ਟਰਾਈਡੈਂਟ ਮੈਗਾ ਮੈਡੀਕਲ ਕੈਂਪ ਮੁਫ਼ਤ ਵਿੱਚ ਦੇ ਰਿਹਾ ਹੈ ਵੱਡੇ ਹਸਪਤਾਲਾਂ ਵਰਗੀਆਂ ਸਿਹਤ ਸਹੂਲਤਾਂ, ਚੌਥਾ ਪੜ੍ਹਾਅ ਸਫ਼ਲਤਾਪੂਰਵਕ ਮੁਕੰਮਲ

ਇਲਾਕੇ ਭਰ ਦੇ ਲਾਇਲਾਜ਼ ਮਰੀਜ਼ ਟਰਾਈਡੈਂਟ ਦੇ ਵਿਹੜੇ ’ਚ ਆ ਕੇ ਕਰਵਾ ਰਹੇ ਨੇ ਇਲਾਜ਼
ਬਰਨਾਲਾ, 21 ਨਵੰਬਰ (ਰਾਕੇਸ਼ ਜੇਠੀ): ਬਰਨਾਲਾ ਦੀ ਧਰਤੀ ‘ਤੇ ਟਰਾਈਡੈਂਟ ਗਰੁੱਪ ਵੱਲੋਂ ਮਨੁੱਖਤਾ ਦੀ ਸੇਵਾ ਲਈ ਵਿੱਢਿਆ ਗਿਆ ਇਹ ਮਹਾਂ-ਅਭਿਆਨ ਹੁਣ ਸਿਰਫ਼ ਇੱਕ ਮੈਡੀਕਲ ਕੈਂਪ ਨਹੀਂ, ਸਗੋਂ ਦੁਖੀ ਲੋਕਾਂ ਲਈ ਜੀਵਨ ਦੀ ਨਵੀਂ ਉਮੀਦ ਬਣ ਗਿਆ ਹੈ। 29 ਅਕਤੂਬਰ ਤੋਂ ਆਰੰਭ ਹੋਏ ਇਸ ਸਿਹਤ ਦੇ ਮਹਾਂਕੁੰਭ ਦਾ ਚੌਥਾ ਪੜਾਅ ਬੇਮਿਸਾਲ ਕਾਮਯਾਬੀ ਨਾਲ ਨੇਪਰੇ ਚੜ੍ਹਿਆ ਹੈ ਅਤੇ ਹੁਣ ਪੰਜਵੇਂ ਪੜਾਅ ਦਾ ਆਗਾਜ਼ 26 ਨਵੰਬਰ ਨੂੰ ਹੋਵੇਗਾ। ਹਜ਼ਾਰਾਂ ਦੀ ਤਾਦਾਦ ਵਿੱਚ ਪਹੁੰਚ ਰਹੇ ਲੋੜਵੰਦਾਂ ਲਈ ਇਹ ਕੈਂਪ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ, ਜਿੱਥੇ ਲਾਇਲਾਜ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਨੂੰ ਸੀ.ਐੱਮ.ਸੀ. ਲੁਧਿਆਣਾ ਵਰਗੇ ਨਾਮਵਰ ਅਦਾਰੇ ਦੇ ਮਾਹਰ ਡਾਕਟਰਾਂ ਵੱਲੋਂ ਮੁਫਤ ਸਲਾਹ ਅਤੇ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ।

