ਤਪਾ-ਢਿੱਲਵਾਂ ਰੋਡ ‘ਤੇ ਭਿਆਨਕ ਹਾਦਸਾ: ਭੂੰਗ ਦੀ ਓਵਰਲੋਡ ਟਰਾਲੀ ਨੇ ਕੈਂਟਰ ਦੇ ਉਡਾਏ ਪਰਖੱਚੇ, ਚਾਲਕ ਗੰਭੀਰ ਜ਼ਖ਼ਮੀ

WhatsApp Image 2026-03-20 at 16.31.23

ਲੋਕਾਂ ’ਚ ਭਾਰੀ ਰੋਸ: ਰਿਫਲੈਕਟਰਾਂ ਦੀ ਘਾਟ ਬਣੀ ਹਾਦਸੇ ਦਾ ਕਾਰਨ

ਤਪਾ ਮੰਡੀ, 20 ਮਾਰਚ (ਰਾਕੇਸ਼ ਜੇਠੀ): ਤਪਾ-ਢਿੱਲਵਾਂ ਲਿੰਕ ਰੋਡ ‘ਤੇ ਸ਼ਿਵਾਲਿਕ ਪਬਲਿਕ ਸਕੂਲ ਦੇ ਨਜ਼ਦੀਕ ਬੀਤੀ ਰਾਤ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਜਿਸ ’ਚ ਇਕ ਭੂੰਗ (ਤੂੜੀ/ਫੂਸ) ਦੀ ਓਵਰਲੋਡ ਟਰਾਲੀ ਤੇ ਕੈਂਟਰ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ’ਚ ਕੈਂਟਰ ਚਾਲਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਜਦਕਿ ਟਰੈਕਟਰ ਚਾਲਕ ਦੀ ਜਾਨ ਵਾਲ-ਵਾਲ ਬਚ ਗਈ। ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਰਾਜਪੁਰਾ ਆਪਣੇ ਕੈਂਟਰ ਰਾਹੀਂ ਪੱਖੋ ਕੈਂਚੀਆਂ ਵਾਲੀ ਸਾਈਡ ਤੋਂ ਤਪਾ ਵੱਲ ਆ ਰਿਹਾ ਸੀ। ਜਦੋਂ ਉਹ ਸ਼ਿਵਾਲਿਕ ਸਕੂਲ ਕੋਲ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੀ ਭੂੰਗ ਨਾਲ ਲੱਦੀ ਇਕ ਓਵਰਲੋਡ ਟਰਾਲੀ ਨਾਲ ਉਸ ਦੀ ਸਿੱਧੀ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕੈਂਟਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਪਿਚਕ ਗਿਆ ਤੇ ਚਾਲਕ ਅੰਦਰ ਹੀ ਫਸ ਗਿਆ। ਹਾਦਸੇ ਤੋਂ ਤੁਰੰਤ ਬਾਅਦ ਰਾਹਗੀਰਾਂ ਨੇ ਮਿੰਨੀ ਸਹਾਰਾ ਕਲੱਬ ਨੂੰ ਸੂਚਨਾ ਦਿੱਤੀ। ਕਲੱਬ ਦੇ ਮੈਂਬਰਾਂ ਨੇ ਮੌਕੇ ‘ਤੇ ਪਹੁੰਚ ਕੇ ਭਾਰੀ ਮੁਸ਼ੱਕਤ ਤੋਂ ਬਾਅਦ ਜ਼ਖ਼ਮੀ ਚਾਲਕ ਨੂੰ ਕੈਂਟਰ ’ਚੋਂ ਬਾਹਰ ਕੱਢਿਆ। ਉਸ ਨੂੰ ਤੁਰੰਤ ਸਿਵਲ ਹਸਪਤਾਲ ਤਪਾ ਲਿਜਾਇਆ ਗਿਆ। ਜਿਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਮੁਢਲੀ ਸਹਾਇਤਾ ਤੋਂ ਬਾਅਦ ਰਜਿੰਦਰਾ ਹਸਪਤਾਲ ਪਟਿਆਲਾ ਰੈਫ਼ਰ ਕਰ ਦਿੱਤਾ। ਮੌਕੇ ‘ਤੇ ਇਕੱਠੇ ਹੋਏ ਲੋਕਾਂ ਨੇ ਪ੍ਰਸ਼ਾਸਨ ਖ਼ਿਲਾਫ਼ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਰਾਤ ਸਮੇਂ ਚੱਲਣ ਵਾਲੀਆਂ ਭੂੰਗ ਦੀਆਂ ਇਹ ਓਵਰਲੋਡ ਟਰਾਲੀਆਂ ਮੌਤ ਦਾ ਕਾਰਨ ਬਣ ਰਹੀਆਂ ਹਨ। ਲੋਕਾਂ ਅਨੁਸਾਰ ਇਨ੍ਹਾਂ ਟਰਾਲੀਆਂ ‘ਤੇ ਕੋਈ ਰਿਫਲੈਕਟਰ ਜਾਂ ਲਾਈਟ ਨਹੀਂ ਹੁੰਦੀ। ਜਿਸ ਕਾਰਨ ਰਾਤ ਦੇ ਹਨੇਰੇ ’ਚ ਸਾਹਮਣੇ ਤੋਂ ਆਉਣ ਵਾਲੇ ਵਾਹਨਾਂ ਨੂੰ ਇਹ ਦਿਖਾਈ ਨਹੀਂ ਦਿੰਦੀਆਂ। ਟਰਾਲੀਆਂ ਦੀ ਚੌੜਾਈ ਸੜਕ ਤੋਂ ਕਿਤੇ ਵੱਧ ਹੋਣ ਕਾਰਨ ਦੂਜੇ ਵਾਹਨਾਂ ਲਈ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ। ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਪੁਲਿਸ ਤੇ ਟ੍ਰੈਫਿਕ ਵਿਭਾਗ ਇਨ੍ਹਾਂ ਓਵਰਲੋਡ ਵਾਹਨਾਂ ‘ਤੇ ਸਖ਼ਤ ਸ਼ਿਕੰਜਾ ਕੱਸੇ ਤਾਂ ਜੋ ਰੋਜ਼ਾਨਾ ਹੋਣ ਵਾਲੇ ਹਾਦਸਿਆਂ ਨੂੰ ਰੋਕਿਆ ਜਾ ਸਕੇ। ਮੌਕੇ ‘ਤੇ ਪਹੁੰਚੀ ਪੁਲਿਸ ਪਾਰਟੀ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

SIR

About The Author

You may have missed