ਝਾਂਸੇ ਵਿੱਚ ਫਸਾ ਕੇ ਬਲੈਕਮੇਲ ਕਰਨ ਵਾਲੇ ਤਿੰਨ ਗ੍ਰਿਫਤਾਰ, ਇੱਕ ਅਜੇ ਫਰਾਰ

ਬਰਨਾਲਾ-21ਨਵੰਬਰ(ਰਾਕੇਸ਼ ਜੇਠੀ)- ਬਰਨਾਲਾ ਪੁਲਿਸ ਵੱਲੋਂ ਭੋਲੇ ਭਾਲੇ ਲੋਕਾਂ ਨੂੰ ਝਾਂਸੇ ‘ਚ ਫਸਾ ਕੇ ਬਲੈਕਮੇਲ ਕਰਨ ਵਾਲੇ ਇੱਕ ਗਰੋਹ ਦਾ ਪਰਦਾਫਾਸ਼ ਕੀਤਾ ਗਿਆ। ਇਸ ਬਾਰੇ ਪ੍ਰੈੱਸ ਕਾਨਫਰੰਸ ਕਰਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਤਬੀਰ ਸਿੰਘ ਨੇ ਦੱਸਿਆ ਕਿ ਸੰਦੀਪ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਮਿਸ਼ਰੀ ਪੱਤੀ ਅਕਲੀਆ ਜ਼ਿਲ੍ਹਾ ਮਾਨਸਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹਨਾਂ ਦੇ ਪਿਤਾ ਗੁਰਜੰਟ ਸਿੰਘ ਨੂੰ ਕਿਸੇ ਨੇ ਬੰਦੀ ਬਣਾਇਆ ਹੋਇਆ ਹੈ ਅਤੇ ਸਾਡੇ ਕੋਲੋਂ ਪੈਸੇ ਦੀ ਮੰਗ ਕਰ ਰਹੇ ਹਨ। ਕੇਸ ਦੀ ਤਫਤੀਸ਼ ਦੌਰਾਨ ਹਰਸਿਮਰਨਪ੍ਰੀਤ ਸਿੰਘ ਉਰਫ ਹੈਰੀ ਪੁੱਤਰ ਬਲਵੀਰ ਸਿੰਘ ਵਾਸੀ ਗਲੀ ਨੰਬਰ 2 ਖੁੱਡੀ ਰੋਡ ਬਰਨਾਲਾ ਅਤੇ ਰਾਜਵੀਰ ਕੌਰ ਪਤਨੀ ਸੁਖਚੈਨ ਸਿੰਘ ਵਾਸੀ ਲੜਵੰਜਾਰਾ ਖੁਰਦ ਜਿਲਾ ਸੰਗਰੂਰ ਨੂੰ ਗਰਚਾ ਰੋਡ ਬਰਨਾਲਾ ਤੋਂ ਕਾਬੂ ਕਰਕੇ ਦੋਸ਼ੀਆਂ ਪਾਸੋਂ 50 ਹਜਾਰ ਰੁਪਏ ਦੀ ਕਰੰਸੀ ਇੱਕ ਮੋਟਰਸਾਈਕਲ ਤਿੰਨ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ, ਜਿਨਾਂ ਵਿੱਚੋਂ ਉਹ ਮੋਬਾਇਲ ਫੋਨ ਵੀ ਸੀ ਜਿਸ ਰਾਹੀਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ। ਫਿਰ ਇਹਨਾਂ ਦੀ ਪੁੱਛ ਗਿੱਛ ਤੋਂ ਅੱਗੇ ਇੱਕ ਹੋਰ ਦੋਸ਼ੀ ਭੋਲਾ ਸਿੰਘ ਉਰਫ ਕਾਲਾ ਪੁੱਤਰ ਅਮਰ ਸਿੰਘ ਵਾਸੀ ਨੇੜੇ ਧਰਮਸ਼ਾਲਾ ਪਿੰਡ ਦਗਾਲ ਪਾਤੜਾਂ ਸੰਗਰੂਰ ਨੂੰ ਖੁੱਡੀ ਰੋਡ ਬਰਨਾਲਾ ਪਰ ਬਣੇ ਪਾਰਕ ਪਾਸੋਂ ਕਾਬੂ ਕੀਤਾ ਅਤੇ ਬੰਦੀ ਬਣਾਏ ਹੋਏ ਗੁਰਜੰਟ ਸਿੰਘ ਅਤੇ ਉਸ ਦਾ ਮੋਬਾਈਲ ਫੋਨ ਬਰਾਮਦ ਕੀਤਾ ਗਿਆ। ਉਪਰੋਕਤ ਦੋਸ਼ੀਆਂ ਦੀ ਇੱਕ ਸਾਥਣ ਸੁਖਵਿੰਦਰ ਕੌਰ ਪਤਨੀ ਬਲਵੀਰ ਸਿੰਘ ਵਾਸੀ ਗਲੀ ਨੰਬਰ ਦੋ ਖੁੱਡੀ ਰੋਡ ਬਰਨਾਲਾ ਅਜੇ ਫਰਾਰ ਹੈ। ਪੁਲਿਸ ਵੱਲੋਂ ਉਸ ਦੀ ਤਲਾਸ਼ ਕੀਤੀ ਜਾ ਰਹੀ ਹੈ।
ਡੀਐਸਪੀ ਸਤਬੀਰ ਸਿੰਘ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਪਰੋਕਤ ਦੋਸ਼ੀਆਂ ਨੇ ਰਲ ਕੇ ਇੱਕ ਗਰੋਹ ਬਣਾਇਆ ਹੋਇਆ ਸੀ, ਜੋ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਆਪਣੇ ਘਰ ਬੁਲਾ ਕੇ ਉਹਨਾਂ ਨੂੰ ਬੰਦੀ ਬਣਾ ਕੇ ਬਲੈਕਮੇਲ ਕਰਦੇ ਸਨ ਅਤੇ ਦਬਾਅ ਪਾ ਕੇ ਉਹਨਾਂ ਪਾਸੋਂ ਭਾਰੀ ਮਾਤਰਾ ਵਿੱਚ ਪੈਸਿਆਂ ਦੀ ਮੰਗ ਕਰਦੇ ਸਨ। ਇਸ ਮੌਕੇ ਉਹਨਾਂ ਨਾਲ ਥਾਣਾ ਸਿਟੀ 2 ਦੇ ਇੰਚਾਰਜ ਚਰਨਜੀਤ ਸਿੰਘ ਵੀ ਹਾਜ਼ਰ ਸਨ।

