ਮੁਟਿਆਰਾਂ ਨੇ ਨੱਚ ਟੱਪ ਕੇ ਮਨਾਇਆ ਤੀਆਂ ਦਾ ਤਿਉਹਾਰ….

0
PrimeKhabarPunjab Teej Festival

ਹੰਡਿਆਇਆ-30ਜੁਲਾਈ (ਰਾਕੇਸ਼ ਜੇਠੀ)-ਪੁਰਾਤਨ ਸਮੇਂ ਵਿੱਚ ਤੀਆਂ ਪਿੰਡੋਂ ਬਾਹਰ ਨਵੇਕਲੀ ਥਾਂ ਤੇ ਲੱਗਦੀਆਂ ਸਨ, ਜਿੱਥੇ ਕੁਆਰੀਆਂ ਅਤੇ ਸੱਜ ਵਿਆਹੀਆਂ ਮੁਟਿਆਰਾਂ ਨੱਚ ਟੱਪ ਕੇ ਦਿਲਾਂ ਦੇ ਵਲਵਲੇ ਬੋਲੀਆਂ ਰਾਹੀਂ ਕੱਢਦੀਆਂ ਸਨ। ਤੀਆਂ ਦੇ ਮਹਾਨ ਅਤੇ ਇਤਿਹਾਸਿਕ ਵਿਰਸੇ ਨੂੰ ਕਾਇਮ ਰੱਖਦੇ ਹੋਏ, ਹੁਣ ਵੀ ਥਾਂ-ਥਾਂ ਤੇ ਤੀਆਂ ਦੇ ਮੇਲੇ ਲੱਗਦੇ ਹਨ। ਪਰ ਅਜੋਕੇ ਸਮੇਂ ਵਿੱਚ ਤੀਆਂ ਲਗਾਉਣ ਦੇ ਰੰਗ ਢੰਗ ਬਦਲ ਗਏ ਹਨ। ਬੋਹੜਾਂ ਪਿੱਪਲਾਂ ਦੀ ਜਗ੍ਹਾ ਪੈਲਸਾਂ, ਮੰਦਰਾਂ ਅਤੇ ਕਲੱਬਾਂ ਨੇ ਲੈ ਲਈ ਹੈ। ਖਾਸ ਕਰਕੇ ਸ਼ਹਿਰਾਂ ਵਿੱਚ ਇਹ ਤਿਉਹਾਰ ਮਹੱਲਿਆਂ ਅਤੇ ਮੰਦਰਾਂ ਵਿੱਚ ਮਨਾਇਆ ਜਾਣ ਲੱਗ ਪਿਆ ਹੈ।

ਇਸ ਤਹਿਤ  ਰੋਇਲ ਟਚ ਬਿਊਟੀ ਪਾਰਲਰ, ਹੰਡਿਆਇਆ ਵੱਲੋਂ ਹਰਿਆਲੀ ਤੀਜ ਦਾ ਤਿਉਹਾਰ ਸ਼ਾਂਤੀ ਹਾਲ ਹੰਡਿਆਇਆ ਵਿੱਚ ਰਜਨੀ ਦੀ ਅਗਵਾਈ ਵਿੱਚ ਧੂਮ ਧਾਮ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸਟੈਂਡਰਡ ਕੰਬਾਈਨ ਹੰਡਿਆਇਆ ਤੋਂ ਜਸਵਿੰਦਰ ਕੌਰ, ਗੁਰਜੀਤ ਕੌਰ, ਮਾਈ ਕਿਰਨਾ ਮਹੰਤ, ਆਰ ਐਸ ਟੀ ਆਈ ਟੀਚਰ ਗੁਰਅੰਮ੍ਰਿਤ ਕੌਰ, ਰਿਤੂ ਸ਼ਰਮਾ ਤੇ ਜਸਵੀਰ ਕੌਰ ਨੇ ਸ਼ਿਰਕਤ ਕੀਤੀ। ਇਸ ਮੌਕੇ ਸੁੰਦਰ ਗਾਣੇ ਗਾਏ ਅਤੇ ਨੱਚ ਟੱਪ ਕੇ ਬੜੀ ਮਸਤੀ ਦੇ ਨਾਲ ਨਾਲ ਗਿੱਧਾ ਤੇ ਬੋਲੀਆਂ ਵੀ ਪਈਆਂ ਗਈਆਂ।

