ਟ੍ਰਾਈਡੈਂਟ ਗਰੁੱਪ ਵਲੋਂ ਬਰਨਾਲਾ ਜ਼ਿਲ੍ਹੇ `ਚ ਪਰਾਲੀ ਪ੍ਰਬੰਧਨ ਲਈ 5 ਲੱਖ ਰੁਪਏ ਦਾ ਯੋਗਦਾਨ

FB_IMG_1760798355481.jpg

ਡੀਸੀ ਟੀ. ਬੈਨਿਥ ਨੇ ਸਹਿਯੋਗ ਲਈ ਪਦਮਸ਼੍ਰੀ ਰਾਜਿੰਦਰ ਗੁਪਤਾ ਸਣੇ ਗਰੁੱਪ ਦਾ ਕੀਤਾ ਧੰਨਵਾਦ

ਬਰਨਾਲਾ, 18 ਅਕਤੂਬਰ (ਰਾਕੇਸ਼ ਜੇਠੀ): ਵਾਤਾਵਰਣ ਪ੍ਰਦੂਸ਼ਣ ਨੂੰ ਘਟਾਉਣ ਤੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਟ੍ਰਾਈਡੈਂਟ ਗਰੁੱਪ ਨੇ ਬਰਨਾਲਾ ਜ਼ਿਲ੍ਹੇ ਵਿਚ ਪਰਾਲੀ ਪ੍ਰਬੰਧਨ ਲਈ ਇਕ ਮਹੱਤਵਪੂਰਨ ਸਮਾਜਿਕ ਜ਼ਿੰਮੇਵਾਰੀ ਪਹਿਲ ਕੀਤੀ ਹੈ। ਰਾਜ ਸਭਾ ਮੈਂਬਰ ਤੇ ਟ੍ਰਾਈਡੈਂਟ ਗਰੁੱਪ ਦੇ ਸੰਸਥਾਪਕ ਪਦਮਸ਼੍ਰੀ ਰਾਜਿੰਦਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੰਪਨੀ ਦੇ ਐਡਮਿਨ ਹੈਡ ਰੁਪਿੰਦਰ ਗੁਪਤਾ ਨੇ ਡਿਪਟੀ ਕਮਿਸ਼ਨਰ ਟੀ. ਬੈਨਿਥ ਨੂੰ 5 ਲੱਖ ਰੁਪਏ ਦਾ ਚੈਕ ਸੌਂਪਿਆ। ਇਹ ਰਕਮ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਰਾਲੀ ਨੂੰ ਖੇਤ ਵਿਚ ਤੇ ਖੇਤ ਤੋਂ ਬਾਹਰ ਪ੍ਰਬੰਧਨ ਪ੍ਰੋਜੈਕਟਾਂ `ਤੇ ਖਰਚ ਕੀਤੀ ਜਾਵੇਗੀ। ਇਸ ਯੋਗਦਾਨ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਲੋੜੀਂਦੀ ਮਸ਼ੀਨਰੀ ਦੀ ਉਪਲਬਧਤਾ ਯਕੀਨੀ ਬਣਾਉਣਾ ਤੇ ਜਾਗਰੂਕਤਾ ਮੁਹਿੰਮਾਂ ਰਾਹੀਂ ਪਰਾਲੀ ਸਾੜਨ ਦੀ ਪ੍ਰਵਿਰਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣਾ ਹੈ। ਡੀਸੀ ਵਲੋਂ ਟ੍ਰਾਈਡੈਂਟ ਦਾ ਧੰਨਵਾਦ ਚੈਕ ਪ੍ਰਾਪਤ ਕਰਨ ਮੌਕੇ ਡਿਪਟੀ ਕਮਿਸ਼ਨਰ ਟੀ. ਬੈਨਿਥ ਨੇ ਟ੍ਰਾਈਡੈਂਟ ਗਰੁਪ ਤੇ ਖਾਸ ਤੌਰ `ਤੇ ਪਦਮਸ਼੍ਰੀ ਰਾਜਿੰਦਰ ਗੁਪਤਾ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਦੀ ਸਮੱਸਿਆ ਨਾ ਸਿਰਫ ਹਵਾ ਪ੍ਰਦੂਸ਼ਣ ਨੂੰ ਵਧਾਉਂਦੀ ਹੈ, ਸਗੋਂ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵੀ ਨਕਾਰਾਤਮਕ ਤੌਰ `ਤੇ ਪ੍ਰਭਾਵਿਤ ਕਰਦੀ ਹੈ। ਡੀਸੀ. ਨੇ ਜ਼ੋਰ ਦਿੱਤਾ ਕਿ ਸੀਐਸਆਰ ਫੰਡਾਂ ਰਾਹੀਂ ਮਿਲਣ ਵਾਲਾ ਅਜਿਹਾ ਸਹਿਯੋਗ ਸਥਿਰ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਤੇ ਜ਼ਿਲ੍ਹੇ ਵਿਚ ਸਾਫ ਤੇ ਸਿਹਤਮੰਦ ਵਾਤਾਵਰਣ ਬਣਾਉਣ ਲਈ ਅਤਿ ਜ਼ਰੂਰੀ ਹੈ।
