“ਆਪ” ਸੱਤਾ ਪਾਉਣ ਦੇ ਲਾਲਚ ਵਿੱਚ ਫੈਲਾ ਰਹੀ ਹੈ ਝੂਠਾ ਪ੍ਰਚਾਰ : ਅਸ਼ੋਕ ਸ਼ਾਸਤਰੀ

Prime Khabar Punjab Ashok

ਹੰਡਿਆਇਆ-03 ਨਵੰਬਰ(ਰਾਕੇਸ਼ ਜੇਠੀ)- ਆਮ ਆਦਮੀ ਪਾਰਟੀ ਲੋਕਾਂ ਨੂੰ ਕਿੰਨੇ ਝੂਠ ਤੂਫਾਨ ਬੋਲ ਕੇ ਤੇ ਗੁਮਰਾਹ ਕਰਕੇ ਸੱਤਾ ਤੇ ਕਾਬਜ਼ ਹੋਣ ਦੀਆਂ ਕੋਸ਼ਿਸ਼ਾਂ ਕਰਦੀ ਹੈ, ਇਸ ਗੱਲ ਦਾ ਅੰਦਾਜ਼ਾ ਅਰਵਿੰਦ ਕੇਜਰੀਵਾਲ ਦੁਆਰਾ ਪਿਛਲੀ ਦਿਨੀ ਗੁਜਰਾਤ ਵਿੱਚ ਦਿੱਤੇ ਗਏ ਭਾਸ਼ਣ ਤੋਂ ਲਗਾਇਆ ਜਾ ਸਕਦਾ ਹੈ। ਆਪਣੇ ਅਜਿਹੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਹੰਡਿਆਇਆ ਤੋਂ ਸੀਨੀਅਰ ਬੀਜੇਪੀ ਆਗੂ ਅਸ਼ੋਕ ਕੁਮਾਰ ਸ਼ਾਸਤਰੀ ਨੇ ਕਿਹਾ ਕਿ ਪਿਛਲੇ ਦਿਨੀ ਪੰਜਾਬ ਵਿੱਚ ਬਹੁਤ ਭਿਆਨਕ ਹੜ ਆਏ ਅਤੇ ਭਾਰੀ ਬਰਸਾਤਾਂ ਪਈਆਂ। ਜਿਸ ਕਾਰਨ ਪੰਜਾਬ ਦੇ ਲੋਕਾਂ ਨੂੰ ਬਹੁਤ ਜਾਨੀ ਤੇ ਮਾਲੀ ਨੁਕਸਾਨ ਹੋਇਆ। ਭਗਵੰਤ ਮਾਨ ਸਰਕਾਰ ਨੇ ਹੜਾਂ ਕਾਰਨ ਫਸਲਾਂ ਨੂੰ ਹੋਏ ਨੁਕਸਾਨ ਦੀ ਪੂਰਤੀ ਲਈ ਕਿਸਾਨਾਂ ਨੂੰ 20 ਹਜਾਰ ਰੁਪਏ ਪਰ ਏਕੜ ਦੇ ਹਿਸਾਬ ਨਾਲ ਮੁਆਵਜੇ ਦਾ ਐਲਾਨ ਕੀਤਾ। ਜੋ ਕਿ ਹਾਲੇ ਤੱਕ ਜਿਆਦਾਤਰ ਕਿਸਾਨਾਂ ਨੂੰ ਨਹੀਂ ਮਿਲਿਆ। ਪਰੰਤੂ ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਗੁਜਰਾਤ ਵਿਖੇ ਲੋਕਾਂ ਨੂੰ ਮੂਰਖ ਬਣਾਉਂਦੇ ਹੋਏ ਸਟੇਜ ਤੇ ਕਹਿ ਰਹੇ ਹਨ ਕਿ ਭਗਵੰਤ ਮਾਨ ਸਰਕਾਰ ਨੇ ਇਕ ਮਹੀਨੇ ਵਿੱਚ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ 50 ਹਜਾਰ ਰੁਪਏ ਪਰ ਏਕੜ ਦੇ ਦਿੱਤਾ ਹੈ।

ਪੰਜਾਬ ਦੇ ਲੋਕਾਂ ਨੂੰ ਨਹੀਂ ਪਤਾ ਕਿ ਉਹਨਾਂ ਨੂੰ ਪਰ ਏਕੜ ਦੇ ਹਿਸਾਬ ਨਾਲ ਕਿੰਨੇ ਪੈਸੇ ਮਿਲੇ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਕੰਮ ਸਿਰਫ ਲੋਕਾਂ ਨੂੰ ਝੂਠ ਤੂਫਾਨ ਬੋਲ ਕੇ ਗੁਮਰਾਹ ਕਰਕੇ ਵੋਟਾਂ ਹਾਸਲ ਕਰਨ ਤੱਕ ਹੈ। ਇਹਨਾਂ ਨੇ ਪਹਿਲਾਂ ਦਿੱਲੀ ਵਿੱਚ ਲੋਕਾਂ ਨੂੰ ਝੂਠ ਬੋਲ ਕੇ, ਸਬਜਬਾਗ ਦਿਖਾ ਕੇ 10 ਸਾਲ ਰਾਜ ਕੀਤਾ। ਫਿਰ ਪੰਜਾਬ ਵਿੱਚ ਦਿੱਲੀ ਦਾ ਝੂਠ ਬੋਲ ਕੇ ਪੰਜਾਬ ਦੀ ਸੱਤਾ ਤੇ ਕਾਬਜ਼ ਹੋ ਗਏ। ਇਹਨਾਂ ਨੇ ਦਿੱਲੀ ਮਾਡਲ ਵਾਲਾ ਝੂਠ ਹਰਿਆਣਾ, ਰਾਜਸਥਾਨ ਅਤੇ ਗੁਜਰਾਤ ਵਿੱਚ ਵੀ ਬੋਲਿਆ ਸੀ ਪ੍ਰੰਤੂ ਉਹਨਾਂ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਸਿਰੇ ਤੋਂ ਨਕਾਰ ਦਿੱਤਾ ਸੀ। ਕੇਵਲ ਪੰਜਾਬੀ ਹੀ ਸਨ ਜੋ ਇਹਨਾਂ ਦੀਆਂ ਝੂਠੀਆਂ ਤੇ ਸਬਜਬਾਗ ਗੱਲਾਂ ਵਿੱਚ ਆ ਗਏ ਅਤੇ ਸੱਤਾ ਸੌਂਪ ਬੈਠੇ।

ਅੱਜ ਪੰਜਾਬ ਦੀ ਜਨਤਾ ਵੀ ਇਹ ਗੱਲ ਚੰਗੀ ਤਰ੍ਹਾਂ ਜਾਣ ਚੁੱਕੀ ਹੈ ਕਿ ਇਹਨਾਂ ਕੋਲ ਕੇਵਲ ਝੂਠੀਆਂ ਗੱਲਾਂ ਹਨ। ਇਹਨਾਂ ਦੁਆਰਾ ਚੋਣਾਂ ਤੋਂ ਪਹਿਲਾਂ ਕੀਤੇ ਗਏ ਕਿਸੇ ਵੀ ਵਾਅਦੇ ਨੂੰ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ। ਚਾਹੇ ਉਹ ਸਿੱਖਿਆ ਮਾਡਲ ਹੋਵੇ, ਮੈਡੀਕਲ ਸੁਵਿਧਾਵਾਂ ਹੋਣ ਜਾਂ ਮਹਿਲਾਵਾਂ ਨੂੰ 1000 ਰੁਪਏ ਦੇਣ ਸੰਬੰਧੀ ਹੋਣ। ਪੰਜਾਬ ਦੀ ਜਨਤਾ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਇਹਨਾਂ ਨੂੰ ਸਬਕ ਜਰੂਰ ਸਿਖਾਵੇਗੀ।

About The Author

You may have missed