ਇਸ ਦੌਰਾਨ ਹਾਜ਼ਰ ਔਰਤਾਂ ਨੂੰ ਸਾਉਣ ਦੇ ਮਹੀਨੇ ਦੀ ਮਹੱਤਤਾ ਦੱਸਦਿਆਂ ਮੁੱਖ ਮਹਿਮਾਨ ਜਸਵਿੰਦਰ ਕੌਰ ਨੇ ਦੱਸਿਆ ਕਿ ਸਾਉਣ ਦਾ ਪਵਿੱਤਰ ਮਹੀਨਾ ਚੱਲ ਰਿਹਾ ਹੈ।  ਚਾਰੇ ਪਾਸੇ ਹਰਿਆਲੀ ਹੀ ਦਿਖਾਈ ਦੇ ਰਹੀ ਹੈ।  ਬਰਸਾਤ ਦੀਆਂ ਬੂੰਦਾਂ ਜਾਰੀ ਹਨ ਕੁਦਰਤ ਅਦਬੁਤ ਸੁੰਦਰਤਾ ਫੈਲਾ ਰਹੀ ਹੈ।  ਸਾਉਣ ਦਾ ਪੂਰਾ ਮਹੀਨਾ ਇੱਕ ਤਿਉਹਾਰ ਵਾਂਗੂੰ ਮਨਾਇਆ ਜਾਂਦਾ ਹੈ।  ਉਹਨਾਂ ਕਿਹਾ ਕਿ ਸਾਉਣ ਦੇ ਮਹੀਨੇ ਹਰ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਨਜ਼ਰ ਆਉਂਦੀਆਂ ਹਨ। ਸਾਉਣ ਦੇ ਬੱਦਲ ਹਰ ਦਰਖਤ ਬੂਟੇ ਨੂੰ ਆਪਣੇ ਪਵਿੱਤਰ ਜਲ ਨਾਲ ਇਸ਼ਨਾਨ ਕਰਵਾ ਕੇ ਨਵਾਂ ਰੰਗ ਰੂਪ ਬਖਸ਼ਦੇ ਹਨ।  ਫੁੱਲਾਂ ਅਤੇ ਫਲਾਂ ਨਾਲ ਲੱਦੀਆਂ ਵੇਲਾਂ ਆਪਣੇ ਪੂਰੇ ਜੋਬਨ ਵਿੱਚ ਆ ਕੇ ਖੁਸ਼ੀ ਵਿੱਚ ਖੀਵੀਆਂ ਹੋਈਆਂ ਇੱਕ ਦੂਜੇ ਨੂੰ ਸੈਨਤਾਂ ਕਰਦੀਆਂ ਜਾਪਦੀਆਂ ਹਨ।  ਫਿਰ ਅਜਿਹੇ ਸਮੇਂ ਕੁੜੀਆਂ ਚਿੜੀਆਂ ਖੁਸ਼ੀਆਂ ਵਿੱਚ ਖੀਵੀਆਂ ਹੋਈਆਂ ਖੂਬ ਮਸਤੀਆਂ ਕਰਦੀਆਂ ਹਨ।  ਇਸ ਮੌਕੇ ਉਹਨਾਂ ਨਾਲ ਹੋਰਨਾਂ ਔਰਤਾਂ ਤੋਂ ਇਲਾਵਾ ਪਾਰਲਰ ਸਟਾਫ ਵੀ ਮੌਜੂਦ ਸੀ।

About The Author

Leave a Reply

Your email address will not be published. Required fields are marked *

You may have missed