ਕਾਨੂੰਨੀ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਚੱਲ ਰਹੀ ਗਾਰਸਨ ਇੰਡਸਟਰੀਜ਼ ਫੈਕਟਰੀ ਧੌਲਾ

PrimekhabarPunjab Chhanna Roa

ਪ੍ਰਦੂਸ਼ਣ ਕੰਟਰੋਲ ਬੋਰਡ ਨੇ ਨੋਟਿਸ ਜਾਰੀ ਕਰਕੇ ਕੀਤੀ ਖਾਨਾਪੂਰਤੀ

ਬਰਨਾਲਾ, 16 ਫਰਵਰੀ (ਰਾਕੇਸ਼ ਜੇਠੀ): ਕਾਨੂੰਨੀ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਧੌਲਾ ਤੋਂ ਫਤਿਹਗੜ੍ਹ ਛੰਨਾਂ ਲਿੰਕ ਰੋਡ ’ਤੇ ਪਿੰਡ ਧੌਲਾ ਵਿਖੇ ਪਿਛਲੇ ਸਮੇਂ ਤੋਂ ਲੈ ਕੇ ਚੱਲ ਰਹੀ ਫੈਕਟਰੀ ਦੀਆਂ ਬੇਨਿਯਮੀਆਂ ਸਬੰਧੀ ਸਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਚੁੱਪੀ ਧਾਰੀ ਹੋਈ ਹੈ। ਸਿਰਫ ਕਾਗਜ਼ੀ ਕਾਰਵਾਈ ਕਰ ਖਾਨਾਪੂਰਤੀ ਕਰਨ ਨੂੰ ਪਹਿਲ ਦਿੱਤੀ ਜਾ ਰਹੀ ਹੈ। ਗ੍ਰਾਮ ਪੰਚਾਇਤ ਧੌਲਾ ਦੇ ਸਾਬਕਾ ਪੰਚਾਇਤ ਮੈਂਬਰ ਕੁਲਦੀਪ ਸਿੰਘ ਰਾਜੂ ਨੇ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੂੰ ਦਰਖਾਸਤਾਂ ਭੇਜ ਕੇ ਕਾਨੂੰਨੀ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਚਲਾਈ ਜਾ ਰਹੀ ਫੈਕਟਰੀ ਪ੍ਰਬੰਧਕਾਂ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਪਿੰਡ ਧੌਲਾ ਤੋਂ ਪਿੰਡ ਫਤਿਹਗੜ੍ਹ ਛੰਨਾਂ ਨੂੰ ਜਾਂਦੀ ਲਿੰਕ ਸੜਕ ’ਤੇ ਸਥਿੱਤ ਫੈਕਟਰੀ ਵਲੋਂ ਹਵਾ, ਪਾਣੀ, ਮਿੱਟੀ ਪ੍ਰਦੂਸ਼ਿਤ ਕਰ ਕੇ ਪਿਛਲੇ ਸਮੇਂ ਤੋਂ ਲੈ ਕੇ ਇਲਾਕਾ ਨਿਵਾਸੀਆਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਫੈਕਟਰੀ ਦੀ ਰਹਿੰਦ-ਖੂੰਹਦ ਨੂੰ ਸ਼ਰੇਆਮ ਲਿੰਕ ਰੋਡ ਦੀ ਸਾਈਡ ’ਤੇ ਫੈਕਟਰੀ ਦੇ ਗੇਟ ਨਜਦੀਕ ਰੱਖ ਕੇ ਅੱਗ ਲਗਾ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਹੈ। ਇਸ ਸਬੰਧੀ ਕਿ ਸਬੰਧਿਤ ਵਿਭਾਗਾਂ ਦੇ ਉੱਚ ਅਧਿਕਾਰੀ ਗਹਿਰੀ ਨੀਂਦ ਸੁੱਤੇ ਪਏ ਹਨ। ਕਾਨੂੰਨੀ ਨਿਯਮਾਂ ਦੀ ਉਲੰਘਣਾ ਕਰ ਕੇ ਧੌਲਾ ਵਿਖੇ ਚਲਾਈਆਂ ਜਾ ਰਹੀਆਂ ਫੈਕਟਰੀਆਂ ਦੇ ਪ੍ਰਦੂਸ਼ਣ ਕਾਰਨ ਇਲਾਕਾ ਨਿਵਾਸੀ ਅਨੇਕ ਬਿਮਾਰੀਆਂ ਦੇ ਸ਼ਿਕਾਰ ਹਨ। ਫੈਕਟਰੀ ਪ੍ਰਬੰਧਕਾਂ ਵਲੋਂ ਕੁਦਰਤੀ ਸੋਮੇ ਹਵਾ, ਪਾਣੀ, ਮਿੱਟੀ ਤਾਂ ਇਲਾਕੇ ਦੀ ਪ੍ਰਦੂਸ਼ਿਤ ਕੀਤੀ ਜਾਂਦੀ ਹੈ। ਰੁਜ਼ਗਾਰ ਤੇ ਮੁਨਾਫਾ ਦੂਜੇ ਸੂਬਿਆਂ ਤੇ ਇਲਾਕਿਆਂ ਦੇ ਵਿਆਕਤੀਆਂ ਨੂੰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਬੰਧਿਤਾਂ ਵਿਭਾਗਾਂ ਦੇ ਜਿੰਮੇਵਾਰ ਅਧਿਕਾਰੀਆਂ ਦੀ ਫੈਕਟਰੀ ’ਤੇ ਠੰਡੀ ਨਜ਼ਰ ਹੋਣ ਕਰ ਕੇ ਦਰਖ਼ਾਸਤਾਂ ਦੇਣ ਦੇ ਬਾਵਜੂਦ ਵੀ ਜਿੰਮੇਵਾਰ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਬਣਦੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਫੈਕਟਰੀ ਪ੍ਰਬੰਧਕਾਂ ਨੂੰ ਸਿਰਫ਼ ਨੋਟਿਸ ਦੇ ਕੇ ਖਾਨਾਪੂਰਤੀ ਕੀਤੀ ਜਾ ਰਹੀ ਹੈ। ਉਨਾਂ ਸਵਾਲ ਕੀਤਾ ਕਿ ਸਬੰਧਿਤਾਂ ਵਿਭਾਗਾਂ ਵਲੋਂ ਫੈਕਟਰੀ ਪ੍ਰਬੰਧਕਾਂ ਨੂੰ ਨੋਟਿਸ ਜਾਰੀ ਕਰਨ ਨਾਲ ਫੈਕਟਰੀ ਵਲੋਂ ਫੈਲਾਇਆ ਜਾ ਰਿਹਾ ਪ੍ਰਦੂਸ਼ਣ ਬੰਦ ਹੋ ਜਾਂਦਾ ਹੈ। ਉਨਾਂ ਬਰਨਾਲਾ ਦੇ ਡੀਸੀ ਤੋਂ ਵਿਸ਼ੇਸ਼ ਜਾਂਚ ਟੀਮ ਗਠਿਤ ਕਰਕੇ ਉਕਤ ਫੈਕਟਰੀ ਪ੍ਰਬੰਧਕਾਂ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਉਨਾਂ ਕਿਹਾ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਵਲੋਂ ਫੈਕਟਰੀ ਨੂੰ ਜਾਰੀ ਕੀਤੇ ਗਏ ਨੋਟਿਸ ਦੀ ਕਾਪੀ ਦੇਣ ਤੋਂ ਵੀ ਟਾਲ ਮਟੋਲ ਕੀਤੀ ਜਾ ਰਹੀ ਹੈ। ਜਿਸ ਤੋਂ ਸਾਬਤ ਹੁੰਦਾ ਹੈ ਕਿ ਫੈਕਟਰੀ ਪ੍ਰਬੰਧਕਾਂ ਦਾ ਅਧਿਕਾਰੀਆਂ ਵਲੋਂ ਪੱਖ ਪੂਰਿਆ ਜਾ ਰਿਹਾ ਹੈ। ਫੈਕਟਰੀ ਪ੍ਰਬੰਧਕਾਂ ’ਤੇ ਤੁਰੰਤ ਕਾਰਵਾਈ ਕੀਤੀ ਜਾਵੇ ਕਿਉਕਿ ਇਹ ਇਲਾਕਾ ਨਿਵਾਸੀਆਂ ਦੀ ਸਿਹਤ ਨਾਲ ਜੁੜਿਆ ਮਾਮਲਾ ਹੈ।
