ਤਪਾ ਮੰਡੀ ਚ ਵਿਜੀਲੈਂਸ ਦਾ ਵੱਡਾ ਧਾਵਾ: ਭਾਰਤ ਰਾਈਸ ਯੋਜਨਾਚ ਘਪਲੇ ਦੇ ਦੋਸ਼, ਟਰੱਕ ਯੂਨੀਅਨ ਦਾ ਰਿਕਾਰਡ ਖੰਗਾਲਿਆ

Primekhabarpunjab Tapa

ਤਪਾ ਮੰਡੀ\ਬਰਨਾਲਾ, 16 ਫਰਵਰੀ (ਰਾਕੇਸ਼ ਜੇਠੀ): ਪੰਜਾਬ ’ਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਸਵੇਰੇ ਉਸ ਵੇਲੇ ਹੜਕੰਪ ਮਚ ਗਿਆ। ਜਦੋਂ ਪੰਜਾਬ ਵਿਜੀਲੈਂਸ ਵਿਭਾਗ ਦੀ ਇੱਕ ਵਿਸ਼ੇਸ਼ ਟੀਮ ਨੇ ਜ਼ਿਲ੍ਹਾ ਬਰਨਾਲਾ ਦੀ ਟਰੱਕ ਯੂਨੀਅਨ ਤਪਾ ’ਚ ਅਚਾਨਕ ਛਾਪੇਮਾਰੀ ਕੀਤੀ। ਕੇਂਦਰ ਸਰਕਾਰ ਦੀ ਮਹੱਤਵਪੂਰਨ ਯੋਜਨਾ ’ਚ ਹੋਈ ਵੱਡੀ ਗੜਬੜੀ ਦੇ ਸ਼ੱਕ ਹੇਠ ਕੀਤੀ ਗਈ ਇਸ ਕਾਰਵਾਈ ਨੇ ਇਲਾਕੇ ਦੇ ਕਈ ਵੱਡੇ ਵਪਾਰੀਆਂ ਤੇ ਅਧਿਕਾਰੀਆਂ ਦੀ ਨੀਂਦ ਉਡਾ ਦਿੱਤੀ ਹੈ। ਵਿਜੀਲੈਂਸ ਟੀਮਾਂ ਵਲੋਂ ਕਈ ਘੰਟਿਆਂ ਤਕ ਯੂਨੀਅਨ ਦੇ ਅਹਾਤੇ ’ਚ ਮੌਜੂਦ ਰਿਕਾਰਡ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਪ੍ਰਾਪਤ ਵੇਰਵਿਆਂ ਅਨੁਸਾਰ ਇਹ ਸਾਰਾ ਮਾਮਲਾ ਕੇਂਦਰ ਸਰਕਾਰ ਦੀ “ਭਾਰਤ ਰਾਈਸ ਯੋਜਨਾ” ਨਾਲ ਜੁੜਿਆ ਹੋਇਆ ਹੈ। ਇਸ ਯੋਜਨਾ ਦਾ ਮੁਖ ਮਕਸਦ ਗਰੀਬ ਤੇ ਮੱਧ ਵਰਗ ਦੇ ਲੋਕਾਂ ਨੂੰ ਰਿਆਇਤੀ ਦਰਾਂ ਤੇ ਚਾਵਲ ਮੁਹੱਈਆ ਕਰਵਾਉਣਾ ਸੀ। ਦੋਸ਼ ਹਨ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਕੁਝ ਰਸੂਖਵਾਨ ਨਿੱਜੀ ਵਪਾਰੀਆਂ ਨੇ ਸਰਕਾਰੀ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਇਸ ਯੋਜਨਾ ਨੂੰ ਆਪਣੀ ਕਮਾਈ ਦਾ ਜ਼ਰੀਆ ਬਣਾ ਲਿਆ। ਸਰਕਾਰੀ ਰੇਟਾਂਤੇ ਜਾਰੀ ਹੋਏ ਚਾਵਲ ਨਿਰਧਾਰਤ ਸਰਕਾਰੀ ਦੁਕਾਨਾਂ ਜਾਂ ਸਹਿਕਾਰੀ ਸਭਾਵਾਂ ਤਕ ਪਹੁੰਚਾਉਣ ਦੀ ਬਜਾਏ ਰਸਤੇ ’ਚ ਹੀ ਖੁੱਲ੍ਹੀ ਮੰਡੀ ’ਚ ਮਹਿੰਗੇ ਭਾਅ ਵੇਚ ਕੇ ਮੋਟੀ ਕਮਾਈ ਕੀਤੀ ਗਈ ਹੈ।
—ਕਾਗਜ਼ਾਂ ਚ ਪਹੁੰਚ ਗਏ ਟਰੱਕ, ਜ਼ਮੀਨਤੇ ਮਾਲ ਗਾਇਬ
ਵਿਜੀਲੈਂਸ ਦੀ ਜਾਂਚ ਦਾ ਮੁਖ ਕੇਂਦਰ ਟਰਾਂਸਪੋਰਟੇਸ਼ਨ ਤੇ ਢੋਆ-ਢੁਆਈ ਦਾ ਰਿਕਾਰਡ ਹੈ। ਚਰਚਾ ਹੈ ਕਿ ਸਰਕਾਰੀ ਰਿਕਾਰਡ ’ਚ ਕਈ ਟਰੱਕ ਆਪਣੀ ਮੰਜ਼ਿਲ ਤੇ ਪਹੁੰਚੇ ਦਿਖਾਏ ਗਏ ਹਨ ਤੇ ਉਨ੍ਹਾਂ ਦੇ ਬਿੱਲ ਵੀ ਪਾਸ ਕਰਵਾ ਲਏ ਗਏ। ਪਰ ਅਸਲ ’ਚ ਚਾਵਲਾਂ ਨਾਲ ਭਰੇ ਇਹ ਟਰੱਕ ਕਦੇ ਸਬੰਧਤ ਡਿਪੂਆਂ ਤਕ ਪਹੁੰਚੇ ਹੀ ਨਹੀਂ। ਵਿਜੀਲੈਂਸ ਅਧਿਕਾਰੀ ਗੁਰਮੇਲ ਸਿੰਘ ਦੀ ਅਗਵਾਈ ਹੇਠ ਟੀਮ ਨੇ ਟਰੱਕ ਮਾਲਕਾਂ, ਡਰਾਈਵਰਾਂ ਤੇ ਕੰਡਕਟਰਾਂ ਦੇ ਬਿਆਨ ਦਰਜ ਕੀਤੇ ਹਨ ਤੇ ਪਿਛਲੇ ਤਿੰਨ ਸਾਲਾਂ ਦੇ ਰੂਟ ਚਾਰਟ ਤੇ ਬਿੱਲਾਂ ਦਾ ਮਿਲਾਣ ਕੀਤਾ ਜਾ ਰਿਹਾ ਹੈ।