—ਟ੍ਰਾਈਡੈਂਟ ਗਰੁੱਪ ਸਮਾਜਿਕ ਜ਼ਿੰਮੇਵਾਰੀਆਂ ਪ੍ਰਤੀ ਗੰਭੀਰ
ਟ੍ਰਾਈਡੈਂਟ ਗਰੁੱਪ ਦੇ ਐਡਮਿਨ ਹੈਡ ਰੁਪਿੰਦਰ ਗੁਪਤਾ ਨੇ ਕਿਹਾ ਕਿ ਟ੍ਰਾਈਡੈਂਟ ਗਰੁੱਪ ਹਮੇਸ਼ਾਂ ਸਮਾਜਿਕ ਤੇ ਵਾਤਾਵਰਣਕ ਜ਼ਿੰਮੇਵਾਰੀਆਂ ਨੂੰ ਗੰਭੀਰਤਾ ਨਾਲ ਨਿਭਾਉਂਦਾ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰਾਜਿੰਦਰ ਗੁਪਤਾ ਦੀ ਅਗਵਾਈ ਹੇਠ ਕੰਪਨੀ ਸਿੱਖਿਆ, ਸਿਹਤ, ਪਾਣੀ ਦੀ ਸੰਭਾਲ ਤੇ ਹਰਿਆਵਲ ਮੁਹਿੰਮਾਂ ਵਰਗੇ ਖੇਤਰਾਂ ਵਿਚ ਵੀ ਲਗਾਤਾਰ ਯੋਗਦਾਨ ਪਾ ਰਹੀ ਹੈ।
—ਡੀਸੀ ਦੀ ਹੋਰ ਉਦਯੋਗਿਕ ਇਕਾਈਆਂ ਨੂੰ ਅਪੀਲ
ਡਿਪਟੀ ਕਮਿਸ਼ਨਰ ਟੀ.ਬੈਨਿਥ ਨੇ ਜ਼ਿਲ੍ਹੇ ਦੀਆਂ ਹੋਰ ਉਦਯੋਗਿਕ ਇਕਾਈਆਂ ਨੂੰ ਅਪੀਲ ਕੀਤੀ ਕਿ ਉਹ ਵੀ ਟ੍ਰਾਈਡੈਂਟ ਗਰੁਪ ਤੋਂ ਪ੍ਰੇਰਨਾ ਲੈ ਕੇ ਇਸੇ ਤਰ੍ਹਾਂ ਸੀਐਸਆਰ ਯੋਗਦਾਨ ਦੇਣ। ਉਨ੍ਹਾਂ ਕਿਹਾ ਕਿ ਜੇਕਰ ਸਮੂਹ ਉਦਯੋਗਿਕ ਇਕਾਈਆਂ ਅੱਗੇ ਆਉਣ ਤਾਂ ਜ਼ਿਲ੍ਹੇ ਵਿਚ ਪਰਾਲੀ ਸਾੜਨ ਦੀ ਪ੍ਰਵਿਰਤੀ `ਤੇ ਪ੍ਰਭਾਵਸ਼ਾਲੀ ਢੰਗ ਨਾਲ ਕਾਬੂ ਪਾਇਆ ਜਾ ਸਕਦਾ ਹੈ।
—ਕਿਸਾਨ ਪਰਾਲੀ ਨੂੰ ਸਾੜਨ ਦੀ ਥਾਂ ਇਸਦਾ ਵਿਗਿਆਨਕ ਤੇ ਸਹੀ ਪ੍ਰਬੰਧਨ ਕਰਨ
ਡੀਸੀ ਨੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵਲੋਂ ਉਪਲਬਧ ਕਰਵਾਈਆਂ ਜਾ ਰਹੀਆਂ ਮਸ਼ੀਨਰੀ ਤੇ ਸਹੂਲਤਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਤੇ ਪਰਾਲੀ ਨੂੰ ਸਾੜਨ ਦੀ ਥਾਂ ਇਸਦਾ ਵਿਗਿਆਨਕ ਤੇ ਸਹੀ ਪ੍ਰਬੰਧਨ ਕਰਨ। ਇਹ ਯੋਗਦਾਨ ਬਰਨਾਲਾ ਜ਼ਿਲ੍ਹਾ ਪ੍ਰਸ਼ਾਸਨ ਤੇ ਸਥਾਨਕ ਉਦਯੋਗ ਦਰਮਿਆਨ ਵਾਤਾਵਰਣ ਦੀ ਸੰਭਾਲ ਲਈ ਸਾਂਝੀ ਜਿੰਮੇਵਾਰੀ ਦੀ ਇਕ ਮਹੱਤਵਪੂਰਨ ਉਦਾਹਰਣ ਪੇਸ਼ ਕਰਦਾ ਹੈ।

About The Author

You may have missed