ਸ਼ੂਗਰ ਨੂੰ ਨਾ ਕਰੋ ਅਣਗੋਲਿਆ, ਹੋ ਸਕਦੈ ਗੰਭੀਰ : ਡਾ. ਗਿਆਨੇਂਦਰ ਪਰਤਾਪ ਸਿੰਘ
ਕੈਂਪ ਦੌਰਾਨ ਕਮਿਊਨਿਟੀ ਮੈਡੀਸਨ ਦੇ ਮਾਹਰ ਡਾਕਟਰ ਗਿਆਨੇਂਦਰ ਪਰਤਾਪ ਸਿੰਘ (ਐਮ.ਡੀ.) ਨੇ ਮਰੀਜ਼ਾਂ ਨੂੰ ਸ਼ੂਗਰ ਵਰਗੀ ਗੰਭੀਰ ਬਿਮਾਰੀ ਪ੍ਰਤੀ ਬਾਰੀਕੀ ਨਾਲ ਜਾਣਕਾਰੀ ਦਿੱਤੀ। ਡਾਕਟਰ ਸਿੰਘ ਨੇ ਮਰੀਜ਼ਾਂ ਨੂੰ ਸ਼ੂਗਰ ਦੇ ਸ਼ੁਰੂਆਤੀ ਲੱਛਣਾਂ ਦੀ ਪਛਾਣ ਕਰਨ ਬਾਰੇ ਜਾਗਰੂਕ ਕੀਤਾ ਤਾਂ ਜੋ ਸਮਾਂ ਰਹਿੰਦਿਆਂ ਇਸ ਦਾ ਇਲਾਜ ਸ਼ੁਰੂ ਹੋ ਸਕੇ। ਉਨ੍ਹਾਂ ਦੱਸਿਆ ਕਿ ਸ਼ੂਗਰ ਵਰਗੀ ਬਿਮਾਰੀ ਦਾ ਸਿਰ ਦੇ ਵਾਲ ਤੋਂ ਲੈ ਕੇ ਪੈਰਾਂ ’ਤੇ ਨਹੁੰ ਤੱਕ ਕਿਸੇ ਵੀ ਅੰਗ ’ਤੇ ਬੇਹੱਦ ਗੰਭੀਰ ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਇਸ ਲਈ ਸ਼ੂਗਰ ਦੀ ਬਿਮਾਰੀ ਨੂੰ ਅਣਗੋਲਿਆ ਨਹੀਂ ਕੀਤਾ ਜਾਣਾਂ ਚਾਹੀਦਾ। ਬਾਰ ਬਾਰ ਪਿਸ਼ਾਬ ਆਉਣਾ, ਜ਼ਿਆਦਾ ਪਿਆਸ ਜਾਂ ਭੁੱਖ ਲਗਣਾ, ਖਾਣਾ ਖਾਣ ਤੋਂ ਬਾਅਦ ਵੀ ਜ਼ਿਆਦਾ ਕਮਜ਼ੋਰੀ ਮਹਿਸੂਸ ਹੋਣਾ ਆਦਿ ਸ਼ੂਗਰ ਦੇ ਲੱਛਣ ਹਨ। ਇਸ ਬਿਮਾਰੀ ਕਾਰਨ ਅੱਖਾਂ, ਗੁਰਦੇ ਤੇ ਦਿਲ ’ਤੇ ਬੇਹੱਦ ਮਾੜਾ ਅਸਰ ਪੈ ਸਕਦਾ ਹੈ, ਜੋ ਬਾਅਦ ਵਿੱਚ ਕਦੇ ਵੀ ਠੀਕ ਨਹੀਂ ਹੋ ਸਕਦਾ। ਉਨ੍ਹਾਂ ਦੱਸਿਆ ਕਿ ਸ਼ੂਗਰ ਤੋਂ ਬਚਾਅ ਲਈ ਆਪਣੇ ਭਾਰ ਨੂੰ ਕੰਟਰੋਲ ’ਚ ਰੱਖੋ, ਰੋਟੀ ਖਾਣ ਉਪਰੰਤ ਕਸਰਤ ਜ਼ਰੂਰ ਕਰੋ, ਆਊਟਡੋਰ ਖੇਡਾਂ ਖੇਡੋ, ਅੱਧਾ ਘੰਟਾ ਤੇਜ਼ ਚਲਣਾ ਜਿਸ ਨਾਲ ਸਾਹ ਜ਼ਰੂਰ ਫੁੱਲੇ ਆਦਿ ਕਸਰਤਾਂ ਕਰੋ। ਸ਼ੂਗਰ ਤੇ ਮਰੀਜ਼ ਨੂੰ ਤੰਬਾਕੂਨੋਸ਼ੀ ਤੇ ਅਲਕੋਹਲ ਤੇ ਫਾਸਟ ਫੂਡ ਤੋਂ ਦੂਰ ਰਹਿਣਾ ਚਾਹੀਦਾ ਹੈ। ਉਹਨਾਂ ਨੇ ਬਿਮਾਰੀ ਦੇ ਇਲਾਜ ਦੇ ਨਾਲ-ਨਾਲ ਪਰਹੇਜ਼ ਨੂੰ ਸਭ ਤੋਂ ਅਹਿਮ ਦੱਸਿਆ ਅਤੇ ਸਮਝਾਇਆ ਕਿ ਕਿਸ ਤਰ੍ਹਾਂ ਜੀਵਨ ਸ਼ੈਲੀ ਵਿੱਚ ਬਦਲਾਅ ਕਰਕੇ, ਮਿੱਠੇ ਅਤੇ ਤਲੀਆਂ ਵਸਤਾਂ ਤੋਂ ਦੂਰੀ ਬਣਾ ਕੇ ਅਤੇ ਨਿਯਮਿਤ ਸੈਰ ਜਾਂ ਕਸਰਤ ਰਾਹੀਂ ਇਸ ਰੋਗ ‘ਤੇ ਕਾਬੂ ਪਾਇਆ ਜਾ ਸਕਦਾ ਹੈ।

ਸਾਰੀ ਉਮਰ ਟਰਾਈਡੈਂਟ ਗਰੁੱਪ ਦੇ ਰਿਣੀ ਰਹਾਂਗੇ : ਮਰੀਜ਼
ਕੈਂਪ ਵਿੱਚ ਇਲਾਜ ਕਰਵਾਉਣ ਆਏ ਮਰੀਜ਼ਾਂ ਦੇ ਚਿਹਰਿਆਂ ’ਤੇ ਸਕੂਨ ਸਾਫ਼ ਵਿਖਾਈ ਦੇ ਰਿਹਾ ਸੀ। ਮਰੀਜ਼ਾਂ ਨੇ ਦਿਲ ਦੀਆਂ ਗਹਿਰਾਈਆਂ ਤੋਂ ਟਰਾਈਡੈਂਟ ਗਰੁੱਪ ਦੇ ਬਾਨੀ ਅਤੇ ਰਾਜ ਸਭਾ ਮੈਂਬਰ ਪਦਮਸ਼੍ਰੀ ਰਾਜਿੰਦਰ ਗੁਪਤਾ, ਸੀ.ਐੱਸ.ਆਰ. ਮੁਖੀ ਮੈਡਮ ਮਧੂ ਗੁਪਤਾ ਅਤੇ ਸੀ.ਐਕਸ.ਓ. ਸ਼੍ਰੀ ਅਭਿਸ਼ੇਕ ਗੁਪਤਾ ਦਾ ਸ਼ੁਕਰਾਨਾ ਅਦਾ ਕੀਤਾ। ਪਿੰਡ ਖੁੱਡੀ ਕਲਾਂ ਤੋਂ ਪੁੱਜੇ 60 ਸਾਲਾਂ ਗੁਰਤੇਜ ਸਿੰਘ ਨੇ ਕਿਹਾ ਕਿ ਮਹਿੰਗਾਈ ਦੇ ਇਸ ਦੌਰ ਵਿੱਚ ਵੱਡੇ ਹਸਪਤਾਲਾਂ ਤੱਕ ਪਹੁੰਚ ਕਰਨਾ ਆਮ ਇਨਸਾਨ ਦੇ ਵੱਸ ਦੀ ਗੱਲ ਨਹੀਂ ਰਹੀ ਸੀ। ਉਹਨਾਂ ਦਾ ਕਹਿਣਾ ਸੀ ਕਿ ਲੁਧਿਆਣਾ ਵਰਗੇ ਦੂਰ-ਦੁਰਾਡੇ ਸ਼ਹਿਰਾਂ ਵਿੱਚ ਜਾ ਕੇ ਇਲਾਜ ਕਰਵਾਉਣਾ ਉਹਨਾਂ ਲਈ ਇੱਕ ਸੁਪਨਾ ਸੀ, ਪਰ ਟਰਾਈਡੈਂਟ ਗਰੁੱਪ ਨੇ ਉਹਨਾਂ ਦੇ ਸ਼ਹਿਰ ਦੇ ਵਿਹੜੇ ਵਿੱਚ ਹੀ ਆਲ੍ਹਾ ਦਰਜੇ ਦੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਇਨਸਾਨੀਅਤ ਅਜੇ ਵੀ ਜ਼ਿੰਦਾ ਹੈ। ਧਨੌਲਾ ਤੋਂ ਪੁੱਜੀ ਬਜ਼ੁਰਗ ਗੁਰਮੀਤ ਕੌਰ ਨੇ ਕਿਹਾ ਕਿ ਜਿਸ ਤਰ੍ਹਾਂ ਉਹਨਾਂ ਨੂੰ ਇੱਥੇ ਬਿਨਾਂ ਕਿਸੇ ਖਰਚੇ ਦੇ ਉੱਚ ਪੱਧਰੀ ਇਲਾਜ ਮਿਲਿਆ ਹੈ, ਉਸ ਲਈ ਉਹ ਸਾਰੀ ਉਮਰ ਇਸ ਅਦਾਰੇ ਦੇ ਰਿਣੀ ਰਹਿਣਗੇ। ਬਹਾਦਰਪੁਰ ਨੇੜਲੇ ਪਿੰਡ ਨੱਤਾਂ ਤੋਂ ਪੁੱਜੀ ਬਜ਼ੁਰਗ ਔਰਤ ਗੁਰਜੀਤ ਕੌਰ ਤੇ ਪਿੰਡ ਭੋਤਨਾ ਤੋਂ ਪੁੱਜੀ ਬਲਦੇਵ ਕੋਰ ਨੇ ਗੁਪਤਾ ਪਰਿਵਾਰ ਨੂੰ ਦੁਆਵਾਂ ਦਿੰਦਿਆਂ ਕਿਹਾ ਕਿ ਪਰਮਾਤਮਾ ਨੇ ਉਹਨਾਂ ਨੂੰ ਨਾ ਸਿਰਫ਼ ਕਾਮਯਾਬੀ ਬਖ਼ਸ਼ੀ ਹੈ ਸਗੋਂ ਦੂਜਿਆਂ ਦਾ ਦਰਦ ਵੰਡਣ ਵਾਲਾ ਵੱਡਾ ਦਿਲ ਵੀ ਦਿੱਤਾ ਹੈ। ਗੁਪਤਾ ਜੀ ਦਾ ਇਹ ਨੇਕ ਉਪਰਾਲਾ ਹਜ਼ਾਰਾਂ ਘਰਾਂ ਵਿੱਚ ਖੁਸ਼ੀਆਂ ਵਾਪਸ ਲੈ ਕੇ ਆਇਆ ਹੈ ਅਤੇ ਅਜਿਹੀ ਸੋਚ ਰੱਖਣ ਵਾਲੀਆਂ ਸ਼ਖਸੀਅਤਾਂ ਸਮਾਜ ਲਈ ਚਾਨਣ ਮੁਨਾਰਾ ਹਨ। ਪਿੰਡ ਧੌਲੇ ਤੋਂ ਆਪਣੇ ਪੋਤੇ ਦੇਵਾਂਸ਼ ਨਾਲ ਪੁੱਜੀ ਅੱਛਰਾ ਦੇਵੀ ਨੇ ਕਿਹਾ ਕਿ ਟਰਾਈਡੈਂਟ ਗਰੁੱਪ ਵੱਲੋਂ ਲਗਾਇਆ ਗਿਆ ਇਹ ਹੈ ਸੱਚਮੁੱਚ ਹੀ ਸਾਡੇ ਲਈ ਬਹੁਤ ਫਾਇਦੇਮੰਦ ਸਾਬਤ ਹੋਇਆ ਹੈ, ਕਿਉਂਕਿ ਸੀ.