—ਡਾਟਾ ਇਕੱਠਾ ਕਰਕੇ ਉੱਚ ਅਧਿਕਾਰੀਆਂ ਨੂੰ ਸੌਂਪੀ ਜਾਵੇਗੀ ਰਿਪੋਰਟ ਵਿਜੀਲੈਂਸ ਅਧਿਕਾਰੀ ਗੁਰਮੇਲ ਸਿੰਘ ਨੇ ਦੱਸਿਆ ਕਿ ਅਸੀਂ ਚਾਵਲਾਂ ਦੀ ਢੁਆਈ ਨਾਲ ਜੁੜੇ ਹਰ ਇੱਕ ਤੱਥ ਦੀ ਡੂੰਘਾਈ ਨਾਲ ਪੜਤਾਲ ਕਰ ਰਹੇ ਹਾਂ। ਪਿਛਲੇ ਸਾਲਾਂ ਦਾ ਸਾਰਾ ਡਾਟਾ ਇਕੱਠਾ ਕਰਕੇ ਰਿਪੋਰਟ ਉੱਚ ਅਧਿਕਾਰੀਆਂ ਨੂੰ ਸੌਂਪੀ ਜਾਵੇਗੀ। ਜੇਕਰ ਇਸ ਘਪਲੇ ’ਚ ਕੋਈ ਵੀ ਸਰਕਾਰੀ ਮੁਲਾਜ਼ਮ ਜਾਂ ਨਿੱਜੀ ਵਿਅਕਤੀ ਦੋਸ਼ੀ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

—ਆਉਣ ਵਾਲੇ ਦਿਨਾਂ ਚ ਹੋ ਸਕਦੇ ਹਨ ਵੱਡੇ ਖੁਲਾਸੇ
ਖ਼ਬਰ ਲਿਖੇ ਜਾਣ ਤਕ ਵਿਜੀਲੈਂਸ ਦੀ ਕਾਰਵਾਈ ਜਾਰੀ ਸੀ ਤੇ ਯੂਨੀਅਨ ਦਫ਼ਤਰ ਦੇ ਅੰਦਰ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਸੀ। ਇਸ ਛਾਪੇਮਾਰੀ ਤੋਂ ਬਾਅਦ ਤਪਾ ਮੰਡੀ ਦੇ ਵਪਾਰਕ ਹਲਕਿਆਂ ’ਚ ਭਾਰੀ ਚਰਚਾ ਛਿੜ ਗਈ ਹੈ। ਸੂਤਰਾਂ ਅਨੁਸਾਰ ਜੇਕਰ ਵਿਜੀਲੈਂਸ ਦੇ ਹੱਥ ਠੋਸ ਸਬੂਤ ਲੱਗਦੇ ਹਨ ਤਾਂ ਆਉਣ ਵਾਲੇ ਦਿਨਾਂ ’ਚ ਕਈ ਵੱਡੀਆਂ ਗ੍ਰਿਫ਼ਤਾਰੀਆਂ ਸੰਭਵ ਹਨ।

About The Author

You may have missed