ਚੋਰ ਨੇ ਤੀਸਰੀ ਮੰਜ਼ਿਲ ਤੋਂ ਉਡਾਇਆ ਮੋਬਾਇਲ

ਹੰਡਿਆਇਆ-23ਅਕਤੂਬਰ(ਰਾਕੇਸ਼ ਜੇਠੀ)- ਬੀਤੀ ਰਾਤ ਕਸਬਾ ਹੰਡਿਆਇਆ ਵਿਚ ਇਕ ਚੋਰ ਦੁਆਰਾ ਤੀਸਰੀ ਮੰਜ਼ਿਲ ਤੇ ਸੁੱਤੇ ਪਏ ਵਿਅਕਤੀ ਦਾ ਮੋਬਾਈਲ ਚੋਰੀ ਕਰ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਰੰਜਨ ਕੁਮਾਰ ਦੀ ਭੈਣ ਨੇ ਦੱਸਿਆ ਕਿ ਬੀਤੀ ਰਾਤ ਉਹਨਾਂ ਦਾ ਭਰਾ ਰੰਜਨ ਕੁਮਾਰ ਘਰ ਦੀ ਤੀਸਰੀ ਮੰਜ਼ਿਲ ਤੇ ਸੁੱਤਾ ਪਿਆ ਸੀ। ਰਾਤੀ ਚੋਰ ਆਇਆ ਅਤੇ ਉਸ ਦੇ ਕਮਰੇ ਵਿੱਚੋਂ ਸਰਾਣੇ ਪਿਆ ਮੋਬਾਇਲ ਚੁੱਕ ਕੇ ਲਿਆ ਗਿਆ। ਉਹਨਾਂ ਕਿਹਾ ਕਿ ਉਹਨਾਂ ਦਾ ਛੋਟਾ ਭਰਾ ਦੂਸਰੀ ਮੰਜ਼ਿਲ ਤੇ ਸਵੇਰੇ 5 ਵਜੇ ਤੱਕ ਬੈਠਾ ਵੀਡੀਓ ਗੇਮ ਖੇਲ ਰਿਹਾ ਸੀ, ਜਿਸ ਕਾਰਨ ਹੋ ਸਕਦਾ ਹੈ ਚੋਰ ਦੀ ਹੇਠਾਂ ਆਉਣ ਦੀ ਹਿੰਮਤ ਨਾ ਪਈ ਹੋਵੇ। ਪੀੜਤ ਪਰਿਵਾਰ ਦੇ ਗਵਾਂਢੀ ਕੇਸ਼ਵ ਰੈਡੀਮੇਡ ਐਂਡ ਬੂਟ ਦੇ ਮਾਲਕ ਰਾਕੇਸ਼ ਕੁਮਾਰ ਗੇਜਾ ਨੇ ਦੱਸਿਆ ਕਿ ਚੋਰ ਚੋਰੀ ਕਰਨ ਲਈ ਸਾਡੇ ਗਵਾਂਢ ਵਿੱਚ ਬਣੇ ਕਰਮ ਸਿੰਘ ਮੈਮੋਰੀਅਲ ਲਾਇਬਰੇਰੀ ਰਾਹੀਂ ਮੇਰੀ ਦੁਕਾਨ ਦੀ ਛੱਤ ਤੇ ਪਹੁੰਚਿਆ ਅਤੇ ਮੇਰੀ ਛੱਤ ਤੇ ਪਏ ਢੋਲ ਨੂੰ ਇਸਤੇਮਾਲ ਕਰਕੇ ਰੰਜਨ ਪੁੱਤਰ ਪਾਰਸ ਨਾਥ ਦੇ ਘਰ ਅੰਦਰ ਦਾਖਲ ਹੋਇਆ। ਉਹਨਾਂ ਖਦਸਾ ਜਤਾਇਆ ਕਿ ਸ਼ਾਇਦ ਚੋਰ ਚੋਰੀ ਕਰਨ ਮੇਰੀ ਦੁਕਾਨ ਵਿੱਚ ਹੀ ਆਇਆ ਸੀ ਪ੍ਰੰਤੂ ਪੌੜੀਆਂ ਵਾਲੇ ਦਰਵਾਜੇ ਦਾ ਜਿੰਦਾ ਨਾ ਖੁੱਲਣ ਕਾਰਨ ਉਹ ਗਵਾਂਢ ਵਿੱਚ ਚੋਰੀ ਕਰਨ ਚਲਾ ਗਿਆ। ਉਹਨਾਂ ਕਿਹਾ ਕਿ ਪੁਲਿਸ ਵਿੱਚ ਚੋਰੀ ਸਬੰਧੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਅਤੇ ਪੁਲਿਸ ਮੌਕਾ ਦੇਖ ਚੁੱਕੀ ਹੈ। ਉਹਨਾਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਚੋਰ ਨੂੰ ਕਾਬੂ ਕੀਤਾ ਜਾਵੇ ਤਾਂ ਜੋ ਹੋਣ ਵਾਲੀ ਕਿਸੇ ਵੱਡੀ ਸੰਭਾਵਿਤ ਚੋਰੀ ਤੋਂ ਬਚਿਆ ਜਾ ਸਕੇ।