ਐੱਮ.ਸੀ. ਲੁਧਿਆਣਾ ਵਰਗੇ ਵੱਡੇ ਹਸਪਤਾਲ ਸਾਡੀ ਪਹੁੰਚ ਤੋਂ ਕੋਹਾਂ ਦੂਰ ਸਨ। ਪਰ ਪਦਮਸ਼੍ਰੀ ਰਜਿੰਦਰ ਗੁਪਤਾ ਜੀ ਦੇ ਇਸ ਨੇਕ ਉਪਰਾਲੇ ਸਦਕਾ ਸਾਨੂੰ ਸਾਡੇ ਸ਼ਹਿਰ ’ਚ ਹੀ ਇਹ ਸਹੂਲਤਾਂ ਪ੍ਰਾਪਤ ਹੋ ਗਈਆਂ, ਜਿਸ ਲਈ ਅਸੀਂ ਗੁਪਤਾ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ।

ਟਰਾਈਡੈਂਟ ਗਰੁੱਪ ਦੇ ਸਟਾਫ਼ ਦੇ ਸਹਿਯੋਗੀ ਰਵੱਈਏ ਦੀ ਮਰੀਜ਼ਾਂ ਕੀਤੀ ਸ਼ਲਾਘਾ
ਇਸ ਤੋਂ ਇਲਾਵਾ ਮਰੀਜ਼ਾਂ ਨੇ ਕੈਂਪ ਦੇ ਪ੍ਰਬੰਧਾਂ ਅਤੇ ਸਟਾਫ਼ ਦੇ ਸਹਿਯੋਗੀ ਰਵੱਈਏ ਦੀ ਵੀ ਰੱਜ ਕੇ ਤਾਰੀਫ਼ ਕੀਤੀ। ਉਹਨਾਂ ਨੇ ਵਿਸ਼ੇਸ਼ ਤੌਰ ‘ਤੇ ਕੈਂਪ ਇੰਚਾਰਜ ਪਵਨ ਸਿੰਗਲਾ, ਚਰਨਜੀਤ ਸਿੰਘ, ਜਗਰਾਜ ਪੰਡੋਰੀ, ਗੁਰਵਿੰਦਰ ਕੌਰ ਅਤੇ ਰੁਪਿੰਦਰ ਕੌਰ ਵਰਗੇ ਸਮਰਪਿਤ ਮੈਂਬਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਟੋਕਨ ਲੈਣ ਤੋਂ ਲੈ ਕੇ ਡਾਕਟਰੀ ਮੁਆਇਨੇ ਅਤੇ ਦਵਾਈਆਂ ਲੈਣ ਤੱਕ ਹਰ ਕਦਮ ’ਤੇ ਮਰੀਜ਼ਾਂ ਦੀ ਬਾਂਹ ਫੜੀ। ਲੋਕਾਂ ਨੇ ਅਰਦਾਸ ਕੀਤੀ ਕਿ ਟਰਾਈਡੈਂਟ ਗਰੁੱਪ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਕਰੇ ਤਾਂ ਜੋ ਭਵਿੱਖ ਵਿੱਚ ਵੀ ਸਮਾਜ ਸੇਵਾ ਦੇ ਅਜਿਹੇ ਮਹਾਨ ਕਾਰਜ ਨਿਰੰਤਰ ਚੱਲਦੇ ਰਹਿਣ।



