ਚੀਮਾ ਜੋਧਪੁਰ ਵਿੱਚ ਪ੍ਰਸਿੱਧ ਵਿਅਕਤੀਆਂ ਦੇ ਮਾਰਗਦਰਸ਼ਨ ਹੇਠ ਰੂਬਰੂ ਪ੍ਰੋਗਰਾਮ ਦਾ ਆਯੋਜਨ

ਚੀਮਾ ਜੋਧਪੁਰ, 18 ਅਕਤੂਬਰ(ਰਾਕੇਸ਼ ਜੇਠੀ) – ਪੀ.ਐਮ. ਸ਼੍ਰੀ ਸਕੀਮ ਹੇਠ ਚਲ ਰਹੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਜੋਧਪੁਰ ਵਿੱਚ ਦੇਸ਼ ਦੀਆਂ ਮਸ਼ਹੂਰ ਸ਼ਖਸ਼ੀਅਤਾ ਨਾਲ ਪਹਿਚਾਣ ਪ੍ਰੋਗਰਾਮ ਤਹਿਤ ਇੱਕ ਵਿਸ਼ੇਸ਼ ਰੂਬਰੂ ਪ੍ਰੋਗਰਾਮ ਦਾ ਆਯੋਜਨ ਅੱਜ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਜੋਧਪੁਰ ਵਿਖੇ ਕੀਤਾ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਰਾਸ਼ਟਰੀ ਅਤੇ ਰਾਜ ਪੁਰਸਕਾਰ ਪ੍ਰਾਪਤ ਸ਼੍ਰੀ ਅਮਰਿਤਪਾਲ ਸਿੰਘ ਪਾਲੀ ਖਾਦਿਮ ਸਨ, ਜਿਨ੍ਹਾਂ ਨੇ ਵਿਦਿਆਰਥੀਆਂ ਨਾਲ ਸਿੱਧਾ ਸੰਵਾਦ ਕਰਦਿਆਂ ਉਨ੍ਹਾਂ ਨੂੰ ਨੈਤਿਕ ਮੁੱਲਾਂ, ਪੰਜਾਬੀ ਸਾਹਿਤ ਦੀ ਧਰੋਹਰ ਅਤੇ ਪੰਜਾਬ ਦੇ ਸੰਗੀਤਕ ਵਿਰਸੇ ਨਾਲ ਜਾਣੂ ਕਰਵਾਇਆ।
ਆਪਣੇ ਪ੍ਰੇਰਕ ਸੰਬੋਧਨ ਵਿੱਚ ਸ਼੍ਰੀ ਖਾਦਿਮ ਨੇ ਕਿਹਾ ਕਿ ਜੀਵਨ ਵਿੱਚ ਚੰਦਨ ਵਾਂਗ ਸੁਗੰਧ ਫੈਲਾਉਣ ਦੀ ਕੋਸ਼ਿਸ਼ ਕਰੋ, ਬਾਂਸ ਵਾਂਗ ਖਾਲੀ ਨਾ ਰਹੋ ਜੋ ਮਨੁੱਖਤਾ ਲਈ ਕਿਸੇ ਕੰਮ ਨਹੀਂ ਆਉਂਦਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮਨੁੱਖ ਦੀ ਅਸਲ ਪਹਚਾਣ ਉਸ ਦੇ ਚਾਲ-ਚਲਨ ਅਤੇ ਸਾਫ ਵਿਚਾਰਾਂ ਵਿੱਚ ਹੁੰਦੀ ਹੈ।
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੰਜਾਬ ਦੇ ਪੁਰਾਤਨ ਸੰਗੀਤਕ ਸਾਜ਼ ਬਾਰੇ ਜਾਣਕਾਰੀ ਦਿੱਤੀ ਅਤੇ ਰਿਦਮ ਦੀ ਮਹੱਤਤਾ ਸਮਝਾਉਂਦਿਆਂ ਵਿਦਿਆਰਥੀਆਂ ਨਾਲ ਲਾਈਵ ਸੰਗੀਤਕ ਪ੍ਰਦਰਸ਼ਨ ਵੀ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪੰਜਾਬੀ ਭਾਸ਼ਾ ਦੇ ਵੱਖ-ਵੱਖ ਪੱਖਾਂ ਬਾਰੇ ਵੀ ਵਿਸਥਾਰ ਨਾਲ ਗੱਲ ਕੀਤੀ ਅਤੇ ਵਿਦਿਆਰਥੀਆਂ ਨੂੰ ਆਪਣੀ ਮਾਂ-ਬੋਲੀ ਨਾਲ ਜੁੜੇ ਰਹਿਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਪੰਜਾਬ ਦੇ ਲੋਕ ਨਾਚਾਂ ਬਾਰੇ 40 ਵਿਭਿੰਨ ਰੂਪਾਂ ਦੀ ਜਾਣਕਾਰੀ ਦਿੰਦਿਆਂ ਵਿਦਿਆਰਥੀਆਂ ਨੂੰ ਲੋਕ ਸੱਭਿਆਚਾਰ ਨਾਲ ਜੋੜਨ ਦੀ ਪ੍ਰੇਰਣਾ ਦਿੱਤੀ।
