ਬਰਨਾਲਾ ਵਾਸੀਆਂ ਲਈ ‘ਸਿਹਤ ਦਾ ਤੋਹਫ਼ਾ’ ਬਣਿਆ ਟਰਾਈਡੈਂਟ ਦਾ ਮੈਡੀਕਲ ਕੈਂਪ

ਮਰੀਜ਼ਾਂ ਨੇ ਰਜਿੰਦਰ ਗੁਪਤਾ ਨੂੰ ਦਿੱਤੀਆਂ ਦਿਲੋਂ ਅਸੀਸਾਂ
ਬਰਨਾਲਾ, 20 ਨਵੰਬਰ (ਰਾਕੇਸ਼ ਜੇਠੀ) : ਸਮਾਜ ਸੇਵਾ ਦੇ ਖੇਤਰ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਟਰਾਈਡੈਂਟ ਗਰੁੱਪ ਵੱਲੋਂ ਆਯੋਜਿਤ ‘ਫਰੀ ਮੈਗਾ ਮੈਡੀਕਲ ਕੈਂਪ 2025’ ਲੋੜਵੰਦਾਂ ਲਈ ਇੱਕ ਵਰਦਾਨ ਸਾਬਤ ਹੋ ਰਿਹਾ ਹੈ। ਅੱਜ ਕੈਂਪ ਦੇ ਚੌਥੇ ਪੜਾਅ ਦੇ ਦੂਜੇ ਦਿਨ ਮਰੀਜ਼ਾਂ ਦਾ ਇੱਕ ਵੱਡਾ ਹਜੂਮ ਉਮੜਿਆ, ਜਿੱਥੇ ਹਜ਼ਾਰਾਂ ਲੋਕਾਂ ਨੇ ਲੁਧਿਆਣਾ ਦੇ ਨਾਮਵਰ ਸੀ.ਐੱਮ.ਸੀ. ਹਸਪਤਾਲ ਤੋਂ ਆਏ ਮਾਹਰ ਡਾਕਟਰਾਂ ਕੋਲੋਂ ਆਪਣਾ ਮੁਫ਼ਤ ਚੈੱਕਅੱਪ ਕਰਵਾਇਆ ਅਤੇ ਦਵਾਈਆਂ ਪ੍ਰਾਪਤ ਕੀਤੀਆਂ। ਇਸ ਤੋਂ ਇਵਾਲਾ ਕਈ ਸਕੂਲਾਂ ਦੇ ਵਿਦਿਆਰਥੀ ਵੀ ਕੈਂਪ ’ਚ ਚੈਕਅੱਪ ਲਈ ਪੁੱਜੇ। ਇਸ ਮੌਕੇ ਮਰੀਜ਼ਾਂ ਨੇ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਅਤੇ ਰਾਜ ਸਭਾ ਮੈਂਬਰ ਪਦਮਸ਼੍ਰੀ ਰਜਿੰਦਰ ਗੁਪਤਾ, ਸੀ.ਐੱਸ.ਆਰ. ਹੈੱਡ ਮੈਡਮ ਮਧੂ ਗੁਪਤਾ ਅਤੇ ਸੀ.ਐਕਸ.ਓ. ਅਭਿਸ਼ੇਕ ਗੁਪਤਾ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਕੈਂਪ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟਰਾਈਡੈਂਟ ਦਾ ਸਟਾਫ਼ ਪੂਰੀ ਤਨਦੇਹੀ ਨਾਲ ਡਿਊਟੀ ਨਿਭਾ ਰਿਹਾ ਹੈ। ਕੈਂਪ ਇੰਚਾਰਜ ਪਵਨ ਸਿੰਗਲਾ, ਚਰਨਜੀਤ ਸਿੰਘ, ਜਗਰਾਜ ਪੰਡੋਰੀ, ਗੁਰਵਿੰਦਰ ਕੌਰ ਅਤੇ ਰੁਪਿੰਦਰ ਕੌਰ ਬਜ਼ੁਰਗਾਂ ਅਤੇ ਮਰੀਜ਼ਾਂ ਦੀ ਹੱਥ ਫੜ ਕੇ ਮਦਦ ਕਰਦੇ ਨਜ਼ਰ ਆਏ ਤਾਂ ਜੋ ਕਿਸੇ ਨੂੰ ਵੀ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ।