—ਫੈਕਟਰੀ ਦੀ ਚੈਕਿੰਗ ਕਰਕੇ ਅਗਲੇਰੀ ਕਾਰਵਾਈ ਕੀਤੀ ਸ਼ੁਰੂ
ਇਸ ਸਬੰਧੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪਟਿਆਲਾ ਦੇ ਐਕਸੀਅਨ ਤੇ ਸਬੰਧਿਤ ਅਧਿਕਾਰੀ ਸਾਹਿਬਜੀਤ ਵਲੋਂ ਮੀਡੀਆਂ ਨੂੰ ਦਿੱਤੇ ਪੱਖ ਅਨੁਸਾਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪਟਿਆਲਾ ਦੀ ਟੀਮ ਵਲੋਂ 2 ਫਰਵਰੀ ਨੂੰ ਗਾਰਸਨ ਇੰਡਸਟਰੀਜ਼ ਅਪੈਕ ਲੈਮੀਨੇਟਸ ਫੈਕਟਰੀ ਦੀ ਚੈਕਿੰਗ ਕੀਤੀ ਗਈ ਸੀ। ਚੈਕਿੰਗ ਦੌਰਾਨ ਪਾਇਆ ਕਿ ਉਕਤ ਫੈਕਟਰੀ ਵਾਤਾਵਰਨ ਤੇ ਪਾਣੀ ਸਬੰਧੀ ਨਿਯਮਾਂ ਦੀ ਉਲੰਣਾ ਕਰ ਰਹੀ ਹੈ। ਜਿਸ ਕਰਕੇ ਉਕਤ ਫੈਕਟਰੀ ਪ੍ਰਬੰਧਕਾਂ ਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਪਾਣੀ ਐਕਟ-1974 ਤੇ ਹਵਾ ਐਕਟ-1981 ਅਧੀਨ ਲੰਘੀ 3 ਫਰਵਰੀ ਦੇ ਪੱਤਰ ਨੰਬਰ 2914 ਰਾਹੀਂ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
—ਫੈਕਟਰੀ ਆ ਜਾਵੋ, ਬੈਠ ਕੇ ਗੱਲ ਕਰਦੇ ਹਾਂ
ਇਸ ਸਬੰਧੀ ਫੈਕਟਰੀ ਪ੍ਰਬੰਧਕ ਪਿਓਸ਼ ਗੋਇਲ ਵਲੋਂ ਮੀਡੀਆਂ ਨੂੰ ਦਿੱਤੇ ਪੱਖ ਅਨੁਸਾਰ ਉਨਾਂ ਪ੍ਰਦੂਸ਼ਣ ਕੰਟਰੋਲ ਪਟਿਆਲਾ ਵਲੋਂ ਜਾਰੀ ਨੋਟਿਸ ਦੀ ਪੁਸ਼ਟੀ ਕਰਦਿਆਂ ਤੇ ਫੈਕਟਰੀ ਵਲੋਂ ਕੀਤੀਆਂ ਜਾ ਰਹੀਆਂ ਬੇਨਿਯਮੀਆਂ ਸਬੰਧੀ ਆਪਣਾ ਕੋਈ ਪੱਖ ਦੇਣ ਤੋਂ ਟਾਲ ਮਟੋਲ ਕਰਦਿਆਂ ਕਿਹਾ ਕਿ ਫੈਕਟਰੀ ਆ ਜਾਵੋ ਬੈਠ ਕੇ ਗੱਲ ਕਰਦੇ ਹਾਂ।

About The Author

You may have missed