ਇਸ ਪ੍ਰੋਗਰਾਮ ਵਿੱਚ ਡਿਪਟੀ ਡਿਸਟ੍ਰਿਕਟ ਐਜੂਕੇਸ਼ਨ ਅਫ਼ਸਰ ਡਾ. ਬਰਜਿੰਦਰਪਾਲ ਸਿੰਘ ਨੇ ਵਿਸ਼ੇਸ਼ ਹਾਜ਼ਰੀ ਭਰੀ। ਉਨ੍ਹਾਂ ਨੇ ਪ੍ਰਿੰਸੀਪਲ ਅਨਿਲ ਕੁਮਾਰ ਨਾਲ ਮਿਲ ਕੇ ਕਿਹਾ ਕਿ ਸਰਕਾਰ ਵੱਲੋਂ ਸ਼ੁਰੂ ਕੀਤੀ ਪੀ.ਐਮ. ਸ਼੍ਰੀ ਸਕੀਮ ਹੇਠ ਵਿਦਿਆਰਥੀਆਂ ਨੂੰ ਪ੍ਰਸਿੱਧ ਵਿਅਕਤੀਆਂ ਨਾਲ ਰੂਬਰੂ ਹੋਣ ਦਾ ਇਹ ਬਹੁਤ ਹੀ ਪ੍ਰਭਾਵਸ਼ਾਲੀ ਉਪਰਾਲਾ ਹੈ। ਅਜਿਹੇ ਸਮਾਗਮਾਂ ਨਾਲ ਵਿਦਿਆਰਥੀਆਂ ਦੀ ਸੂਝ, ਪ੍ਰੇਰਣਾ ਅਤੇ ਵਿਸ਼ਵਾਸ ਤਿੰਨੇ ਹੀ ਮਜ਼ਬੂਤ ਹੁੰਦੇ ਹਨ।
ਡਾ. ਜਤਿੰਦਰ ਜੋਸ਼ੀ (ਮੀਡੀਆ ਕੋਆਰਡੀਨੇਟਰ) ਨੇ ਦੱਸਿਆ ਕਿ ਨਵੀਂ ਸਿੱਖਿਆ ਨੀਤੀ ਹੇਠ ਸਰਕਾਰ ਵਿਦਿਆਰਥੀਆਂ ਨੂੰ ਵੱਖ-ਵੱਖ ਖੇਤਰਾਂ ਵਿੱਚ ਮਾਹਰ ਬਣਾਉਣ ਲਈ ਸਹੂਲਤਾਂ ਪ੍ਰਦਾਨ ਕਰ ਰਹੀ ਹੈ ਤਾਂ ਜੋ ਉਹ ਆਪਣੀ ਰੁਚੀ ਅਤੇ ਯੋਗਤਾ ਅਨੁਸਾਰ ਵਿਕਾਸ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਰੂਬਰੂ ਪ੍ਰੋਗਰਾਮ ਵਿਦਿਆਰਥੀਆਂ ਦੇ ਵਿਚਾਰਕ ਅਤੇ ਆਚਰਣ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਇਸ ਮੌਕੇ ਤੇ ਬਲਵੀਰ ਸਿੰਘ ਵਲੋ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਗਈ,ਨਵਦੀਪ ਸ਼ਰਮਾ, ਰਾਸ਼ੀ,ਅਮਨਦੀਪ ਕੌਰ,ਉਪਾਸਨਾ,ਸੁਖਦੀਪ ਕੌਰ,ਰਿਸ਼ੂ,ਲਲਿਤਾ,ਰਮਨਦੀਪ ਕੌਰ, ਰਤਨਦੀਪ ਸਿੰਘ, ਰਾਜੇਸ਼ ਕੁਮਾਰ, ਮਨੀਪ੍ਰੀਤ ਕੌਰ, ਗੁਰਮੀਤ ਕੌਰ, ਮੀਨਾਕਸ਼ੀ ਗਰਗ, ਪਾਯਲ ਗਰਗ ਸਮੇਤ ਸਕੂਲ ਦੇ ਸਟਾਫ ਮੈਂਬਰ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਸਭ ਨੇ ਸ਼੍ਰੀ ਅਮਰਿਤਪਾਲ ਸਿੰਘ ਪਾਲੀ ਖਾਦਿਮ ਦੇ ਗਿਆਨ ਅਤੇ ਵਿਅਕਤਿਤਵ ਤੋਂ ਪ੍ਰੇਰਣਾ ਲਈ। ਸ਼੍ਰੀ ਅੰਮ੍ਰਿਤਪਾਲ ਵਲੋ ਵਿਦਿਆਰਥੀਆਂ ਲਈ ਅਲਗੋਜ਼ੇ ਵਜਾਉਣ ਦੀ ਲਾਈਵ ਪੇਸ਼ਕਾਰੀ ਕੀਤੀ ਗਈ ਤੇ ਵਿਦਿਆਥੀਆਂ ਨੂੰ ਇਸ ਤਰ੍ਹਾਂ ਦੇ ਸਾਜ਼ ਸਿੱਖਣ ਲਈ ਪ੍ਰੇਰਿਤ ਕੀਤਾ ਗਿਆ

