ਨਸ਼ੇ ਨੇ ਬੁਝਾਇਆ ਇੱਕ ਹੋਰ ਘਰ ਦਾ ਚਿਰਾਗ: ‘ਯੁੱਧ ਨਸ਼ਿਆਂ ਵਿਰੁੱਧ’ ਦੇ ਦਾਅਵਿਆਂ ’ਚ ਫਿਰ ਇਕ ਨੌਜਵਾਨ ਦੀ ਮੌਤ

ਮ੍ਰਿਤਕ ਬੂਟਾ ਸਿੰਘ ਦੀ ਫਾਈਲ ਫੋਟੋ
ਹੰਡਿਆਇਆ-16 ਫਰਵਰੀ(ਰਾਕੇਸ਼ ਜੇਠੀ)- ਕਸਬਾ ਹੰਡਿਆਇਆ ਦਾ 22–23 ਸਾਲਾ ਨੌਜਵਾਨ ਬੂਟਾ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਸੈਦੋਪਤੀ ਹੰਡਿਆਇਆ ਨਸ਼ੇ ਦੀ ਲਤ ਕਾਰਨ 13 ਫਰਵਰੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। ਸੰਸਕਾਰ ਮੌਕੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਬੂਟਾ ਸਿੰਘ ਨੂੰ ਨਸ਼ੇ ਕਰਨ ਦੀ ਆਦਤ ਸੀ ਅਤੇ ਪਿਛਲੇ ਦੋ-ਤਿੰਨ ਦਿਨਾਂ ਤੋਂ ਘਰ ਨਹੀਂ ਆਇਆ ਸੀ। ਅੱਜ ਉਸਦੇ ਭਰਾ ਜਗਸੀਰ ਸਿੰਘ ਨੇ ਅਖਬਾਰ ਵਿੱਚ ਪੁਲਿਸ ਵੱਲੋਂ ਲਾਸ਼ ਦੀ ਪਛਾਣ ਲਈ ਜਾਰੀ ਕੀਤੀ ਖਬਰ ਵਿੱਚ ਫੋਟੋ ਵੇਖ ਕੇ ਪੁਲਿਸ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਮਾਮਲੇ ਦੀ ਪੁਸ਼ਟੀ ਹੋਈ।
ਕੀ ਕਹਿਣਾ ਹੈ ਪੁਲਿਸ ਦਾ:-
ਬੱਸ ਸਟੈਂਡ ਚੌਂਕੀ ਇੰਚਾਰਜ ਗੁਰਸਿਮਰਨਜੀਤ ਸਿੰਘ ਨੇ ਦੱਸਿਆ ਕਿ 13 ਫਰਵਰੀ 2026 ਨੂੰ ਇੱਕ ਅਣਪਛਾਤਾ ਵਿਅਕਤੀ ਬੇਹੋਸ਼ ਹਾਲਤ ਵਿੱਚ ਕਪਾਹ ਮੰਡੀ ਬਰਨਾਲਾ ਵਿਖੇ ਮਿਲਿਆ ਸੀ। ਜਿਸ ਨੂੰ ਐਬੂਲੈਂਸ ਰਾਹੀਂ ਸਿਵਲ ਹਸਪਤਾਲ ਬਰਨਾਲਾ ਪਹੁੰਚਾਇਆ ਗਿਆ। ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮ੍ਰਿਤਕ ਵਿਅਕਤੀ ਕੋਲੋਂ ਕੋਈ ਵੀ ਪਹਿਚਾਣ ਪੱਤਰ ਨਹੀਂ ਮਿਲਿਆ ਜਿਸ ਕਾਰਨ ਸ਼ਨਾਖਤ ਲਈ ਪੁਲਿਸ ਵੱਲੋਂ ਜਨਤਾ ਨੂੰ ਅਖਬਾਰ ਰਾਹੀਂ ਫੋਟੋ ਛਾਪ ਕੇ ਅਪੀਲ ਕੀਤੀ ਗਈ ਸੀ। ਅੱਜ ਪਰਿਵਾਰਿਕ ਮੈਂਬਰਾਂ ਦੇ ਸਾਡੇ ਨਾਲ ਸੰਪਰਕ ਕਰਨ ਤੇ ਲਾਸ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਅਤੇ BNS ਦੀ ਧਾਰਾ 194 ਅਧੀਨ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।
ਇਕ ਹੋਰ ਘਰ ਦਾ ਚਿਰਾਗ ਬੁਝ ਗਿਆ, ਇਕ ਹੋਰ ਮਾਂ ਦੀਆਂ ਅੱਖਾਂ ਸੁੰਨੀਆਂ ਹੋ ਗਈਆਂ—ਪਰ ਸਵਾਲ ਉਹੀ ਪੁਰਾਣਾ ਹੈ: “ਯੁੱਧ ਨਸ਼ਿਆਂ ਵਿਰੁੱਧ” ਦੇ ਵੱਡੇ-ਵੱਡੇ ਦਾਅਵੇ ਆਖਿਰ ਕਿੱਥੇ ਗਾਇਬ ਹੋ ਜਾਂਦੇ ਹਨ ਜਦੋਂ ਜ਼ਮੀਨੀ ਹਕੀਕਤ ਸਾਹਮਣੇ ਆਉਂਦੀ ਹੈ?
ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਦੇ ਇਸ਼ਤਿਹਾਰਾਂ ਅਤੇ ਬਿਆਨਾਂ ਵਿੱਚ ਤਾਂ ਨਸ਼ਾ ਮਾਫੀਆ ਨੂੰ ਖਤਮ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਪਿੰਡਾਂ ਅਤੇ ਕਸਬਿਆਂ ਵਿੱਚ ਨੌਜਵਾਨ ਅਜੇ ਵੀ ਨਸ਼ੇ ਦੀ ਭੇਟ ਚੜ੍ਹ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇ ਯੁੱਧ ਵਾਸਤਵ ਵਿੱਚ ਜਿੱਤਿਆ ਜਾ ਰਿਹਾ ਹੈ ਤਾਂ ਫਿਰ ਕਿਉਂ ਕਿਸੇ ਨਾ ਕਿਸੇ ਘਰ ਤੋਂ ਚੀਖਾਂ ਸੁਣਾਈ ਦੇ ਰਹੀਆਂ ਹਨ?
ਸਮਾਜਿਕ ਵਰਗਾਂ ਨੇ ਮੰਗ ਕੀਤੀ ਹੈ ਕਿ ਸਿਰਫ਼ ਬਿਆਨਾਂ ਅਤੇ ਮੁਹਿੰਮਾਂ ਨਾਲ ਨਹੀਂ, ਸਖ਼ਤ ਕਾਰਵਾਈ ਅਤੇ ਨਸ਼ਾ ਵੇਚਣ ਵਾਲਿਆਂ ਦੀ ਜੜੋਂ-ਜੜ ਖ਼ਤਮਾ ਕਰਨ ਨਾਲ ਹੀ ਇਸ ਸਮੱਸਿਆ ਦਾ ਹੱਲ ਨਿਕਲ ਸਕਦਾ ਹੈ। ਨਾਲ ਹੀ ਨਸ਼ੇ ਦੇ ਆਦੀ ਨੌਜਵਾਨਾਂ ਦੀ ਪੁਨਰਵਾਸੀ ਅਤੇ ਕਾਊਂਸਲਿੰਗ ਲਈ ਪੱਕੇ ਪ੍ਰਬੰਧ ਕਰਨ ਦੀ ਲੋੜ ਹੈ, ਤਾਂ ਜੋ ਹੋਰ ਕੋਈ ਬੂਟਾ ਸਿੰਘ ਇਸ ਤਰ੍ਹਾਂ ਅਕਾਲ ਮੌਤ ਦਾ ਸ਼ਿਕਾਰ ਨਾ ਬਣੇ।
ਇਹ ਘਟਨਾ ਇੱਕ ਵਾਰੀ ਫਿਰ ਸਰਕਾਰ ਦੇ ਦਾਵਿਆਂ ’ਤੇ ਸਵਾਲ ਖੜ੍ਹੇ ਕਰਦੀ ਹੈ। ਕੀ “ਯੁੱਧ” ਸਿਰਫ਼ ਕਾਗਜ਼ਾਂ ਅਤੇ ਪ੍ਰੈਸ ਨੋਟਾਂ ਤੱਕ ਹੀ ਸੀਮਿਤ ਹੈ? ਜਾਂ ਫਿਰ ਜ਼ਮੀਨ ’ਤੇ ਵੀ ਕੋਈ ਠੋਸ ਕਦਮ ਚੁੱਕੇ ਜਾਣਗੇ?
ਜਦ ਤੱਕ ਨਸ਼ੇ ਦੀ ਲੜਾਈ ਸੱਚਮੁੱਚ ਜ਼ਮੀਨੀ ਪੱਧਰ ’ਤੇ ਨਹੀਂ ਲੜੀ ਜਾਂਦੀ, ਤਦ ਤੱਕ ਅਜਿਹੇ ਦੁੱਖਦਾਈ ਸਮਾਚਾਰ ਆਉਂਦੇ ਰਹਿਣਗੇ ਅਤੇ ਮਾਪਿਆਂ ਦੀਆਂ ਅੱਖਾਂ ਦੇ ਚਿਰਾਗ ਇਸੇ ਤਰ੍ਹਾਂ ਬੁਝਦੇ ਰਹਿਣਗੇ।