ਮਰੀਜ਼ਾਂ ਦੀ ਜ਼ੁਬਾਨੀ: “ਸਾਡੇ ਲਈ ਮਸੀਹਾ ਬਣ ਕੇ ਬਹੁੜੇ ਰਜਿੰਦਰ ਗੁਪਤਾ”

ਭਦੌੜ ਤੋਂ ਪੁੱਜੇ ਬਜ਼ੁਰਗ ਕਰਮ ਸਿੰਘ ਨੇ ਕਿਹਾ ਕਿ ਲੁਧਿਆਣਾ ਦੇ ਵੱਡੇ ਡਾਕਟਰਾਂ ਤੱਕ ਪਹੁੰਚਣਾ ਸਾਡੀ ਜੇਬ ਅਤੇ ਸਮਰੱਥਾ ਤੋਂ ਬਾਹਰ ਸੀ। ਰਜਿੰਦਰ ਗੁਪਤਾ ਜੀ ਨੇ ਲੁਧਿਆਣਾ ਵਰਗੀਆਂ ਸਹੂਲਤਾਂ ਸਾਡੇ ਸ਼ਹਿਰ ਵਿੱਚ ਲਿਆ ਕੇ ਸਾਡੇ ’ਤੇ ਬਹੁਤ ਵੱਡਾ ਪਰਉਪਕਾਰ ਕੀਤਾ ਹੈ। ਮਹਿੰਗੀਆਂ ਦਵਾਈਆਂ ਅਤੇ ਟੈਸਟ ਮੁਫ਼ਤ ਮਿਲਣੇ ਕਿਸੇ ਸੁਪਨੇ ਤੋਂ ਘੱਟ ਨਹੀਂ ਹਨ। ਟਰਾਈਡੈਂਟ ਗਰੁੱਪ ਨੇ ਬਿਨਾਂ ਕਿਸੇ ਸੁਆਰਥ ਦੇ ਹਜ਼ਾਰਾਂ ਲੋੜਵੰਦਾਂ ਦੀ ਬਾਂਹ ਫੜੀ ਹੈ।
ਸ਼ੇਰਪੁਰ ਤੋਂ ਆਏ 70 ਸਾਲਾਂ ਬਜ਼ੁਰਗ ਜੀਵਨ ਕੁਮਾਰ ਨੇ ਕਿਹਾ ਕਿ ਅੱਜ ਦੇ ਮਹਿੰਗਾਈ ਦੇ ਦੌਰ ਵਿੱਚ ਜਿੱਥੇ ਦਵਾਈਆਂ ਲੈਣੀਆਂ ਔਖੀਆਂ ਹਨ, ਉੱਥੇ ਟਰਾਈਡੈਂਟ ਗਰੁੱਪ ਵੱਲੋਂ ਮੁਫ਼ਤ ਦਵਾਈਆਂ ਅਤੇ ਟੈਸਟਾਂ ਦੀ ਸੇਵਾ ਦੇਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ। ਉਨ੍ਹਾਂ ਕਿਹਾ, “ਅਸੀਂ ਗੁਪਤਾ ਜੀ ਦਾ ਇਹ ਕਰਜ਼ ਕਦੇ ਨਹੀਂ ਲਾਹ ਸਕਦੇ, ਅਰਦਾਸ ਹੈ ਕਿ ਉਹ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰਨ।” ਇਹ ਸਿਰਫ਼ ਇੱਕ ਮੈਡੀਕਲ ਕੈਂਪ ਨਹੀਂ, ਸਗੋਂ ਇਨਸਾਨੀਅਤ ਦੀ ਸੱਚੀ ਸੇਵਾ ਹੈ ਜਿਸ ਲਈ ਪੂਰਾ ਇਲਾਕਾ ਗੁਪਤਾ ਪਰਿਵਾਰ ਦਾ ਹਮੇਸ਼ਾ ਰਿਣੀ ਰਹੇਗਾ।

ਬਜ਼ੁਰਗ ਔਰਤ ਓਮਪਤੀ ਨੇ ਕਿਹਾ ਕਿ ਅੱਜ ਦੇ ਜ਼ਮਾਨੇ ਵਿੱਚ ਜਿੱਥੇ ਪ੍ਰਾਈਵੇਟ ਹਸਪਤਾਲਾਂ ਵਿੱਚ ਪਰਚੀ ਕਟਵਾਉਣੀ ਵੀ ਆਮ ਆਦਮੀ ਦੇ ਵੱਸ ਤੋਂ ਬਾਹਰ ਹੋ ਗਈ ਹੈ, ਉੱਥੇ ਟਰਾਈਡੈਂਟ ਗਰੁੱਪ ਵੱਲੋਂ ਬਿਨਾਂ ਕਿਸੇ ਭੇਦਭਾਵ ਦੇ ਹਜ਼ਾਰਾਂ ਲੋਕਾਂ ਨੂੰ ਮੁਫ਼ਤ ਇਲਾਜ ਅਤੇ ਮਹਿੰਗੀਆਂ ਦਵਾਈਆਂ ਦੇਣੀਆਂ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਗੁਪਤਾ ਪਰਿਵਾਰ ਨੇ ਸਿਰਫ਼ ਕੈਂਪ ਹੀ ਨਹੀਂ ਲਗਾਇਆ, ਸਗੋਂ ਸਾਡੇ ਵਰਗੇ ਲੋੜਵੰਦਾਂ ਦੇ ਸਿਰ ’ਤੇ ਹੱਥ ਰੱਖ ਕੇ ਇਹ ਅਹਿਸਾਸ ਕਰਵਾਇਆ ਹੈ ਕਿ ਦੁਖੀ ਮਨੁੱਖਤਾ ਦੀ ਸੇਵਾ ਕਰਨ ਵਾਲੇ ਫਰਿਸ਼ਤੇ ਅੱਜ ਵੀ ਮੌਜੂਦ ਹਨ।
ਪਿੰਡ ਠੀਕਰੀਵਾਲਾ ਤੋਂ ਪਹੁੰਚੀ ਬਜ਼ੁਰਗ ਅਮਰਜੀਤ ਕੌਰ ਨੇ ਭਾਵੁਕ ਹੁੰਦਿਆਂ ਕਿਹਾ ਕਿ ਪਦਮਸ਼੍ਰੀ ਰਜਿੰਦਰ ਗੁਪਤਾ ਜੀ ਨੇ ਆਪਣੀ ਮਿੱਟੀ ਨਾਲ ਜੁੜੇ ਰਹਿ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਇਨਸਾਨ ਭਾਵੇਂ ਕਿੰਨੀਆਂ ਵੀ ਉਚਾਈਆਂ ’ਤੇ ਪਹੁੰਚ ਜਾਵੇ, ਉਸਨੂੰ ਆਪਣੇ ਲੋਕਾਂ ਨੂੰ ਨਹੀਂ ਭੁੱਲਣਾ ਚਾਹੀਦਾ। ਉਨ੍ਹਾਂ ਕਿਹਾ ਕਿ ਬੁਢਾਪੇ ਵਿੱਚ ਸਰੀਰ ਸਾਥ ਨਹੀਂ ਦਿੰਦਾ ਅਤੇ ਲੁਧਿਆਣਾ ਜਾਂ ਚੰਡੀਗੜ੍ਹ ਜਾ ਕੇ ਧੱਕੇ ਖਾਣੇ ਬਹੁਤ ਔਖੇ ਲੱਗਦੇ ਹਨ, ਪਰ ਟਰਾਈਡੈਂਟ ਗਰੁੱਪ ਨੇ ਵੱਡੇ ਡਾਕਟਰਾਂ ਨੂੰ ਸਾਡੇ ਘਰ ਦੇ ਬੂਹੇ ਤੱਕ ਲਿਆ ਕੇ ਸਾਡੀ ਸਿਹਤ ਅਤੇ ਪੈਸੇ ਦੋਵਾਂ ਦੀ ਬੱਚਤ ਕੀਤੀ ਹੈ। ਉਨ੍ਹਾਂ ਦਿਲੋਂ ਅਰਦਾਸ ਕੀਤੀ ਕਿ ਪਰਮਾਤਮਾ ਟਰਾਈਡੈਂਟ ਗਰੁੱਪ ਦੇ ਕਾਰੋਬਾਰ ਵਿੱਚ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖ਼ਸ਼ੇ ਤਾਂ ਜੋ ਉਹ ਇਸੇ ਤਰ੍ਹਾਂ ਲੋਕ ਭਲਾਈ ਦੇ ਕਾਰਜ ਕਰਦੇ ਰਹਿਣ।

ਅੱਖਾਂ ਦੇ ਰੋਗਾਂ ਦੇ ਮਾਹਰ ਡਾ. ਐਲਡੋ ਨੇ ਦੱਸੇ ‘ਅਨਮੋਲ ਨੈਣਾਂ’ ਦੀ ਸੰਭਾਲ ਦੇ ਗੁਰ
