10 ਲੱਖ ਵਾਲੀ ਸਕੀਮ ਠੰਡੇ ਬਸਤੇ ਵਿੱਚ, ਪਰ ਪਬਲੀਸਿਟੀ ਤੇ ਰਜਿਸਟਰੇਸ਼ਨ ਜਾਰੀ ਹੈ: ਮਨਪ੍ਰੀਤ ਸਿੰਘ ਮਨੀ

ਹੰਡਿਆਇਆ-26ਸਤੰਬਰ(ਰਾਕੇਸ਼ ਜੇਠੀ)- ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕੋਲੋਂ ਪਹਿਲਾਂ ਕੀਤੇ ਗਏ ਵਾਅਦਿਆਂ ਨੂੰ ਤਾਂ ਪੂਰਾ ਨਹੀਂ ਕੀਤਾ ਜਾ ਰਿਹਾ ਪ੍ਰੰਤੂ ਨਵੇਂ ਵਾਅਦੇ ਕਰਕੇ ਉਸਦੀ ਪਬਲੀਸਿਟੀ ਤੇ ਨਜਾਇਜ਼ ਖਰਚੇ ਕੀਤੇ ਜਾ ਰਹੇ ਹਨ। ਆਪਣੇ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਨਗਰ ਪੰਚਾਇਤ ਹੰਡਿਆਇਆ ਦੇ ਸਾਬਕਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਮਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਵਾਅਦੇ ਕਰਕੇ ਸਬਜਬਾਗ ਦਿਖਾ ਦਿੰਦੀ ਹੈ, ਉਸ ਦੀ ਪਬਲੀਸਿਟੀ ਤੇ ਲੱਖਾਂ ਕਰੋੜਾਂ ਰੁਪਆ ਵੀ ਬਰਬਾਦ ਕਰ ਦਿੰਦੀ ਹੈ ਪ੍ਰੰਤੂ ਰਿਜਲਟ ਨਿਕਲਦਾ ਜ਼ੀਰੋ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਗਿਆ ਸੀ ਪ੍ਰੰਤੂ ਸਰਕਾਰ ਤੇ ਚਾਰ ਸਾਲ ਪੂਰੇ ਹੋਣ ਵਾਲੇ ਹਨ ਪਰੰਤੂ ਅਜੇ ਤੱਕ ਮਹਿਲਾਵਾਂ ਦੇ ਖਾਤੇ ਵਿੱਚ ਕੋਈ ਵੀ ਪੈਸਾ ਨਹੀਂ ਪੁੱਜਾ। ਇਹਨਾਂ ਵੱਲੋਂ ਪੰਜਾਬ ਦੇ ਵਿੱਚ ਮੈਡੀਕਲ ਸਹੂਲਤਾਂਵਾਂ ਨੂੰ ਵਧੀਆ ਬਣਾਉਣ ਦੀਆਂ ਗੱਲਾਂ ਕਹੀਆਂ ਜਾਂਦੀਆਂ ਸਨ ਪ੍ਰੰਤੂ ਹੰਡਿਆਇਆ ਵਿੱਚ ਪਾਸ ਹੋਇਆ ਮਲਟੀ ਸਪੈਸ਼ਲਿਟੀ ਹਸਪਤਾਲ ਕੈਂਸਲ ਕਰਵਾ ਕੇ ਖੇਡ ਦਾ ਗਰਾਊਂਡ ਬਣਾਉਣ ਦੀ ਯੋਜਨਾ ਬਣਾ ਦਿੱਤੀ, ਜਿਸ ਦੇ ਬਣਨ ਦੀ ਅਜੇ ਤੱਕ ਕੋਈ ਰੂਪ ਰੇਖਾ ਤਿਆਰ ਨਹੀਂ ਕੀਤੀ ਗਈ।
ਭਗਵੰਤ ਮਾਨ ਸਰਕਾਰ ਦੁਆਰਾ ਮਸਤਵਾਣਾ ਸਾਹਿਬ ਕੋਲ ਗੁਰਦੁਆਰੇ ਦੀ ਜ਼ਮੀਨ ਲੈ ਕੇ ਉਸ ਵਿੱਚ ਇੱਕ ਵੱਡਾ ਮੈਡੀਕਲ ਇੰਸਟੀਟਿਊਟ ਬਣਾਏ ਜਾਣ ਦੀ ਘੋਸ਼ਣਾ ਕੀਤੀ ਗਈ ਸੀ। ਜਿਸ ਦਾ ਨੀਹ ਪੱਥਰ ਵੀ ਰੱਖ ਦਿੱਤਾ ਗਿਆ ਸੀ ਅਤੇ 2023 ਵਿੱਚ ਉਸ ਹਸਪਤਾਲ ਨੂੰ ਕੰਪਲੀਟ ਕਰ ਦਿੱਤਾ ਜਾਣਾ ਸੀ। ਪ੍ਰੰਤੂ ਪਿਛਲੇ ਦਿਨੇ ਸਰਕਾਰ ਨੇ ਹਸਪਤਾਲ ਬਣਾਉਣ ਵਿੱਚ ਆਪਣੀ ਅਸਮਰਥਤਾ ਜਿਤਾਉਂਦੇ ਹੋਏ ਗੁਰਦੁਆਰੇ ਨੂੰ ਉਸਦੀ ਜਮੀਨ ਵਾਪਸ ਕਰ ਦਿੱਤੀ ਅਤੇ ਨੀਹ ਪੱਥਰ ਪੁੱਟ ਦਿੱਤਾ ਗਿਆ। ਇਸ ਹਸਪਤਾਲ ਨੂੰ ਬਣਾਉਣ ਦਾ ਕਹਿ ਕੇ ਕਿੰਨੇ ਪੈਸੇ ਪਬਲੀਸਿਟੀ ਤੇ ਬਰਬਾਦ ਕੀਤੇ ਹਨ ਇਸ ਦਾ ਜਵਾਬ ਦੇਹ ਕੌਣ ਹੈ।
