ਬਰਨਾਲਾ ਚ ਖਾਣ-ਪੀਣ ਵਾਲੀਆਂ ਵਸਤਾਂ ਦੇ ਮਿਆਰਤੇ ਉੱਠੇ ਸਵਾਲ: ਬਾਲਾ ਜੀ ਨਮਕੀਨ ਦੀ ਪੈਕਿੰਗ `ਤੇ ਵਜਨ, ਬੈਚ ਨੰਬਰ, ਬਣਾਉਣ ਜਾਂ ਮਿਆਦ ਲੰਘਣ ਦੀ ਮਿਤੀ ਤੇ ਐਡਰੈਸ ਗਾਇਬ

ਸਵਾਦ ਬਦਲਣ `ਤੇ ਖੁੱਲ੍ਹਿਆ ਸਾਰਾ ਭੇਤ: ਉੱਚ ਪੱਧਰੀ ਜਾਂਚ ਦੀ ਮੰਗ
ਬਰਨਾਲਾ, 21 ਮਾਰਚ (ਰਾਕੇਸ਼ ਜੇਠੀ): ਜ਼ਿਲ੍ਹਾ ਬਰਨਾਲਾ ’ਚ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋਣ ਦਾ ਇਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਬਾਲਾ ਜੀ ਨਮਕੀਨ ਕੰਪਨੀ ਵਲੋਂ ਵੇਚੇ ਜਾ ਰਹੇ ਸਾਮਾਨ ਦੀ ਪੈਕਿੰਗ ਉੱਤੇ ਨਾ ਵਜਨ, ਨਾ ਬੈਚ ਨੰਬਰ ਦਰਜ ਹੈ ਤੇ ਨਾ ਹੀ ਬਣਾਉਣ ਜਾਂ ਮਿਆਦ ਲੰਘਣ ਦੀ ਮਿਤੀ। ਹੈਰਾਨੀ ਦੀ ਗੱਲ ਇਹ ਹੈ ਕਿ ਪੈਕਟਾਂ ਉੱਤੇ ਕੰਪਨੀ ਦੇ ਦਫਤਰ ਦਾ ਪਤਾ, ਮੈਨੂਫੈਕਚਰਿੰਗ ਪਤਾ, ਸੰਪਰਕ ਨੰਬਰ, ਫੂਡ ਸੇਫਟੀ ਰਜਿਸਟ੍ਰੇਸ਼ਨ ਤੇ ਜੀਐਸਟੀ ਨੰਬਰ ਵਰਗੀ ਲਾਜ਼ਮੀ ਜਾਣਕਾਰੀ ਵੀ ਗਾਇਬ ਹੈ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਬਰਨਾਲਾ ਬੱਸ ਸਟੈਂਡ ਤੇ ਇਕ ਗਾਹਕ ਨੇ ਪਾਪੜੀ ਨਮਕੀਨ ਭੁਜੀਆ ਦਾ ਪੈਕਟ ਖਰੀਦਿਆ। ਜਦੋਂ ਉਸਨੇ ਆਪਣੇ ਸਾਥੀਆਂ ਨਾਲ ਇਸਦਾ ਸੇਵਨ ਕੀਤਾ ਤਾਂ ਸਵਾਦ ’ਚ ਫਰਕ ਮਹਿਸੂਸ ਹੋਇਆ। ਸ਼ਕ ਹੋਣਤੇ ਜਦੋਂ ਪੈਕਟ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਪੈਕਿੰਗ ਤੇ ਕਾਨੂੰਨੀ ਤੌਰਤੇ ਜ਼ਰੂਰੀ ਕੋਈ ਵੀ ਜਾਣਕਾਰੀ ਨਹੀਂ ਸੀ। ਕੰਪਨੀ ਵਲੋਂ ਵਰਤੀ ਜਾ ਰਹੀ ਪੈਕਿੰਗ ਪੂਰੀ ਤਰ੍ਹਾਂ ਨਿਯਮਾਂ ਦੇ ਉਲਟ ਤੇ ਫਰਜ਼ੀ ਜਾਪ ਰਹੀ ਸੀ। ਦੂਜੇ ਪਾਸੇ ਪੀੜ੍ਹਤ ਨੌਜਵਾਨਾਂ ਦਾ ਕਹਿਣਾ ਸੀ ਕਿ ਇੰਨੀ ਵੱਡੀ ਅਣਗਹਿਲੀ ਕੰਪਨੀ ਪ੍ਰਬੰਧਕ ਇਕੱਲੇ ਨਹੀਂ ਕਰ ਸਕਦੇ। ਇਸ ਮਾਮਲੇ ਦੇ ਖੁਲਾਸੇ ਲਈ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਸੂਤਰਾਂ ਅਨੁਸਾਰ ਇਹ ਖੇਡ ਪਿਛਲੇ ਕਈ ਸਾਲਾਂ ਤੋਂ ਸ਼ਹਿਰ ਤੇ ਜ਼ਿਲ੍ਹੇ ਭਰ ਦੀਆਂ ਦੁਕਾਨਾਂ ਤੇ ਸ਼ਰੇਆਮ ਚੱਲ ਰਹੀ ਹੈ। ਸਵਾਲ ਇਹ ਉੱਠਦਾ ਹੈ ਕਿ ਜੇਕਰ ਕੰਪਨੀ ਕੋਲ ਫੂਡ ਸੇਫਟੀ ਲਾਇਸੰਸ ਤੇ ਜੀਐੱਸਟੀ ਨੰਬਰ ਮੌਜੂਦ ਹੈ ਤਾਂ ਫਿਰ ਇੰਨੇ ਸਾਲਾਂ ਤੋਂ ਇਹ ਜਾਣਕਾਰੀ ਪੈਕਟਾਂ ਉੱਤੇ ਕਿਉਂ ਨਹੀਂ ਛਾਪੀ ਗਈ? ਕੀ ਸਿਹਤ ਵਿਭਾਗ ਤੇ ਸਬੰਧਤ ਅਧਿਕਾਰੀ ਜਾਣਬੁਝ ਕੇ ਇਸ ਮਾਮਲੇ ਨੂੰ ਅੱਖੋਂ-ਪਰੋਖੇ ਕਰ ਰਹੇ ਸਨ ਜਾਂ ਫਿਰ ਕਿਸੇ ਮਜਬੂਰੀ ਵੱਸ ਚੁਪੀ ਧਾਰੀ ਹੋਈ ਸੀ? —ਲੇਬਰ ਦੀ ਘਾਟ ਸਦਕਾ ਹੋਈ ਇਹ ਗਲਤੀ: ਪ੍ਰਬੰਧਕ ਜਦੋਂ ਇਸ ਸਬੰਧੀ ਬਾਲਾ ਜੀ ਨਮਕੀਨ ਕੰਪਨੀ ਦੇ ਪ੍ਰਬੰਧਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਮੰਨਿਆ ਕਿ ਉਨ੍ਹਾਂ ਕੋਲ ਲਾਇਸੰਸ ਮੌਜੂਦ ਹਨ। ਹਾਲਾਂਕਿ ਪੈਕਿੰਗਤੇ ਜਾਣਕਾਰੀ ਨਾ ਹੋਣ ਪਿੱਛੇ ਉਨ੍ਹਾਂ ਨੇ ਅਜੀਬੋ-ਗਰੀਬ ਤਰਕ ਦਿੰਦਿਆਂ ਕਿਹਾ ਕਿ ਪਿਛਲੇ ਇਕ ਮਹੀਨੇ ਤੋਂ ਲੇਬਰ ਦੀ ਘਾਟ ਤੇ ਪੁਰਾਣੇ ਲਿਫਾਫੇ ਸਟਾਕ ’ਚ ਹੋਣ ਕਾਰਨ ਇਹ ਗਲਤੀ ਹੋਈ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਨਵੀਂ ਪੈਕਿੰਗ ਵਾਲਾ ਸਾਮਾਨ ਦੁਕਾਨਾਂ ’ਤੇ ਬਦਲ ਦਿੱਤਾ ਜਾਵੇਗਾ।
—ਨਾਪਤੋਲ ਵਿਭਾਗ ਦੀ ਕਾਰਗੁਜ਼ਾਰੀ ਤੇ ਉੱਠੇ ਸਵਾਲ ਇਸ ਮਾਮਲੇ ’ਚ ਇਕ ਹੋਰ ਗੰਭੀਰ ਪਹਿਲੂ ਪੈਕਟ ਉੱਪਰ ਕੁਲ ਵਜ਼ਨ ਦਾ ਦਰਜ ਨਾ ਹੋਣਾ ਵੀ ਸਾਹਮਣੇ ਆਇਆ ਹੈ। ਜੋ ਕਿ ਸਿੱਧੇ ਤੌਰ ਤੇ ਨਾਪਤੋਲ ਵਿਭਾਗ ਦੀ ਵੱਡੀ ਅਣਗਹਿਲੀ ਵੱਲ ਇਸ਼ਾਰਾ ਕਰਦਾ ਹੈ। ਨਿਯਮਾਂ ਅਨੁਸਾਰ ਕਿਸੇ ਵੀ ਪੈਕ ਕੀਤੇ ਸਾਮਾਨ ਉੱਤੇ ਉਸਦਾ ਸਹੀ ਵਜ਼ਨ ਲਿਖਣਾ ਲਾਜ਼ਮੀ ਹੈ ਤਾਂ ਜੋ ਗਾਹਕ ਨੂੰ ਪਤਾ ਲੱਗ ਸਕੇ ਕਿ ਉਹ ਕਿੰਨੀ ਕੀਮਤ ਬਦਲੇ ਕਿੰਨੀ ਮਾਤਰਾ ’ਚ ਸਾਮਾਨ ਖਰੀਦ ਰਿਹਾ ਹੈ। ਪਰਬਾਲਾ ਜੀ ਨਮਕੀਨ ਦੇ ਪੈਕਟਾਂ ਤੇ ਵਜ਼ਨ ਦਾ ਜ਼ਿਕਰ ਨਾ ਹੋਣਾ ਇਹ ਸਾਬਤ ਕਰਦਾ ਹੈ ਕਿ ਨਾਪਤੋਲ ਵਿਭਾਗ ਦੇ ਅਧਿਕਾਰੀਆਂ ਨੇ ਕਦੇ ਬਾਜ਼ਾਰਾਂ ’ਚ ਜਾ ਕੇ ਇਨ੍ਹਾਂ ਉਤਪਾਦਾਂ ਦੀ ਚੈਕਿੰਗ ਕਰਨ ਦੀ ਜ਼ਹਿਮਤ ਨਹੀਂ ਉਠਾਈ। ਵਿਭਾਗ ਦੀ ਇਸ ਕਥਿਤ ਸੁਸਤੀ ਕਾਰਨ ਨਾ ਸਿਰਫ਼ ਖਪਤਕਾਰਾਂ ਦੀ ਆਰਥਿਕ ਲੁਟ ਹੋ ਰਹੀ ਹੈ। ਸਗੋਂ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਣ ਵਾਲੀਆਂ ਅਜਿਹੀਆਂ ਇਕਾਈਆਂ ਨੂੰ ਵੀ ਹੱਲਾਸ਼ੇਰੀ ਮਿਲ ਰਹੀ ਹੈ। ਸ਼ਹਿਰ ਵਾਸੀਆਂ ’ਚ ਇਹ ਚਰਚਾ ਆਮ ਹੈ ਕਿ ਜੇਕਰ ਵਿਭਾਗ ਸਮੇਂ-ਸਮੇਂਤੇ ਸੈਂਪਲਿੰਗ ਤੇ ਪੈਕਿੰਗ ਦੀ ਜਾਂਚ ਕਰਦਾ ਰਹਿੰਦਾ ਤਾਂ ਇੰਨੇ ਵੱਡੇ ਪੱਧਰ ਤੇ ਇਹ ਬੇਨਿਯਮੀਆਂ ਕਦੇ ਨਾ ਵਾਪਰਦੀਆਂ।
—ਮਾਮਲੇ ਦੀ ਹੋਵੇਗੀ ਪੜਤਾਲ: ਫੂਡ ਸੇਫਟੀ ਅਫਸਰ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਫੂਡ ਸੇਫਟੀ ਅਫਸਰ ਚਰਨਜੀਤ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਆ ਚੁੱਕਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਦਫਤਰ ਖੁਲ੍ਹਦੇ ਹੀ ਕੰਪਨੀ ਦੇ ਯੂਨਿਟ ਤੇ ਸਬੰਧਤ ਦੁਕਾਨਾਂਤੇ ਛਾਪੇਮਾਰੀ ਕੀਤੀ ਜਾਵੇਗੀ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਕੋਈ ਵੀ ਖਾਣ-ਪੀਣ ਵਾਲੀ ਚੀਜ਼ ਖਰੀਦਣ ਵੇਲੇ ਬੈਚ ਨੰਬਰ, ਬਣਾਉਣ ਤੇ ਮਿਆਦ ਲੰਘਣ ਦੀ ਮਿਤੀ ਦੀ ਜਾਂਚ ਜ਼ਰੂਰ ਕਰਨ। ਉਨ੍ਹਾਂ ਨੇ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਜੇਕਰ ਕਿਤੇ ਵੀ ਅਜਿਹਾ ਸ਼ੱਕੀ ਸਾਮਾਨ ਵਿਕਦਾ ਦਿਖਾਈ ਦੇਵੇ ਤਾਂ ਤੁਰੰਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਲੋਕਾਂ ਦੀ ਸਿਹਤ ਸੁਰੱਖਿਅਤ ਰਹਿ ਸਕੇ।
