ਠੇਕੇਦਾਰਾਂ ਦੀ ਲੜਾਈ ਵਿੱਚ ਆਮ ਜਨਤਾ ਪ੍ਰੇਸ਼ਾਨ, ਪ੍ਰਸ਼ਾਸਨ ਬਣਿਆ ਮੂਕ ਦਰਸ਼ਕ

ਹੰਡਿਆਇਆ -26ਜੁਲਾਈ (ਰਾਕੇਸ਼ ਜੇਠੀ)- ਕੁਝ ਸਮੇਂ ਤੋਂ ਹੰਡਿਆਇਆ ਦੇ ਕਈ ਇਲਾਕਿਆਂ ਵਿੱਚ ਵਾਟਰ ਸਪਲਾਈ ਮਹਿਕਮੇ ਵੱਲੋਂ ਪਾਣੀ ਦੀਆਂ ਪਾਈਪਾਂ ਪਾਈਆਂ ਜਾ ਰਹੀਆਂ ਹਨ। ਇਸੇ ਤਹਿਤ ਲੁੱਧੜ ਪੱਤੀ ਚੌਂਕ ਤੋਂ ਲੱਖੀ ਜੈਲਦਾਰ ਦੇ ਘਰ ਵੱਲ ਵਾਟਰ ਸਪਲਾਈ ਦੀ ਪਾਈਪ ਪਾਈ ਗਈ ਸੀ ਅਤੇ ਰਸਤੇ ਵਿੱਚ ਇੱਕ ਜਗ੍ਹਾ ਤੇ ਜੋੜ ਲੀਕ ਕਰ ਰਿਹਾ ਹੈ। ਆਸ ਪਾਸ ਦੇ ਲੋਕਾਂ ਨੇ ਇਸ ਪਾਣੀ ਲੀਕੇਜ ਸਬੰਧੀ ਠੇਕੇਦਾਰ, ਐਮਸੀ ਅਤੇ ਨਗਰ ਪੰਚਾਇਤ ਦਫਤਰ ਨੂੰ ਸੂਚਿਤ ਕੀਤਾ। ਉਹਨਾਂ ਦੁਆਰਾ ਇਸ ਲੀਕੇਜ ਨੂੰ ਬੰਦ ਕਰਨ ਲਈ ਦੋ ਤਿੰਨ ਵਾਰ ਉਪਰਾਲਾ ਕੀਤਾ ਗਿਆ ਪ੍ਰੰਤੂ ਉਹਨਾਂ ਤੋਂ ਇਹ ਲੀਕੇਜ ਬੰਦ ਨਹੀਂ ਹੋਈ। ਕੁਝ ਸਮੇਂ ਬਾਅਦ ਉਹਨਾਂ ਨੇ ਲੀਕੇਜ ਬੰਦ ਕਰਨ ਦੀ ਬਜਾਏ ਉਸ ਉਪਰ ਸੜਕ ਬਣਾਉਣ ਲਈ ਰੋੜੇ ਪਾਉਣੇ ਸ਼ੁਰੂ ਕਰ ਦਿੱਤੇ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਥੇ ਮੌਜੂਦ ਵਸਨੀਕਾਂ ਨੇ ਦੱਸਿਆ ਕਿ ਲਗਭਗ ਇੱਕ ਮਹੀਨਾ ਪਹਿਲਾਂ ਵਾਟਰ ਸਪਲਾਈ ਲਈ ਪਾਈਪਾਂ ਪਾਈਆਂ ਗਈਆਂ ਸਨ ਪ੍ਰੰਤੂ ਸਪਲਾਈ ਚਾਲੂ ਕਰਨ ਤੋਂ ਬਾਅਦ ਇਸ ਜਗ੍ਹਾ ਤੇ ਲੀਕੇਜ ਹੋਣੇ ਸ਼ੁਰੂ ਹੋ ਗਈ। ਅਸੀਂ ਬਹੁਤ ਵਾਰ ਨਗਰ ਪੰਚਾਇਤ ਦਫਤਰ ਅਤੇ ਵਾਟਰ ਸਪਲਾਈ ਮਹਿਕਮੇ ਦੇ ਅਧਿਕਾਰੀਆਂ ਨੂੰ ਬੋਲ ਚੁੱਕੇ ਹਾਂ ਕਿ ਸੜਕ ਬਣਨ ਤੋਂ ਪਹਿਲਾਂ ਪਹਿਲਾਂ ਇਸ ਲੀਕੇਜ ਨੂੰ ਬੰਦ ਕਰਵਾਇਆ ਜਾਵੇ ਪਰੰਤੂ ਕੋਈ ਵੀ ਅਧਿਕਾਰੀ ਇਸਨੂੰ ਸੀਰੀਅਸ ਨਹੀਂ ਲੈ ਰਿਹਾ ਅਤੇ ਸੜਕ ਬਣਾਉਣ ਦਾ ਕੰਮ ਆਰੰਭਿਆ ਜਾ ਚੁੱਕਿਆ ਹੈ। ਪਾਈਪਾਂ ਰਾਹੀਂ ਲੀਕ ਹੋ ਰਿਹਾ ਇਹ ਪਾਣੀ ਸਾਡੇ ਘਰਾਂ ਦੀਆਂ ਨੀਵ ਨੂੰ ਨੁਕਸਾਨ ਕਰ ਰਿਹਾ ਹੈ।
ਉਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਵਾਟਰ ਸਪਲਾਈ ਦੀਆਂ ਪਾਈਪਾਂ ਪਾਉਣ ਵਾਲੇ ਠੇਕੇਦਾਰ ਦਾ ਇਲਜ਼ਾਮ ਹੈ ਕਿ ਇਹ ਲੀਕੇਜ ਉਹਨਾਂ ਦੀ ਲਾਪਰਵਾਹੀ ਨਾਲ ਨਹੀਂ ਬਲਕਿ ਸੜਕ ਬਣਾਉਣ ਵਾਲੇ ਠੇਕੇਦਾਰ ਦੀ ਲਾਪਰਵਾਹੀ ਕਾਰਨ ਹੋ ਰਹੀ ਹੈ। ਜਦੋਂ ਕਿ ਇਹੋ ਗੱਲ ਸੜਕ ਬਣਾਉਣ ਵਾਲਾ ਠੇਕੇਦਾਰ ਕਹਿ ਰਿਹਾ ਹੈ ਕਿ ਇਸ ਵਿੱਚ ਉਹਨਾਂ ਦੀ ਕੋਈ ਗਲਤੀ ਨਹੀਂ ਹੈ ਵਾਟਰ ਸਪਲਾਈ ਪਾਈਪਾਂ ਪਾਉਣ ਵਾਲੇ ਠੇਕੇਦਾਰ ਦੁਬਾਰਾ ਹੀ ਲਾਪਰਵਾਹੀ ਵਰਤੀ ਗਈ ਹੈ।
ਉਹਨਾਂ ਦੱਸਿਆ ਕਿ ਦੋਨੋਂ ਠੇਕੇਦਾਰ ਆਪਣੀ ਜਿੱਦ ਤੇ ਅੜੇ ਹੋਏ ਹਨ ਕਿ ਇਹ ਉਹਨਾਂ ਦੀ ਗਲਤੀ ਨਹੀਂ ਹੈ। ਇਸ ਲਈ ਉਹ ਆਪਣੀ ਲੇਬਰ ਲਗਾ ਕੇ ਇਸ ਨੂੰ ਠੀਕ ਨਹੀਂ ਕਰਨਗੇ ਪਰੰਤੂ ਪ੍ਰਸ਼ਾਸਨ ਕੇਵਲ ਮੂਕ ਦਰਸ਼ਕ ਬਣ ਕੇ ਉਹਨਾਂ ਦੀ ਇਸ ਲੜਾਈ ਨੂੰ ਦੇਖ ਰਿਹਾ ਹੈ, ਜਦੋਂ ਕਿ ਨੁਕਸਾਨ ਉਥੋਂ ਦੇ ਵਸਨੀਕਾਂ ਨੂੰ ਝੱਲਣਾ ਪੈਣਾ ਹੈ। ਇਸ ਮੌਕੇ ਮਹੱਲਾ ਨਿਵਾਸੀ ਲੁਕੇਸ ਲੱਕੀ, ਰਣਜੀਤ ਸਿੰਘ, ਰਾਕੇਸ ਕੁਮਾਰ, ਕਾਲਾ ਸਿੰਘ ਤੇ ਗੁਰਦੀਪ ਸਿੰਘ ਹਾਜ਼ਰ ਸਨ।
ਇਸ ਸਬੰਧੀ ਉਥੋਂ ਦੇ ਐਮਸੀ ਬਲਵੀਰ ਸਿੰਘ ਮਹਿਰਮੀਆਂ ਨੇ ਦੱਸਿਆ ਕਿ ਇਸ ਮਸਲੇ ਵੱਲ ਕਾਰਜ ਸਾਧਕ ਅਫਸਰ ਅਤੇ ਨਗਰ ਪੰਚਾਇਤ ਹੰਡਿਆਇਆ ਪ੍ਰਧਾਨ ਦਾ ਧਿਆਨ ਦਵਾਇਆ ਜਾ ਚੁੱਕਾ ਹੈ, ਜਲਦ ਹੀ ਇਸ ਸਮੱਸਿਆ ਦਾ ਹੱਲ ਕਰ ਲਿਆ ਜਾਵੇਗਾ।
ਇਸ ਸਬੰਧੀ ਨਗਰ ਪੰਚਾਇਤ ਹੰਡਿਆਇਆ ਦੇ ਪ੍ਰਧਾਨ ਨੇ ਗੱਲ ਕਰਦਿਆਂ ਦੱਸਿਆ ਕਿ ਜਲਦੀ ਹੀ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਸ ਸਮੱਸਿਆ ਦਾ ਹੱਲ ਕਰਵਾ ਦਿੱਤਾ ਜਾਵੇਗਾ।
ਇਸ ਬਾਰੇ ਗੱਲਬਾਤ ਕਰਦੇ ਹੋਏ ਵਾਟਰ ਸਪਲਾਈ ਸੀਵਰੇਜ ਬੋਰਡ ਦੇ ਐਸਡੀਓ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਇਸ ਸਮੱਸਿਆ ਬਾਰੇ ਕੋਈ ਜਾਣਕਾਰੀ ਨਹੀਂ ਸੀ ਪ੍ਰੰਤੂ ਉਹ ਜਲਦੀ ਹੀ ਇਸ ਦਾ ਹੱਲ ਕਰਵਾ ਦੇਣਗੇ।

