼ਿਲਾਫ਼ ਕੀ ਕਾਰਵਾਈ ਅਮਲ ’ਚ ਲਿਆਉਂਦਾ ਹੈ। ਇਸ ਮਾਮਲੇ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫਰਾਜ ਆਲਮ ਤੇ ਹਲਕਾ ਇੰਚਾਰਜ ਹਰਿੰਦਰ ਧਾਲੀਵਾਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।
—ਐੱਸਐੱਚਓ ਨੇ ਪਰਿਵਾਰਕ ਮੈਂਬਰਾਂ ਨਾਲ ਕੀਤੀ ਬਦਸਲੂਕੀ ਤੇ ਵਰਤੀ ਭੱਦੀ ਸ਼ਬਦਾਵਲੀ
ਪਰਿਵਾਰ ਦਾ ਕਹਿਣਾ ਹੈ ਕਿ ਐਸਐਚਓ ਧਨੌਲਾ ਨੇ ਪਿੰਡ ਦੇ ਲੋਕਾਂ ਤੇ ਪੰਚਾਇਤ ਦੀ ਮੌਜੂਦਗੀ ’ਚ ਪਰਿਵਾਰ ਦੀਆਂ ਔਰਤਾਂ ਨਾਲ ਬੇਹੱਦ ਅਸ਼ਲੀਲ ਤੇ ਭੱਦੀ ਸ਼ਬਦਾਵਲੀ ਵਰਤੀ। ਬੇਅੰਤ ਸਿੰਘ ਅਨੁਸਾਰ ਪੁਲਿਸ ਅਧਿਕਾਰੀ ਨੇ ਸ਼ਰੇਆਮ ਸਾਡੇ ਪਰਿਵਾਰ ਦੀਆਂ ਔਰਤਾਂ ਦੀ ਬੇਇੱਜ਼ਤੀ ਕੀਤੀ। ਮੇਰਾ ਭਰਾ ਮਨਜਿੰਦਰ ਸਿੰਘ ਇਹ ਜ਼ਲਾਲਤ ਬਰਦਾਸ਼ਤ ਨਹੀਂ ਕਰ ਸਕਿਆ ਤੇ ਉਸ ਨੇ ਕੋਈ ਜ਼ਹਿਰੀਲੀ ਸਪਰੇਅ ਪੀ ਲਈ। ਪਿੰਡ ਦੇ ਸਰਪੰਚ, ਪੰਚ ਤੇ ਹੋਰ ਪਤਵੰਤੇ ਸੱਜਣਾਂ ਨੇ ਵੀ ਪੁਲਿਸ ਅਧਿਕਾਰੀ ਵਲੋਂ ਕੀਤੀ ਗਈ ਇਸ ਬਦਸਲੂਕੀ ਦੀ ਨਿਖੇਧੀ ਕਰਦਿਆਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
—‘ਆਪ’ ਦੇ ਹਲਕਾ ਇੰਚਾਰਜ ਖਿਲ਼ਾਫ ਵੀ ਮੰਗੀ ਕਾਰਵਾਈ
ਇਸ ਮਾਮਲੇ ’ਚ ਪੀੜਤ ਪਰਿਵਾਰ ਨੇ ਸਿਰਫ਼ ਪੁਲਿਸ ਨੂੰ ਹੀ ਨਹੀਂ, ਸਗੋਂ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਿੰਦਰ ਧਾਲੀਵਾਲ `ਤੇ ਵੀ ਤਿੱਖੇ ਨਿਸ਼ਾਨੇ ਸਾਧੇ ਹਨ। ਪਰਿਵਾਰ ਦਾ ਕਹਿਣਾ ਹੈ ਕਿ ਹਲਕਾ ਇੰਚਾਰਜ ਦੇ ਕਥਿਤ ਦਖਲ ਕਾਰਨ ਹੀ ਪੁਲਿਸ ਤੇ ਪੰਚਾਇਤ ਮੈਂਬਰ ਸ਼ਰੇਆਮ ਧੱਕੇਸ਼ਾਹੀ ਕਰ ਰਹੇ ਹਨ। ਬੇਅੰਤ ਸਿੰਘ ਨੇ ਸਪੱਸ਼ਟ ਸ਼ਬਦਾਂ ’ਚ ਕਿਹਾ ਕਿ ਜੇਕਰ ਉਸ ਦੇ ਭਰਾ ਨੂੰ ਕੁਝ ਵੀ ਹੁੰਦਾ ਹੈ ਤਾਂ ਇਸ ਲਈ ਹਲਕਾ ਇੰਚਾਰਜ, ਐਸਐਚਓ ਧਨੌਲਾ ਤੇ ਪੰਚਾਇਤ ਮੈਂਬਰ ਸੇਵਕ ਸਿੰਘ ਸਿੱਧੇ ਤੌਰ `ਤੇ ਜ਼ਿੰਮੇਵਾਰ ਹੋਣਗੇ।
—ਸਿਆਸੀ ਪਾਰਟੀਆਂ ਵਲੋਂ ਸਰਕਾਰ ਤੇ ਪੁਲਿਸ ਖ਼ਿਲਾਫ਼ ਮੋਰਚਾ; ਮੁਖ ਮਾਰਗ ਕੀਤਾ ਜਾਮ
ਪੀੜਤ ਪਰਿਵਾਰ ਦੇ ਹੱਕ ’ਚ ਹੁਣ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਵੀ ਨਿੱਤਰ ਆਏ ਹਨ। ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੇ ਕਥਿਤ ਜਬਰ ਖ਼ਿਲਾਫ਼ ਜ਼ੋਰਦਾਰ ਭੜਾਸ ਕੱਢੀ। ਸਿਆਸੀ ਆਗੂਆਂ ਨੇ ਦੋਸ਼ ਲਾਇਆ ਕਿ ਸੱਤਾ ਦੇ ਨਸ਼ੇ ’ਚ ਚੂਰ ਆਗੂ ਤੇ ਪੁਲਿਸ ਅਧਿਕਾਰੀ ਆਮ ਲੋਕਾਂ ਦੀਆਂ ਧੀਆਂ-ਭੈਣਾਂ ਦੀ ਇੱਜ਼ਤ ਨੂੰ ਰੋਲ ਰਹੇ ਹਨ। ਜਿਸ ਕਾਰਨ ਅੱਜ ਇਕ ਨੌਜਵਾਨ ਮੌਤ ਤੇ ਜ਼ਿੰਦਗੀ ਦੀ ਲੜਾਈ ਲੜ ਰਿਹਾ ਹੈ। ਇਨਸਾਫ਼ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨਕਾਰੀਆਂ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਮੁਖ ਮਾਰਗ `ਤੇ ਚੱਕਾ ਜਾਮ ਕਰ ਦਿੱਤਾ ਗਿਆ ਹੈ। ਧਰਨਾਕਾਰੀਆਂ ਦਾ ਸਾਫ਼ ਕਹਿਣਾ ਹੈ ਕਿ ਜਦੋਂ ਤਕ ਐਸਐਚਓ ਤੇ ਸਿਆਸੀ ਆਗੂ ਖ਼ਿਲਾਫ਼ ਕਾਨੂੰਨੀ ਕਾਰਵਾਈ ਨਹੀਂ ਹੁੰਦੀ। ਉਦੋਂ ਤਕ ਸੰਘਰਸ਼ ਜਾਰੀ ਰਹੇਗਾ।

About The Author

You may have missed