ਸੱਤਾ ਵਿੱਚ ਆਉਣ ਤੋਂ ਪਹਿਲਾਂ ਸਕੂਲਾਂ ਵਿੱਚ ਪੜ੍ਹਾਈ ਦੇ ਸਤਰ ਨੂੰ ਉੱਚਾ ਚੁੱਕਣ ਲਈ ਵੱਡੇ ਵੱਡੇ ਵਾਅਦੇ ਕੀਤੇ ਸਨ ਪ੍ਰੰਤੂ ਇਹਨਾਂ ਦੀ ਸਰਕਾਰ ਵਿੱਚ ਹਜ਼ਾਰਾਂ ਸਰਕਾਰੀ ਸਕੂਲਾਂ ਵਿੱਚ ਪ੍ਰਿੰਸੀਪਲ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਅਤੇ ਟੀਚਰਾਂ ਦੇ ਸੰਘਰਸ਼ ਨੂੰ ਦਬਾਉਣ ਲਈ ਕਈ ਵਾਰ ਉਹਨਾਂ ਉੱਪਰ ਲਾਠੀ ਚਾਰਜ ਤੱਕ ਹੋ ਚੁੱਕਾ ਹੈ। ਅੱਜ ਵੀ ਕਈ ਟੀਚਰ ਯੂਨੀਅਨ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੀਆਂ ਹਨ ਪ੍ਰੰਤੂ ਸਰਕਾਰ ਉਹਨਾਂ ਦੀ ਕੋਈ ਗੱਲਬਾਤ ਨਹੀਂ ਸੁਣ ਰਹੀ।
ਹੁਣ ਪੰਜਾਬ ਸਰਕਾਰ ਦੁਆਰਾ ਪੰਜਾਬ ਦੇ ਹਰੇਕ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਲਈ ਕਾਰਡ ਬਣਾਏ ਜਾਣ ਦੀ ਐਡਵਰਟਾਈਜਮੈਂਟ ਕੀਤੀ ਜਾ ਰਹੀ ਹੈ। ਇਸ ਸਕੀਮ ਦੇ ਕਾਰਡ ਦੀ ਰਜਿਸਟਰੇਸ਼ਨ 25 ਸਤੰਬਰ ਨੂੰ ਸ਼ੁਰੂ ਕੀਤੀ ਜਾਣੀ ਸੀ ਤੇ ਦੋ ਅਕਤੂਬਰ ਤੋਂ ਇਲਾਜ ਹੋਣੇ ਸ਼ੁਰੂ ਹੋਣੇ ਸਨ। ਪਰੰਤੂ ਪੰਜਾਬ ਦੇ ਸਿਹਤ ਮੰਤਰੀ ਨੇ ਇਸ ਸਕੀਮ ਨੂੰ ਅਗਲੇ ਤਿੰਨ ਮਹੀਨਿਆਂ ਲਈ ਸਥਗਤ ਕਰ ਦਿੱਤਾ। ਪੰਜਾਬ ਸਰਕਾਰ ਨੇ ਕਾਰਡ ਦੇ ਰਜਿਸਟਰੇਸ਼ਨ ਦਾ ਕੰਮ ਤਾਂ ਚਾਲੂ ਕਰ ਦਿੱਤਾ ਪ੍ਰੰਤੂ ਤਿੰਨ ਮਹੀਨਿਆਂ ਬਾਅਦ ਵੀ ਇਸ ਕਾਰਡ ਤੋਂ ਇਲਾਜ ਹੋਵੇਗਾ ਇਸ ਦੀ ਕੋਈ ਪੱਕੀ ਗਰੰਟੀ ਨਹੀਂ ਹੈ। ਕਿਉਂਕਿ ਹੋ ਸਕਦਾ ਹੈ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਇਸ ਸਕੀਮ ਨੂੰ ਵੀ ਚਲਾਉਣ ਵਿੱਚ ਅਸਮਰਥਤਾ ਜਾਹਿਰ ਕਰਦੇ ਹੋਏ ਕੈਂਸਲ ਕਰ ਦੇਵੇ।
ਉਹਨਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਸਮਜਬਾਗ ਦਿਖਾਣ ਵਾਲੀ ਸਰਕਾਰ ਹੈ। ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਝੂਠੇ ਵਾਅਦੇ ਅਤੇ ਝੂਠੇ ਸਬਜਬਾਗ ਦਿਖਾ ਕੇ ਹੀ ਸੱਤਾ ਹਾਸਲ ਕੀਤੀ ਹੈ। ਪੰਜਾਬ ਦੀ ਜਨਤਾ ਅੱਗੇ ਇਹਨਾਂ ਦਾ ਚਿਹਰਾ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕਿਆ ਹੈ। ਉਹਨਾਂ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਚੋਣਾਂ ਵਿੱਚ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਪੂਰਨ ਬਹੁਮਤ ਨਾਲ ਪੰਜਾਬ ਵਿੱਚ ਆਪਣੀ ਸਰਕਾਰ ਬਣਾਏਗਾ।
