ਪੱਤੀ ਰੋਡ ਬਰਨਾਲਾ ਵਿਖੇ ਮਹਾਸ਼ਿਵਰਾਤਰੀ ਦੇ ਸਬੰਧ ’ਚ 21ਵਾਂ ਵਿਸ਼ਾਲ ਭੰਡਾਰਾ ਸ਼ਰਧਾਪੂਰਵਕ ਲਗਾਇਆ

PrimekhabarPunjab Patti Road

ਬਰਨਾਲਾ, 16 ਫਰਵਰੀ (ਰਾਕੇਸ਼ ਜੇਠੀ): ਮਹਾਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਰਵਾਇਤ ਅਨੁਸਾਰ ਇਸ ਸਾਲ ਵੀ ਮਹਾਂਦੇਵ ਲੰਗਰ ਕਮੇਟੀ ਪੱਤੀ ਰੋਡ, ਬਰਨਾਲਾ ਵਲੋਂ ਸਮੂਹ ਮਾਰਕੀਟ ਤੇ ਮੁਹੱਲਾ ਨਿਵਾਸੀਆਂ ਦੇ ਵਿਸ਼ੇਸ਼ ਸਹਿਯੋਗ ਨਾਲ 21ਵਾਂ ਵਿਸ਼ਾਲ ਭੰਡਾਰਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਲਗਾਇਆ ਗਿਆ। ਇਸ ਧਾਰਮਿਕ ਸਮਾਗਮ ਦੌਰਾਨ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਨਤਮਸਤਕ ਹੋ ਕੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਤੇ ਸੇਵਾ ਦਾ ਅਨੰਦ ਮਾਣਿਆ। ਕਮੇਟੀ ਦੇ ਮੁਖ ਪ੍ਰਬੰਧਕ ਜੋਨੀ ਦਾਨੀਆਂ, ਪੁਨੀਤ ਕੌਸ਼ਲ ਮੋਨੂੰ, ਸੁਰਿੰਦਰ ਗੋਇਲ ਤੇ ਕਾਲਾ ਸਿੰਗਲਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਸਮਾਗਮ ਪਿਛਲੇ ਦੋ ਦਹਾਕਿਆਂ ਤੋਂ ਲਗਾਤਾਰ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਵੇਰ ਤੋਂ ਹੀ ਸ਼ਰਧਾਲੂਆਂ ਦੀ ਆਮਦ ਸ਼ੁਰੂ ਹੋ ਗਈ ਸੀ ਤੇ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਣ ਕੀਤਾ ਗਿਆ। ਇਸ ਮੌਕੇ ਸ਼ਰਧਾਲੂਆਂ ਲਈ ਪੂਰੀਆਂ-ਚਨੇ, ਖੀਰ, ਪਕੌੜੇ, ਫਰੂਟ ਚਾਟ, ਪਾਸਤਾ ਤੇ ਮਸਾਲਾ ਚਨੇ ਆਦਿ ਦਾ ਭੰਡਾਰਾ ਵਰਤਾਇਆ ਗਿਆ। ਇਹ ਭੰਡਾਰਾ ਸਵੇਰੇ 11 ਵਜੇ ਸ਼ੁਰੂ ਹੋ ਕੇ ਦੇਰ ਸ਼ਾਮ 6 ਵਜੇ ਤਕ ਨਿਰੰਤਰ ਜਾਰੀ ਰਿਹਾ। ਇਸ ਧਾਰਮਿਕ ਸਮਾਗਮ ’ਚ ਵਿਸ਼ੇਸ਼ ਤੌਰ `ਤੇ ਸਾਬਕਾ ਓਐਸਡੀ ਹਸਨਪ੍ਰੀਤ ਭਾਰਦਵਾਜ, ਪੀਏ ਰੋਹਿਤ ਓਸ਼ੋ, ਬਿੰਦਰ ਸਿੰਘ ਸੰਧੂ ਠੇਕਦਾਰ, ਬੱਗਾ ਸੰਧੂ ਤੇ ਵਿੱਕੀ ਵਾਲਮੀਕੀ, ਹਨੀ ਸ਼ਰਮਾ ਨੇ ਸ਼ਿਰਕਤ ਕੀਤੀ। ਪ੍ਰਬੰਧਕਾਂ ਵਲੋਂ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਨੂੰ ਜੀ ਆਇਆ ਕਿਹਾ। ਅਖੀਰ ’ਚ ਕਮੇਟੀ ਮੈਂਬਰਾਂ ਨੇ ਮਾਰਕੀਟ ਦੇ ਸਮੂਹ ਦੁਕਾਨਦਾਰਾਂ ਤੇ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਜਿਨ੍ਹਾਂ ਦੀ ਦਿਨ-ਰਾਤ ਦੀ ਮਿਹਨਤ ਤੇ ਸਹਿਯੋਗ ਸਦਕਾ ਇਹ ਭੰਡਾਰਾ ਸਫਲਤਾਪੂਰਵਕ ਨੇਪਰੇ ਚੜ੍ਹਿਆ। ਇਸ ਮੌਕੇ ਸੇਵਾਦਾਰ ਬਲਦੇਵ ਸਿੰਘ ਮਿਸਤਰੀ, ਨਵੀ, ਹਰਦੀਪ ਸਿੰਘ ਪੱਤੀ ਸੇਖਵਾ, ਮਣੀ, ਮੀਤਾ ਸਿੰਘ, ਬਿਨਟਾ, ਮੱਲੂ, ਬੁੱਗਾ ਸਿੰਘ, ਸੰਜੀਵ ਕੁਮਾਰ, ਸਾਹਿਲ ਸੁਲੇਮਾਨੀ, ਮਨਸੂਰ ਅਲੀ, ਗੌਰਵ ਵਾਲਮੀਕੀ, ਮੋਹਿਤ ਵਾਲਮੀਕੀ ਆਦਿ ਹਾਜ਼ਰ ਸਨ।
—ਨੌਜਵਾਨ ਆਪਣੀ ਅਮੀਰ ਵਿਰਾਸਤ ਤੇ ਧਾਰਮਿਕ ਰਵਾਇਤਾਂ ਨਾਲ ਜੁੜੇ ਰਹਿਣ
ਸਮਾਗਮ ਦੌਰਾਨ ਸਾਬਕਾ ਓਐੱਸਡੀ ਹਸਨਪ੍ਰੀਤ ਭਾਰਦਵਾਜ ਨੇ ਲੰਗਰ ਕਮੇਟੀ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਆਯੋਜਨ ਨਾ ਕੇਵਲ ਸਾਡੀ ਸੰਸਕ੍ਰਿਤੀ ਨੂੰ ਜਿਉਂਦਾ ਰੱਖਦੇ ਹਨ। ਸਗੋਂ ਆਪਸੀ ਭਾਈਚਾਰਕ ਸਾਂਝ ਤੇ ਮਾਨਵਤਾ ਦੀ ਸੇਵਾ ਦਾ ਜਜ਼ਬਾ ਵੀ ਪੈਦਾ ਕਰਦੇ ਹਨ। ਮਹਾਂਦੇਵ ਲੰਗਰ ਕਮੇਟੀ ਵਲੋਂ 21 ਸਾਲਾਂ ਤੋਂ ਨਿਰਵਿਘਨ ਇਹ ਸੇਵਾ ਨਿਭਾਉਣਾ ਬਹੁਤ ਹੀ ਸ਼ਲਾਘਾਯੋਗ ਤੇ ਮਿਸਾਲੀ ਕਦਮ ਹੈ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਅਮੀਰ ਵਿਰਾਸਤ ਤੇ ਧਾਰਮਿਕ ਰਵਾਇਤਾਂ ਨਾਲ ਜੁੜੇ ਰਹਿਣ।
—ਭਗਵਾਨ ਭੋਲੇਨਾਥ ਦੀ ਕਿਰਪਾ ਸਦਕਾ ਚੱਲ ਰਿਹਾ ਭੰਡਾਰਾ
ਕਮੇਟੀ ਦੇ ਮੁਖ ਸੇਵਾਦਾਰ ਜੋਨੀ ਦਾਨੀਆਂ ਤੇ ਪੁਨੀਤ ਕੌਸ਼ਲ ਮੋਨੂੰ ਨੇ ਦੱਸਿਆ ਕਿ ਭਗਵਾਨ ਭੋਲੇਨਾਥ ਦੀ ਕਿਰਪਾ ਸਦਕਾ ਹੀ ਅਸੀਂ ਇਸ ਸੇਵਾ ਨੂੰ ਲਗਾਤਾਰ 21ਵੇਂ ਸਾਲ ’ਚ ਲੈ ਕੇ ਪਹੁੰਚੇ ਹਾਂ। ਸਾਡਾ ਮੁਖ ਮਕਸਦ ਲੋਕਾਈ ਦੀ ਸੇਵਾ ਕਰਨਾ ਤੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਹੈ। ਉਨ੍ਹਾਂ ਕਿਹਾ ਕਿ ਸਮੂਹ ਮਾਰਕੀਟ ਦੇ ਦੁਕਾਨਦਾਰਾਂ ਤੇ ਇਲਾਕਾ ਨਿਵਾਸੀਆਂ ਦਾ ਸਹਿਯੋਗ ਸਾਨੂੰ ਹਰ ਸਾਲ ਹੋਰ ਵੀ ਉਤਸ਼ਾਹ ਨਾਲ ਇਸ ਕਾਰਜ ਨੂੰ ਕਰਨ ਦੀ ਤਾਕਤ ਦਿੰਦਾ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਕਮੇਟੀ ਭਵਿੱਖ ’ਚ ਵੀ ਇਸੇ ਤਰ੍ਹਾਂ ਧਾਰਮਿਕ ਤੇ ਸਮਾਜ ਸੇਵੀ ਕਾਰਜਾਂ ’ਚ ਮੋਹਰੀ ਭੂਮਿਕਾ ਨਿਭਾਉਂਦੀ ਰਹੇਗੀ।

About The Author

You may have missed