ਭੋਲੇ ਸ਼ੰਕਰ ਦਲ ਹੰਡਿਆਇਆ ਵੱਲੋਂ ਸ਼ਿਵਰਾਤਰੀ ਮੌਕੇ ਲਗਾਇਆ ਲੰਗਰ

ਹੰਡਿਆਇਆ, 16 ਫਰਵਰੀ(ਰਾਕੇਸ਼ ਜੇਠੀ) – ਮਹਾਂਸ਼ਿਵਰਾਤਰੀ ਦੇ ਪਾਵਨ ਅਵਸਰ ਨੂੰ ਸਮਰਪਿਤ ਕਰਦਿਆਂ ਭੋਲੇ ਸ਼ੰਕਰ ਦਲ ਹੰਡਿਆਇਆ ਵੱਲੋਂ ਟੈਲੀਫੋਨ ਐਕਸਚੇਂਜ ਦੇ ਨਜ਼ਦੀਕ ਸਥਿਤ ਪ੍ਰਾਚੀਨ ਸ਼ਿਵ ਮੰਦਿਰ ਵਿੱਚ ਚੌਥਾ ਵਿਸ਼ਾਲ ਭੰਡਾਰਾ ਸ਼ਰਧਾ ਅਤੇ ਉਤਸ਼ਾਹ ਨਾਲ ਲਗਾਇਆ ਗਿਆ।
ਇਸ ਪਵਿੱਤਰ ਸਮਾਗਮ ਦੌਰਾਨ ਸਵੇਰੇ ਤੋਂ ਹੀ ਭਗਤ ਜਨ ਮੰਦਿਰ ਵਿੱਚ ਨਤਮਸਤਕ ਹੋਣ ਲਈ ਪਹੁੰਚਦੇ ਰਹੇ। ਭਗਵਾਨ ਸ਼ਿਵ ਦੀ ਮਹਿਮਾ ਦਾ ਜਾਪ ਕੀਤਾ ਗਿਆ ਅਤੇ ਇਲਾਕੇ ਦੀ ਖੁਸ਼ਹਾਲੀ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।
ਭੰਡਾਰੇ ਵਿੱਚ ਸ਼ਰਧਾਲੂਆਂ ਲਈ ਆਲੂ–ਪੂਰੀ ਦਾ ਪ੍ਰਸਾਦ ਵਰਤਾਇਆ ਗਿਆ। ਸੇਵਾਦਾਰਾਂ ਨੇ ਪੂਰੀ ਨਿਮਰਤਾ ਅਤੇ ਸੇਵਾ ਭਾਵ ਨਾਲ ਭਗਤਾਂ ਨੂੰ ਲੰਗਰ ਛਕਾਇਆ। ਸਮੂਹ ਇਲਾਕੇ ਵਿੱਚ ਭਗਤੀਮਈ ਮਾਹੌਲ ਬਣਿਆ ਰਿਹਾ ਅਤੇ “ਬੋਲ ਬਮ” ਦੇ ਜੈਕਾਰਿਆਂ ਨਾਲ ਵਾਤਾਵਰਣ ਗੂੰਜ ਉਠਿਆ।
ਦਲ ਦੇ ਮੈਂਬਰਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਧਾਰਮਿਕ ਸਮਾਗਮ ਸਾਂਝੀ ਭਾਵਨਾ ਅਤੇ ਭਾਈਚਾਰੇ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਨੇ ਸਾਰੇ ਸਹਿਯੋਗੀਆਂ ਅਤੇ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਵੀ ਇਸ ਪ੍ਰੰਪਰਾ ਨੂੰ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਦਲ ਦੇ ਮੈਂਬਰ ਰਾਮਪਾਲ ਸਿੰਘ, ਵਿਸਾਖਾ ਗੁਰੂ, ਸੇਵਕ ਬਲ, ਡਾਕਟਰ ਜਸਵੀਰ ਸਿੰਘ, ਲਾਡੀ ਸਿੰਘ, ਬਾਬਾ ਲਾਲਾ ਨਾਥ, ਕੁਲਦੀਪ ਸਿੰਘ ,ਹਰਦੀਪ ਗੁਰੂ, ਪ੍ਰਭੂ ਸਿੰਘ, ਬੱਬੂ ਕੈਫੇ ਵਾਲਾ ਤੇ ਲਾਡੀ ਸਿੰਘ ਹਾਜ਼ਰ ਸਨ।
ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਭੰਡਾਰੇ ਦਾ ਲੰਗਰ ਛਕ ਕੇ ਪੁੰਨ ਪ੍ਰਾਪਤ ਕੀਤਾ ਅਤੇ ਭਗਵਾਨ ਭੋਲੇਨਾਥ ਤੋਂ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਦੀ ਅਰਦਾਸ ਕੀਤੀ।
