ਪੰਜ ਵਿਧਾਨ ਸਭਾ ਤੇ ਪੰਜ ਲੋਕ ਸਭਾ ਚੋਣਾਂ ਇਕੱਠਿਆਂ ਲੜਨ ਵਾਲਾ ਅਕਾਲੀ-ਭਾਜਪਾ ਗਠਜੋੜ ਦੇ ਅਲੱਗ-ਅਲੱਗ ਚੋਣਾਂ ਲੜਨ ‘ਤੇ ਪੰਜਾਬ ’ਚ ਕੀ ਹੋਵੇਗਾ ਭਵਿੱਖ?

ਅਕਾਲੀ-ਭਾਜਪਾ ਵਿਚਾਲੇ ਗਠਜੋੜ ਹੋਣਾ ਬਣਿਆ ਰਹੱਸ, ਸੌਖਾ ਨਹੀਂ ਦੋਵਾਂ ਲਈ 2027 ਦਾ ਕਿਲ੍ਹਾ ਫ਼ਤਿਹ ਕਰਨਾ
ਬਰਨਾਲਾ, 20 ਮਾਰਚ (ਰਾਕੇਸ਼ ਜੇਠੀ): ਪੰਜਾਬ ਵਿਧਾਨ ਸਭਾ ਚੋਣਾਂ-2027 ’ਚ ਮਹਿਜ਼ ਇਕ ਸਾਲ ਦਾ ਸਮਾਂ ਰਹਿ ਗਿਆ ਹੈ। ਇਨ੍ਹਾਂ ਚੋਣਾਂ ਤੋਂ ਪਹਿਲਾਂ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਵਲੋਂ ਜੋੜਤੋੜ ਦੀ ਰਾਜਨੀਤੀ ਜਿਥੇ ਸ਼ੁਰੂ ਕਰ ਦਿੱਤੀ ਗਈ ਹੈ। ਉੱਥੇ ਹੀ ਸੂਬੇ ਭਰ ’ਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵਲੋਂ ਵੱਡੀਆਂ ਸਿਆਸੀ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਪਿਛਲੇ ਦਿਨੀਂ ਪੰਜਾਬ ਦੇ ਮੋਗਾ ਜ਼ਿਲ੍ਹੇ ’ਚ ਹੋਈ ਭਾਜਪਾ ਦੀ ਰੈਲੀ ਦੌਰਾਨ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਕੀਤੀ ਗਈ ਤਕਰੀਰ ਦੌਰਾਨ ਜੋ ਗੱਲਾਂ ਸਾਹਮਣੇ ਆਈਆਂ। ਉਸ ਨਾਲ ਪੰਜਾਬ ਦੀ ਰਾਜਨੀਤੀ ’ਚ ਇਕ ਵਾਰ ਫਿਰ ਨਵੀਂ ਚਰਚਾ ਛਿੜ ਗਈ ਹੈ। ਪੰਜਾਬ ’ਚ ਮੁੜ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਦੀਆਂ ਚਰਚਾਵਾਂ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀਆਂ ਸਨ। ਜਿਨਾਂ ਨੂੰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਇਕ ਵਾਰ ਵਿਰਾਮ ਲਾ ਦਿੱਤਾ ਗਿਆ ਹੈ। ਉਨ੍ਹਾਂ ਵਲੋਂ ਸਟੇਜ ‘ਤੇ ਭਾਸ਼ਣ ਦਿੰਦੇ ਹੋਏ ਕਿਹਾ ਕਿ ‘ਪੰਜਾਬ ’ਚ ਭਾਜਪਾ ਇਕੱਲਿਆਂ ਚੋਣ ਲੜੇਗੀ ਤੇ ਛੋਟੇ ਭਾਈ ਵਾਲਾ ਰੋਲ ਹੁਣ ਅਦਾ ਨਹੀਂ ਕੀਤਾ ਜਾਵੇਗਾ। ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਭਾਜਪਾ ਵਲੋਂ ਸ਼੍ਰੋਮਣੀ ਅਕਾਲੀ ਦਲ ਨਾਲ ਕਿਸੇ ਤਰ੍ਹਾਂ ਦੇ ਗਠਜੋੜ ਕਰਨ ਤੋਂ ਇਨਕਾਰ ਕਰਕੇ ਇਕੱਲਿਆਂ ਚੋਣ ਲੜਨ ਦਾ ਫੈਸਲਾ ਕਰ ਲਿਆ ਗਿਆ ਹੈ। ਪਰ ਜੇਕਰ ਪਿਛਲੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਟੁੱਟਣ ਤੋਂ ਬਾਅਦ ਦੋਵੇਂ ਹੀ ਸਿਆਸੀ ਪਾਰਟੀਆਂ ਨੂੰ ਪੰਜਾਬ ’ਚ ਕੋਈ ਬਹੁਤੀ ਸਫਲਤਾ ਨਹੀਂ ਮਿਲੀ।
—ਗਠਜੋੜ ‘ਚ ਕਦੋਂ ਮਿਿਲਆ ਸੀ ਬਹੁਮਤ
ਮਾਹਿਰਾਂ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ-ਭਾਜਪਾ ਵਿਚਕਾਰ 1997 ਗਠਜੋੜ ਹਿੰਦੂ-ਸਿੱਖ ਏਕਤਾ ਸਲੋਗਨ ਅਧੀਨ ਪੰਜਾਬ ਦੇ ਕਪੂਰਥਲਾ ਵਿਖੇ ਵੱਡੀ ਰੈਲੀ ਕਰਕੇ ਅਟਲ ਬਿਹਾਰੀ ਵਾਜਪਾਈ ਤੇ ਪ੍ਰਕਾਸ਼ ਸਿੰਘ ਬਾਦਲ ਵਲੋਂ ਕੀਤਾ ਗਿਆ ਸੀ। ਹਿੰਦੂ-ਸਿੱਖ ਏਕਤਾ ਸਲੋਗਨ ਅਧੀਨ 1997 ’ਚ ਹੋਏ ਗਠਜੋੜ ਨੂੰ ਪੰਜਾਬ ਦੇ ਲੋਕਾਂ ਵਲੋਂ ਵੱਡਾ ਬਹੁਮਤ ਵਿਧਾਨ ਸਭਾ ਚੋਣਾਂ ਦੌਰਾਨ ਕੀਤਾ ਗਿਆ ਸੀ। ਜਿਸ ’ਚ ਸ਼੍ਰੋਮਣੀ ਅਕਾਲੀ ਦਲ ਨੂੰ 75 ਤੇ ਭਾਜਪਾ ਨੂੰ 18 ਸੀਟਾਂ ਮਿਲੀਆਂ ਸਨ। 2002 ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ 41 ਤੇ ਭਾਜਪਾ ਨੂੰ 3 ਸੀਟਾਂ ‘ਤੇ ਸਫਲਤਾ ਮਿਲੀ। 2007 ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਨੂੰ ਵੱਡੀ ਸਫਲਤਾ ਸਦਕਾ ਪੰਜਾਬ ‘ਚ ਸਰਕਾਰ ਬਣਾਈ ਗਈ।
—2012 ਤੋਂ ਬਾਅਦ ਡਿੱਗਿਆ ਗਠਜੋੜ ਦਾ ਗ੍ਰਾਫ
ਇਨ੍ਹਾਂ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਨੂੰ 49 ਤੇ ਭਾਜਪਾ ਨੂੰ 19 ਸੀਟਾਂ ਮਿਲੀਆਂ। 