ਹੰਡਿਆਇਆ ਦੀ ਕਿਲਾ ਪੱਤੀ ਵਿੱਚ ਇੱਕ ਹੋਰ ਨਜਾਇਜ਼ ਉਸਾਰੀ ਤੇ ਚੱਲਿਆ ਪੀਲਾ ਪੰਜਾ

ਹੰਡਿਆਇਆ -10ਅਗੱਸਤ(ਰਾਕੇਸ਼ ਜੇਠੀ)- ਕਸਬਾ ਹੰਡਿਆਇਆ ਦੇ ਕਿਲਾ ਪੱਤੀ ਵਿੱਚ ਫਿਰ ਤੋਂ ਪੀਲਾ ਪੰਜਾ ਚਲਿਆ ਜਿਸ ਨੇ ਇੱਕ ਹੋਰ ਘਰ ਨੂੰ ਢੇਰੀ ਵਿੱਚ ਬਦਲ ਦਿੱਤਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬਰਨਾਲਾ ਜਿਲੇ ਦੇ ਐਸਐਸਪੀ ਮੁਹੰਮਦ ਸਰਫਰਾਜ ਆਲਮ ਨੇ ਦੱਸਿਆ ਕਿ ਇਹ ਘਰ ਅਮਰਜੀਤ ਕੌਰ ਉਰਫ ਬਿੱਲੋ ਪਤਨੀ ਠੁਮਰਾ ਸਿੰਘ ਅਤੇ ਗੋਰਾ ਸਿੰਘ ਪੁੱਤਰ ਠੁਮਰਾ ਸਿੰਘ ਦਾ ਸੀ, ਜਿਨਾਂ ਉੱਪਰ ਐਨਡੀਪੀਐਸ ਅਤੇ ਹੋਰ ਮਾਮਲਿਆਂ ਅਧੀਨ ਕਈ ਮੁਕਦਮੇ ਦਰਜ ਹਨ। ਉਹਨਾਂ ਦੱਸਿਆ ਕਿ ਦੋਸ਼ੀਆਂ ਦੁਆਰਾ ਨਗਰ ਪੰਚਾਇਤ ਹੰਡਿਆਇਆ ਦੀ ਜਮੀਨ ਤੇ ਨਜਾਇਜ਼ ਕਬਜ਼ੇ ਕਰਕੇ ਡਰੱਗ ਮਨੀ ਦੇ ਸਹਾਰੇ ਘਰ ਬਣਾਇਆ ਗਿਆ ਸੀ। ਜਿਸ ਨੂੰ ਮਾਨਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਢਾਹ ਦਿੱਤਾ ਗਿਆ ਹੈ।
ਉਹਨਾਂ ਕਿਹਾ ਕਿ ਨਸ਼ੇ ਦੇ ਕਾਰੋਬਾਰ ਨਾਲ ਸੰਬੰਧਿਤ ਹਰ ਵਿਅਕਤੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਹਨਾਂ ਨਾਲ ਐਸਪੀਡੀ ਅਸ਼ੋਕ ਕੁਮਾਰ, ਐਸਐਚਓ ਬਲਵਿੰਦਰ ਸਿੰਘ, , ਐਸਐਚਓ ਚਰਨਜੀਤ ਸਿੰਘ ਸਿਟੀ ਟੂ, ਹੰਡਿਆਇਆ ਚੌਂਕੀ ਇੰਚਾਰਜ ਕਰਮਜੀਤ ਸਿੰਘ, ਸੀਆਈ ਸਟਾਫ ਇੰਚਾਰਜ ਬਲਜੀਤ ਸਿੰਘ, ਏਐਸਆਈ ਜਸਪਾਲ ਸਿੰਘ, ਏਐਸਆਈ ਸੁਖਬੀਰ ਸਿੰਘ ਸੰਧੂ, ਏਐਸਆਈ ਦਲਜੀਤ ਸਿੰਘ, ਕਾਨਸਟੇਬਲ ਸੁਰਜੀਤ ਸਿੰਘ, ਰਮਨਦੀਪ ਸਿੰਘ ਤੋਂ ਇਲਾਵਾ ਹੋਰ ਪੁਲਿਸ ਪਾਰਟੀ ਅਤੇ ਨਗਰ ਪੰਚਾਇਤ ਹੰਡਿਆਇਆ ਤੋਂ ਡਰਾਫਟਮੈਨ ਮਨਸਾਹਿਬ ਦੀਪ ਸਿੰਘ, ਕੁਲਵੀਰ ਸਿੰਘ, ਸੁਮੇਸ਼ਵਰ ਸਿੰਘਲਾ ਤੇ ਨਾਇਬ ਸਿੰਘ ਵੀ ਮੌਜੂਦ ਸਨ।
ਜਦੋਂ ਇਸ ਸਬੰਧੀ ਹੰਡਿਆਇਆ ਦੇ ਕਾਰਜ ਸਾਧਕ ਅਫਸਰ ਵਿਸ਼ਾਲ ਦੀਪ ਨੂੰ ਫੋਨ ਕਰਿਆ ਤਾਂ ਉਹਨਾਂ ਨਾਲ ਸੰਪਰਕ ਨਹੀਂ ਹੋ ਪਾਇਆ।
ਜਦੋਂ ਇਸ ਸਬੰਧੀ ਜਗ੍ਹਾ ਦੇ ਕਬਜ਼ਾ ਧਾਰਕ ਗੋਰਾ ਸਿੰਘ ਪੁੱਤਰ ਠੁਮਰਾ ਸਿੰਘ ਨਾਲ ਗੱਲਬਾਤ ਕਰੀ ਤਾਂ ਉਸਨੇ ਦੱਸਿਆ ਕਿ ਉਸਨੇ ਇਹ ਜਗ੍ਹਾ ਨਗਰ ਪੰਚਾਇਤ ਹੰਡਿਆਇਆ ਦੇ ਸਾਬਕਾ ਪ੍ਰਧਾਨ ਬਾਬੂ ਸਿੰਘ ਦੇ ਜਵਾਈ ਤੋਂ ਮੁੱਲ ਖਰੀਦੀ ਸੀ। ਉਹਨਾਂ ਕਿਹਾ ਕਿ ਨਗਰ ਪੰਚਾਇਤ ਹੰਡਿਆਇਆ ਵੱਲੋਂ ਉਸ ਨਾਲ ਧੱਕਾ ਕੀਤਾ ਜਾ ਰਿਹਾ ਹੈ ਕਿਉਂਕਿ ਉਸ ਦੇ ਆਸ ਪਾਸ ਹੋਰ ਬਹੁਤ ਸਾਰੇ ਲੋਕਾਂ ਨੇ ਨਜਾਇਜ਼ ਕਬਜ਼ਾ ਕਰਕੇ ਘਰ ਬਣਾਏ ਹੋਏ ਹਨ ਪ੍ਰੰਤੂ ਉਹਨਾਂ ਉੱਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਲਈ ਉਹ ਡਿਪਟੀ ਕਮਿਸ਼ਨਰ ਬਰਨਾਲਾ ਕੋਲ ਆਪਣੇ ਦਰਖਾਸਤ ਲੈ ਕੇ ਪੇਸ਼ ਹੋਣਗੇ।