ਕੈਂਪ ਦੌਰਾਨ ਇਲਾਜ ਦੇ ਨਾਲ-ਨਾਲ ਜਾਗਰੂਕਤਾ ਦਾ ਸਿਲਸਿਲਾ ਵੀ ਜਾਰੀ ਰਿਹਾ। ਸੀ.ਐੱਮ.ਸੀ. ਲੁਧਿਆਣਾ ਦੇ ਪ੍ਰਸਿੱਧ ਅੱਖਾਂ ਦੇ ਰੋਗਾਂ ਦੇ ਮਾਹਰ ਡਾ. ਐਲਡੋ ਐਲੀਆਸ ਨੇ ਮਰੀਜ਼ਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਖਾਂ ਕੁਦਰਤ ਦੀ ਸਭ ਤੋਂ ਅਨਮੋਲ ਦਾਤ ਹਨ ਅਤੇ ਥੋੜ੍ਹੀ ਜਿਹੀ ਲਾਪਰਵਾਹੀ ਕਾਰਨ ਅਸੀਂ ਰੌਸ਼ਨੀ ਗੁਆ ਸਕਦੇ ਹਾਂ। ਉਨ੍ਹਾਂ ਨੇ ਮਰੀਜ਼ਾਂ ਨੂੰ ਰੋਜ਼ਾਨਾ ਜ਼ਿੰਦਗੀ ਵਿੱਚ ਅੱਖਾਂ ਦੀ ਸੰਭਾਲ ਲਈ ਪ੍ਰੇਰਿਤ ਕਰਦਿਆਂ ਦੱਸਿਆ ਕਿ ਅੱਖਾਂ ਨੂੰ ਦਿਨ ਵਿੱਚ ਦੋ-ਤਿੰਨ ਵਾਰ ਸਾਫ਼ ਅਤੇ ਠੰਡੇ ਪਾਣੀ ਨਾਲ ਧੋਣਾ ਚਾਹੀਦਾ ਹੈ ਅਤੇ ਗੰਦੇ ਹੱਥਾਂ ਨਾਲ ਅੱਖਾਂ ਨੂੰ ਛੂਹਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤਾਂ ਜੋ ਇਨਫੈਕਸ਼ਨ ਤੋਂ ਬਚਿਆ ਜਾ ਸਕੇ। ਇਸ ਤੋਂ ਇਲਾਵਾ, ਘਰੋਂ ਬਾਹਰ ਨਿਕਲਣ ਸਮੇਂ, ਖਾਸਕਰ ਦੁਪਹਿਰ ਵੇਲੇ ਜਾਂ ਖੇਤਾਂ ਵਿੱਚ ਕੰਮ ਕਰਦੇ ਸਮੇਂ ਕਾਲੀਆਂ ਜਾਂ ਨੰਬਰ ਵਾਲੀਆਂ ਐਨਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਇਹ ਅੱਖਾਂ ਨੂੰ ਤੇਜ਼ ਧੁੱਪ ਅਤੇ ਮਿੱਟੀ-ਘੱਟੇ ਤੋਂ ਬਚਾਉਂਦੀਆਂ ਹਨ। ਖੁਰਾਕ ਬਾਰੇ ਗੱਲ ਕਰਦਿਆਂ ਉਨ੍ਹਾਂ ਹਰੀਆਂ ਸਬਜ਼ੀਆਂ, ਗਾਜਰ ਅਤੇ ਵਿਟਾਮਿਨ-ਏ ਭਰਪੂਰ ਭੋਜਨ ਖਾਣ ਦੀ ਸਲਾਹ ਦਿੱਤੀ, ਜੋ ਨਜ਼ਰ ਨੂੰ ਕਮਜ਼ੋਰ ਹੋਣ ਤੋਂ ਰੋਕਦਾ ਹੈ। ਬੱਚਿਆਂ ਅਤੇ ਨੌਜਵਾਨਾਂ ਲਈ ਉਨ੍ਹਾਂ ਦਾ ਸੁਨੇਹਾ ਸੀ ਕਿ ਮੋਬਾਈਲ ਜਾਂ ਟੀਵੀ ਦੇਖਦੇ ਸਮੇਂ ਪਲਕਾਂ ਨੂੰ ਵਾਰ-ਵਾਰ ਝਪਕਦੇ ਰਹਿਣਾ ਚਾਹੀਦਾ ਹੈ।