2012 ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ 56, ਭਾਰਤੀ ਜਨਤਾ ਪਾਰਟੀ ਨੂੰ 12 ਸੀਟਾਂ ‘ਤੇ ਬਹੁਮਤ ਮਿਿਲਆ ਤੇ ਪੰਜਾਬ ’ਚ ਮੁੜ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਦੀ ਸਰਕਾਰ ਬਣੀ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਨੂੰ 18 ਸੀਟਾਂ ‘ਤੇ ਹੀ ਸਬਰ ਕਰਨਾ ਪਿਆ। ਭਾਵੇਂ ਕੇਂਦਰ ’ਚ ਭਾਜਪਾ ਦੀ ਸਰਕਾਰ ਸੀ। ਪਰ ਪੰਜਾਬ ’ਚ ਲਗਾਤਾਰ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ਼ ਡਿੱਗਦਾ ਜਾ ਰਿਹਾ ਸੀ। ਹਿੰਦੂ-ਸਿੱਖ ਏਕਤਾ ਸਲੋਗਨ ਅਧੀਨ ਬਣਿਆ ਇਹ ਗਠਜੋੜ ਨੇ ਪੰਜਾਬ ’ਚ ਪੰਜ ਵਿਧਾਨ ਸਭਾ ਤੇ ਪੰਜ ਲੋਕ ਸਭਾ ਚੋਣਾਂ ਲੜੀਆਂ ਤੇ ਅਖੀਰ 26 ਸਤੰਬਰ 2020 ਨੂੰ ਹਿੰਦੂ-ਸਿੱਖ ਏਕਤਾ ਦੇ ਨਾਅਰੇ ਹੇਠ ਬਣਿਆ ਗਠਜੋੜ ਖੇਤੀਬਾੜੀ ਬਿਲਾਂ ਦੇ ਮੁੱਦੇ ਨੂੰ ਲੈ ਕੇ ਟੁੱਟ ਗਿਆ ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਭਾਜਪਾ ਨਾਲ ਗਠਜੋੜ ਖ਼ਤਮ ਕਰ ਦਿੱਤਾ।
—ਅਕਾਲੀ ਦਲ ਦਾ ਨਵਾਂ ਸਾਥੀ ਬਣਿਆ ਹਾਥੀ
ਪੰਜਾਬ ’ਚ ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਕਰ ਲਿਆ ਤੇ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਨੂੰ 3 ਤੇ ਭਾਜਪਾ ਨੂੰ ਦੋ ਸੀਟਾਂ ‘ਤੇ ਸਫਲਤਾ ਮਿਲੀ। 2024 ਲੋਕ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ 13 ’ਚੋਂ ਮਾਤਰ ਇਕ ਸੀਟ ‘ਤੇ ਜਿੱਤ ਪ੍ਰਾਪਤ ਕਰ ਸਕਿਆ। ਪੰਜਾਬ ’ਚ 2020 ਤੋਂ ਲੈ ਕੇ 2025 ਤਕ ਹੋਈਆਂ ਜ਼ਿਮਨੀ ਚੋਣਾਂ ਹੋਣ ਭਾਵੇਂ ਉਹ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਹੋਣ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਲੋਂ ਅਲੱਗ-ਅਲੱਗ ਲੜੀਆਂ ਗਈਆਂ। ਪਰ ਦੋਵੇਂ ਹੀ ਪਾਰਟੀਆਂ ਨੂੰ ਸਫ਼ਲਤਾ ਹਾਸਲ ਨਹੀਂ ਹੋਈ। ਮੋਗਾ ਦੀ ਭਾਜਪਾ ਰੈਲੀ ਦੌਰਾਨ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਦਿੱਤੇ ਗਏ ਬਿਆਨ ‘ਤੇ ਚਰਚਾ ਇਹ ਵੀ ਹੈ ਕਿ ਜੇਕਰ ਭਾਜਪਾ ਵਲੋਂ ਪੰਜਾਬ ’ਚ ਇਕੱਲਿਆਂ ਚੋਣ ਲੜਨ ਦਾ ਫੈਸਲਾ ਲਿਆ ਗਿਆ ਹੈ ਤਾਂ ਇਸ ਫੈਸਲੇ ਨਾਲ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੋਵੇਂ ਹੀ ਸਿਆਸੀ ਪਾਰਟੀਆਂ ਨੂੰ ਨੁਕਸਾਨ ਹੋਵੇਗਾ।
—ਇੱਕਲਿਆਂ ਚੋਣ ਲੜਣ ਦਾ ਫੈਸਲਾ ਗ਼ਲਤ
ਕਈ ਅਕਾਲੀ ਦਿੱਗਜ ਆਗੂਆਂ ਵਲੋਂ ਦਬਵੀ ਅਵਾਜ਼ ’ਚ ਕਿਹਾ ਜਾ ਰਿਹਾ ਹੈ ਕਿ ਭਾਜਪਾ ਆਪਣਾ ਪਿੰਡਾਂ ’ਚ ਕੇਡਰ ਖੜਾ ਕਰਨ ’ਚ ਸਫਲ ਨਹੀਂ ਹੋ ਸਕੀ। ਹੁਣ ਵੀ ਜੋ ਪੰਜਾਬ ’ਚ ਭਾਜਪਾ ਦੇ ਸਰਗਰਮ ਲੀਡਰ ਹਨ। ਉਹ ਵੱਖ-ਵੱਖ ਰਾਜਨੀਤਿਕ ਪਾਰਟੀਆਂ ਤੋਂ ਆਏ ਹੋਏ ਹਨ। ਪੰਜਾਬ ਭਾਜਪਾ ਦਾ ਪ੍ਰਧਾਨ ਸੁਨੀਲ ਜਾਖੜ ਕਿਸੇ ਸਮੇਂ ਕਾਂਗਰਸ ਦਾ ਸਿਰ ਕੱਢ ਆਗੂ ਸੀ। ਅਜਿਹੇ ਹਾਲਾਤਾਂ ’ਚ ਜੇਕਰ ਭਾਜਪਾ ਵਲੋਂ ਪੰਜਾਬ ’ਚ ਇਕੱਲਿਆਂ ਚੋਣ ਲੜਨ ਦਾ ਫੈਸਲਾ ਕੀਤਾ ਜਾਂਦਾ ਹੈ ਤਾਂ ਇਹ ਕੋਈ ਬਹੁਤਾ ਚੰਗਾ ਫੈਸਲਾ ਨਹੀਂ ਹੋਵੇਗਾ ਕਿਉਂਕਿ ਜਦੋਂ ਦਾ ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗਠਜੋੜ ਟੁੱਟਿਆ ਹੈ। ਦੋਵੇਂ ਹੀ ਪਾਰਟੀਆਂ ਦਾ ਰਾਜਨੀਤਿਕ ਗ੍ਰਾਫ਼ ਤੇਜ਼ੀ ਨਾਲ ਹੇਠਾਂ ਆਇਆ ਹੈ।
—ਛੋਟੇ ਭਾਈ ਵਾਲੇ ਬਿਆਨ ਦੇ ਕੱਢੇ ਜਾ ਸਕਦੇ ਹਨ ਕਈ ਮਾਇਨੇ
ਭਾਵੇਂ ਪਿਛਲੀਆਂ ਚੋਣਾਂ ਦੌਰਾਨ ਭਾਜਪਾ ਨੂੰ ਪੰਜਾਬ ’ਚ ਥੋੜਾ ਬਹੁਤ ਬਹੁਮਤ ਮਿਿਲਆ ਹੈ। ਇਸ ਪਿੱਛੇ ਵੱਡਾ ਕਾਰਨ ਰਾਮ ਮੰਦਿਰ ਦਾ ਮੁੱਦਾ ਸੀ। ਇਸੇ ਤਰ੍ਹਾਂ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਨਾਲੋਂ ਨਹੰੁ-ਮਾਸ ਦਾ ਰਿਸ਼ਤਾ ਤੋੜਨ ਤੋਂ ਬਾਅਦ ਅਕਾਲੀ ਦਲ ਦਾ ਗ੍ਰਾਫ਼ ਵੀ ਤੇਜੀ ਨਾਲ ਡਿੱਗਿਆ ਹੈ। ਪੰਜਾਬ ਵਿਧਾਨ ਸਭਾ ’ਚ ਇਸ ਸਮੇਂ ਭਾਜਪਾ ਦਾ ਇਕ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਦੇ ਦੋ ਵਿਧਾਇਕ ਹਨ। ਜੇਕਰ ਅਜਿਹੇ ਹਾਲਾਤਾਂ ’ਚ ਦੋਵੇਂ ਹੀ ਪਾਰਟੀਆਂ ਅਲੱਗ-ਅਲੱਗ ਚੋਣਾਂ ਲੜਦੀਆਂ ਹਨ ਤਾਂ ਇਸ ਨੂੰ ਪੰਜਾਬ ’ਚ ਬਹੁਮਤ ਮਿਲਦਾ ਹੋਇਆ ਨਜ਼ਰ ਨਹੀਂ ਆਉਂਦਾ। ਹਾਂ ਛੋਟੇ ਭਾਈ ਵਾਲੇ ਬਿਆਨ ਸੰਬੰਧੀ ਕਈ ਮਾਇਨੇ ਕੱਢੇ ਜਾ ਸਕਦੇ ਹਨ। ਸ਼ਾਇਦ ਭਾਜਪਾ ਵਲੋਂ ਸ਼੍ਰੋਮਣੀ ਅਕਾਲੀ ਦਲ ਤੋਂ ਗਠਜੋੜ ਸਮੇਂ ਵੱਧ ਸੀਟਾਂ ਲੈਣ ਨੂੰ ਅਜਿਹਾ ਬਿਆਨ ਦਿੱਤਾ ਗਿਆ ਹੋਵੇ।
—ਦੋਵੇਂ ਧਿਰਾਂ ਨੂੰ ਪਤਾ ਹੈ ਹਕੀਕਤ: ਸਿਆਸੀ ਮਾਹਰ
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਦੇਸ਼ ਦੇ ਗ੍ਰਹਿ ਮੰਤਰੀ ਵਲੋਂ ਭਾਵੇ ਪੰਜਾਬ ’ਚ ਇਕੱਲਿਆਂ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ। ਪਰ ਹਾਲੇ ਪੰਜਾਬ ਵਿਧਾਨ ਸਭਾ ਚੋਣਾਂ ’ਚ ਕਰੀਬ 10 ਮਹੀਨਿਆਂ ਦਾ ਸਮਾਂ ਬਾਕੀ ਹੈ। ਅਜਿਹੇ ਹਾਲਾਤਾਂ ’ਚ ਕੇਂਦਰ ਦੀ ਭਾਜਪਾ ਸਰਕਾਰ ਕਈ ਤਰ੍ਹਾਂ ਦੇ ਸਰਵੇ ਪਹਿਲਾਂ ਹੀ ਆਪਣੀਆਂ ਏਜੰਸੀਆਂ ਰਾਹੀਂ ਕਰਵਾ ਲਵੇਗੀ। ਇਸ ਗੱਲ ਦਾ ਭਾਜਪਾ ਨੂੰ ਵੀ ਪਤਾ ਹੈ ਕਿ ਪੰਜਾਬ ’ਚ ਇੰਨੀ ਜਲਦੀ ਉਨਾਂ ਦੇ ਪੈਰ ਨਹੀਂ ਲੱਗ ਸਕਦੇ। ਇਨ੍ਹਾਂ ਦੋਵੇਂ ਹੀ ਪਾਰਟੀਆਂ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਇਕੱਠਿਆਂ ਲੜਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਹ ਹੋ ਸਕਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਭਾਜਪਾ ਵਲੋਂ ਪਹਿਲਾਂ ਵਾਲੀਆਂ ਸ਼ਰਤਾਂ ‘ਤੇ ਸਮਝੌਤਾ ਨਾ ਕੀਤਾ ਜਾਵੇ ਤੇ ਨਵੇਂ ਸਮਝੌਤੇ ਤਹਿਤ ਇਹ ਗਠਜੋੜ ਹੋਵੇ। ਪਰ ਇਹ ਦੋਵੇਂ ਹੀ ਰਾਜਨੀਤਿਕ ਪਾਰਟੀਆਂ ਗਠਜੋੜ ਤੋਂ ਬਿਨਾਂ ਪੰਜਾਬ ’ਚ ਸਰਕਾਰ ਨਹੀਂ ਬਣਾ ਸਕਦੀਆਂ।
