ਲੋਕਤੰਤਰ ਦਾ ਚੌਥਾ ਥੰਮ੍ਹ ਖ਼ਤਰੇ ਚ: ਪੱਤਰਕਾਰਾਂ ਤੇ ਦਰਜ ਪਰਚਿਆਂ ਖ਼ਿਲਾਫ਼ ਬਰਨਾਲਾ ਦੇ ਮੀਡੀਆ ਕਰਮੀਆਂ ਨੇ ਖੋਲ੍ਹਿਆ ਮੋਰਚਾ

PrimekhabarPunjab Media

ਸਰਕਾਰ ਪੁਲਿਸ ਦਾ ਡਰ ਦਿਖਾ ਕੇ ਮੀਡੀਆ ਦੀ ਜ਼ੁਬਾਨਬੰਦੀ ਕਰਨਾ ਚਾਹੁੰਦੀ ਹੈ: ਜਗਸੀਰ ਸੰਧੂ

ਬਰਨਾਲਾ -02ਜਨਵਰੀ(ਰਾਕੇਸ਼ ਜੇਠੀ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੈਰ-ਹਾਜ਼ਰੀ ’ਚ ਸਰਕਾਰੀ ਜਹਾਜ਼ ਦੀ ਵਰਤੋਂ ਸਬੰਧੀ ਸਵਾਲ ਉਠਾਉਣ ਵਾਲੇ ਸੀਨੀਅਰ ਪੱਤਰਕਾਰਾਂ ਤੇ ਪੰਜਾਬ ਪੁਲਿਸ ਵਲੋਂ ਦਰਜ ਕੀਤੇ ਗਏ ਕੇਸਾਂ ਨੂੰ ਲੈ ਕੇ ਪੱਤਰਕਾਰ ਭਾਈਚਾਰੇ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸੇ ਰੋਸ ਦੇ ਚਲਦਿਆਂ ਸ਼ੁੱਕਰਵਾਰ ਨੂੰ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੀ ਬਰਨਾਲਾ ਇਕਾਈ ਵਲੋਂ ਸੂਬਾ ਸਰਕਾਰ ਦੀ ਇਸ ਕਾਰਵਾਈ ਵਿਰੁੱਧ ਡੀਸੀ ਟੀ. ਬੈਨਿਥ ਰਾਹੀਂ ਚੇਅਰਮੈਨ ਤੇ ਸਕੱਤਰ, ਪ੍ਰੈੱਸ ਕੌਂਸਲ ਆਫ਼ ਇੰਡੀਆ ਨੂੰ ਇਕ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਪੱਤਰਕਾਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ਚੇਅਰਮੈਨ ਰਵਿੰਦਰ ਰਵੀ, ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੰਧੂ ਤੇ ਜ਼ਿਲ੍ਹਾ ਸਕੱਤਰ ਨਿਰਮਲ ਸਿੰਘ ਪੰਡੋਰੀ ਨੇ ਕਿਹਾ ਕਿ ਸਰਕਾਰ ਪੁਲਿਸ ਦਾ ਡਰ ਦਿਖਾ ਕੇ ਲੋਕਤੰਤਰ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਤੰਤਰ ਦੀਆਂ ਗਲਤ ਨੀਤੀਆਂ ਵਿਰੁੱਧ ਸਵਾਲ ਕਰਨਾ ਪੱਤਰਕਾਰ ਦਾ ਸੰਵਿਧਾਨਕ ਹੱਕ ਹੈ। ਪਰ ਪੰਜਾਬ ਸਰਕਾਰ ਇਸ ਨੂੰ ਦਬਾਉਣ ਲਈ ਪਰਚਿਆਂ ਦਾ ਸਹਾਰਾ ਲੈ ਰਹੀ ਹੈ, ਜੋ ਕਿ ਅਤੀ ਨਿੰਦਣਯੋਗ ਹੈ। ਆਗੂਆਂ ਨੇ ਸਖ਼ਤ ਸ਼ਬਦਾਂ ’ਚ ਚਿਤਾਵਨੀ ਦਿੰਦਿਆਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਿਸ ਵੀ ਹਕੂਮਤ ਨੇ ਮੀਡੀਆ ਦੀ ਆਜ਼ਾਦੀ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਹੈ। ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪਏ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵੀ ਲੋਕ-ਵਿਰੋਧੀ ਨੀਤੀਆਂ ਨੂੰ ਛੁਪਾਉਣ ਲਈ ਪੱਤਰਕਾਰਾਂ ਦੀ ਜ਼ੁਬਾਨਬੰਦੀ ਕਰਨ ਦਾ ਭਰਮ ਪਾਲੀ ਬੈਠੀ ਹੈ। ਪੱਤਰਕਾਰਾਂ ਨੇ ਸਪੱਸ਼ਟ ਕੀਤਾ ਕਿ ਪੱਤਰਕਾਰਾਂ ਖ਼ਿਲਾਫ਼ ਦਰਜ ਕੀਤੇ ਗਏ ਗਲਤ ਪਰਚੇ ਰੱਦ ਕਰਵਾਉਣ ਲਈ ਸੂਬਾ ਪੱਧਰ ਤੇ ਜੋ ਵੀ ਸੰਘਰਸ਼ ਦੀ ਰੂਪ-ਰੇਖਾ ਉਲੀਕੀ ਜਾਵੇਗੀ। ਬਰਨਾਲਾ ਦੇ ਪੱਤਰਕਾਰ ਉਸ ’ਚ ਡਟ ਕੇ ਸ਼ਮੂਲੀਅਤ ਕਰਨਗੇ। ਉਨ੍ਹਾਂ ਨੇ ਜਨਤਕ ਜਥੇਬੰਦੀਆਂ ਤੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਲਿਖਣ ਤੇ ਬੋਲਣ ਦੀ ਆਜ਼ਾਦੀ ਨੂੰ ਬਚਾਉਣ ਲਈ ਪੱਤਰਕਾਰਾਂ ਦੇ ਇਸ ਸੰਘਰਸ਼ ਦਾ ਸਾਥ ਦੇਣ। ਮੰਗ ਪੱਤਰ ਸੌਂਪਣ ਸਮੇਂ ਬਲਜਿੰਦਰ ਸਿੰਘ ਚੌਹਾਨ, ਅਵਤਾਰ ਸਿੰਘ ਫਰਵਾਹੀ, ਰਜਿੰਦਰ ਕੁਮਾਰ ਸ਼ਰਮਾ, ਅਖਿਲੇਸ਼ ਬਾਂਸਲ, ਹਰਵਿੰਦਰ ਸਿੰਘ ਕਾਲਾ, ਸੁਰਿੰਦਰ ਗੋਇਲ, ਕਰਨਪ੍ਰੀਤ ਕਰਨ, ਤੁਸ਼ਾਰ ਸ਼ਰਮਾ, ਅਜੇ ਟੱਲੇਵਾਲ, ਹਰਪਾਲ ਸਿੰਘ ਪਾਲੀ, ਗੁਰਸੇਵਕ ਸਹੋਤਾ, ਗੋਬਿੰਦਰ ਸਿੰਘ ਸਿੱਧੂ, ਸੰਦੀਪਪਾਲ ਸਿੰਘ ਤੇ ਐਡਵੋਕੇਟ ਗੁਲਸ਼ਨ ਕੁਮਾਰ ਸਣੇ ਵੱਡੀ ਗਿਣਤੀ ’ਚ ਪੱਤਰਕਾਰ ਭਾਈਚਾਰਾ ਹਾਜ਼ਰ ਸੀ।

About The Author

You may have missed