ਭਦੌੜ ’ਚ ਕਾਂਗਰਸ ਨੂੰ ਵੱਡਾ ਝਟਕਾ: 50 ਪਰਿਵਾਰ Aam Aadmi Party ’ਚ ਸ਼ਾਮਿਲ

ਭਦੌੜ-14 ਫਰਵਰੀ(ਰਾਕੇਸ਼ ਜੇਠੀ)- ਭਦੌੜ ਵਿਧਾਨ ਸਭਾ ਹਲਕੇ ਵਿੱਚ ਸਿਆਸੀ ਹਲਚਲ ਉਸ ਵੇਲੇ ਤੇਜ਼ ਹੋ ਗਈ ਜਦੋਂ ਕਰੀਬ 50 ਪਰਿਵਾਰਾਂ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ (ਆਪ) ਦਾ ਦਾਮਨ ਫੜ ਲਿਆ। ਇਹ ਸ਼ਮੂਲੀਅਤ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਦੀ ਹਾਜ਼ਰੀ ਵਿੱਚ ਪਾਰਟੀ ਦਫ਼ਤਰ ਵਿਖੇ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਹੋਈ।
ਸਾਬਕਾ ਕੌਂਸਲਰ ਭੋਲਾ ਸਿੰਘ ਅਤੇ ਕੋਚਾ ਨਾਥ ਦੀ ਅਗਵਾਈ ਹੇਠ ਹੋਈ ਇਸ ਵੱਡੀ ਸ਼ਮੂਲੀਅਤ ਦੌਰਾਨ ਵਿਧਾਇਕ ਉੱਗੋਕੇ ਨੇ ਨਵੇਂ ਮੈਂਬਰਾਂ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਅਤੇ ਪਾਰਟੀ ਵਿੱਚ ਪੂਰਾ ਮਾਣ-ਸਨਮਾਨ ਦੇਣ ਦਾ ਭਰੋਸਾ ਦਿੱਤਾ।
ਇਸ ਮੌਕੇ ਉਨ੍ਹਾਂ ਕਿਹਾ ਕਿ ਲੋਕਾਂ ਦਾ ‘ਆਪ’ ਪ੍ਰਤੀ ਵਧਦਾ ਵਿਸ਼ਵਾਸ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਲੋਕ-ਹਿਤੈਸ਼ੀ ਨੀਤੀਆਂ ਦਾ ਨਤੀਜਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਦੌੜ ਹਲਕੇ ਨੂੰ ਵਿਕਾਸ ਪੱਖੋਂ ਮਾਡਲ ਹਲਕਾ ਬਣਾਉਣਾ ਉਨ੍ਹਾਂ ਦਾ ਮੁੱਖ ਟੀਚਾ ਹੈ ਅਤੇ ਸੜਕਾਂ, ਸੀਵਰੇਜ, ਸਿੱਖਿਆ ਅਤੇ ਸਿਹਤ ਖੇਤਰ ਵਿੱਚ ਤੇਜ਼ੀ ਨਾਲ ਕੰਮ ਹੋ ਰਿਹਾ ਹੈ।
ਪਾਰਟੀ ਵਿੱਚ ਸ਼ਾਮਿਲ ਹੋਏ ਪਰਿਵਾਰਾਂ ਨੇ ਕਿਹਾ ਕਿ ਕਾਂਗਰਸ ਦੀ ਅੰਦਰੂਨੀ ਫੁੱਟ ਅਤੇ ਹਲਕੇ ਵਿੱਚ ਮਜ਼ਬੂਤ ਲੀਡਰਸ਼ਿਪ ਦੀ ਘਾਟ ਕਾਰਨ ਉਹ ਨਿਰਾਸ਼ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਵਿਧਾਇਕ ਉੱਗੋਕੇ ਦੀ ਸਾਦਗੀ ਅਤੇ ਵਿਕਾਸਕਾਰੀ ਸੋਚ ਨੇ ਉਨ੍ਹਾਂ ਨੂੰ ‘ਆਪ’ ਨਾਲ ਜੁੜਨ ਲਈ ਪ੍ਰੇਰਿਤ ਕੀਤਾ।
ਕਾਂਗਰਸ ਲਈ ਚਿੰਤਾ ਦੇ ਸੰਕੇਤ:
ਸਿਆਸੀ ਵਿਸ਼ਲੇਸ਼ਕਾਂ ਦਾ ਮਤ ਹੈ ਕਿ ਭਦੌੜ ਹਲਕੇ ਵਿੱਚ ਕਾਂਗਰਸ ਦੀ ਪਕੜ ਕਮਜ਼ੋਰ ਹੋ ਰਹੀ ਹੈ। ਹਲਕਾ ਇੰਚਾਰਜ ਦੀ ਗੈਰ-ਮੌਜੂਦਗੀ ਅਤੇ ਵਰਕਰਾਂ ਵਿੱਚ ਨਿਰਾਸ਼ਾ ਪਾਰਟੀ ਲਈ ਵੱਡੀ ਚੁਣੌਤੀ ਬਣ ਰਹੀ ਹੈ। ਲਗਾਤਾਰ ਹੋ ਰਹੀਆਂ ਸ਼ਮੂਲੀਅਤਾਂ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਹਲਕੇ ਵਿੱਚ ਕਾਂਗਰਸ ਨੂੰ ਆਪਣੀ ਸੰਗਠਨਾਤਮਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਤੁਰੰਤ ਕਦਮ ਚੁੱਕਣੇ ਪੈਣਗੇ।
ਇਸ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਪਾਰਟੀ ਅਹੁਦੇਦਾਰ, ਵਰਕਰ ਅਤੇ ਇਲਾਕਾ ਨਿਵਾਸੀ ਮੌਜੂਦ ਸਨ, ਜਿਨ੍ਹਾਂ ਨੇ ਨਵੇਂ ਸਾਥੀਆਂ ਦਾ ਉਤਸ਼ਾਹ ਨਾਲ ਸਵਾਗਤ ਕੀਤਾ। ਭਦੌੜ ਦੀ ਸਿਆਸਤ ਵਿੱਚ ਇਸ ਵੱਡੀ ਸ਼ਮੂਲੀਅਤ ਨੂੰ ਆਉਣ ਵਾਲੇ ਸਮੇਂ ਲਈ ਅਹਿਮ ਮੰਨਿਆ ਜਾ ਰਿਹਾ ਹੈ।
