ਘਟਨਾ ਤੋਂ ਦੋ ਮਹੀਨੇ ਬਾਅਦ ਵੀ ਦੋਸ਼ੀ ਘੁੰਮ ਰਹੇ ਆਜ਼ਾਦ : ਅਜੈਬ ਸਿੰਘ

0
PrimeKhabarPunjab Ajaib

ਐਸਐਸਪੀ ਬਰਨਾਲਾ ਨੂੰ ਧਾਰਾ 307 ਲਗਾਉਣ ਅਤੇ ਤਫਤੀਸ਼ੀ ਅਫਸਰ ਨੂੰ ਬਦਲਣ ਲਈ ਦਿੱਤੀ ਦਰਖਾਸਤ

ਹੰਡਿਆਇਆ -20 ਜੁਲਾਈ (ਰਾਕੇਸ਼ ਜੇਠੀ) -ਕਸਬਾ ਹੰਡਿਆਇਆ ਦੇ ਨਿਵਾਸੀ ਹਰਪ੍ਰੀਤ ਸਿੰਘ ਪੁੱਤਰ ਅਜੈਬ ਸਿੰਘ ਤੇ ਕਾਤਲਾਨਾ ਹਮਲਾ ਕਰਨ ਵਾਲੇ ਦੋਸ਼ੀਆਂ ਦੀ ਜਾਣਕਾਰੀ ਦੇਣ ਤੋਂ ਬਾਅਦ ਵੀ ਪੁਲਿਸ ਦੁਆਰਾ ਕੋਈ ਪੁਖਤਾ ਕਾਰਵਾਈ ਨਾ ਕੀਤੀ ਜਾਣ ਤੋਂ ਦੁਖੀ ਪਿਤਾ ਅਜੈਬ ਸਿੰਘ ਵੱਲੋਂ ਐਸਐਸਪੀ ਬਰਨਾਲਾ ਨੂੰ ਦੁਬਾਰਾ ਦਰਖਾਸਤ ਪੇਸ਼ ਕਰਕੇ ਇਨਸਾਫ ਕੀਤੇ ਜਾਣ ਦੀ ਮੰਗ ਕੀਤੀ ਗਈ। ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਜੈਬ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਇੰਦਰਾ ਕਲੋਨੀ ਹੰਡਿਆਇਆ ਨੇ ਦੱਸਿਆ ਕਿ ਮਿਤੀ 13 ਮਈ 2025 ਨੂੰ ਉਹਨਾਂ ਦੇ ਲੜਕੇ ਹਰਪ੍ਰੀਤ ਸਿੰਘ ਉਰਫ ਗਾਂਧੀ ਦੇ ਉੱਪਰ ਬਰਨਾਲਾ ਵਿਖੇ ਕੁਝ ਵਿਅਕਤੀਆਂ ਦੁਆਰਾ ਜਾਣਲੇਵਾ ਹਮਲਾ ਕੀਤਾ ਗਿਆ ਸੀ। ਉਸ ਮੌਕੇ ਉਸ ਨੂੰ ਥਾਣਾ ਸਿਟੀ ਟੂ ਦੀ ਪੁਲਿਸ ਦੁਆਰਾ ਹੀ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਗਿਆ ਸੀ ਪ੍ਰੰਤੂ ਉਸ ਦੀਆਂ ਗੰਭੀਰ ਸੱਟਾਂ ਨੂੰ ਦੇਖਦੇ ਹੋਏ ਡਾਕਟਰ ਨੇ ਫਰੀਦਕੋਟ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਸੀ। ਕੁਝ ਦਿਨਾਂ ਬਾਅਦ ਫਰੀਦਕੋਟ ਹਸਪਤਾਲ ਵਿੱਚੋਂ ਸਿਟੀ ਟੂ ਦੇ ਏਐਸਆਈ ਜਗਰੂਪ ਸਿੰਘ ਵੱਲੋਂ ਮੇਰੇ ਬੇਟੇ ਦੇ ਬਿਆਨ ਲਏ ਗਏ ਜਿਸ ਦੇ ਆਧਾਰ ਤੇ ਨਾ ਮਾਲੂਮ ਲੋਕਾਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਪ੍ਰੰਤੂ ਪਰਚੇ ਵਿੱਚ ਜਰੂਰੀ ਧਾਰਾਵਾਂ ਨਹੀਂ ਲਗਾਈਆਂ ਗਈਆਂ।

ਅਸੀਂ ਕੁਝ ਦਿਨਾਂ ਦੀ ਨਿਜੀ ਜਾਂਚ ਪੜਤਾਲ ਤੋਂ ਬਾਅਦ ਹਮਲਾ ਕਰਨ ਵਾਲੇ ਇੱਕ ਦੋਸ਼ੀ ਟਿੰਕੂ ਪੁੱਤਰ ਗੀਤਾ ਨੇਪਾਲੀ ਦੀ ਪਹਿਚਾਣ ਕਰ ਲਈ ਅਤੇ ਏਐਸਆਈ ਜਗਰੂਪ ਸਿੰਘ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਉਹਨਾਂ ਦੇ ਕਹੇ ਅਨੁਸਾਰ ਉਨਾਂ ਨੂੰ ਟਿੰਕੂ ਦੇ ਘਰ ਦਾ ਪਤਾ ਵੀ ਦੱਸਿਆ ਗਿਆ। ਪ੍ਰੰਤੂ ਅਜੇ ਤੱਕ ਪੁਲਿਸ ਦੁਆਰਾ ਇਸ ਕੇਸ ਵਿੱਚ ਕਿਸੇ ਵੀ ਮੁਲਜਮ ਦੀ ਗ੍ਰਿਫਤਾਰੀ ਨਹੀਂ ਦਿਖਾਈ ਗਈ। ਹਰਪ੍ਰੀਤ ਦੇ ਸਿਰ ਤੇ ਲੱਗੀਆਂ ਗੰਭੀਰ ਸੱਟਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਐਸਐਸਪੀ ਸਾਹਿਬ ਨੂੰ ਦਰਖਾਸਤ ਪੇਸ਼ ਕਰਕੇ  ਐਫਆਈਆਰ  ਵਿੱਚ 307 ਆਈਪੀਸੀ (109 ਬੀ ਐਨਐਸ) ਦੀ ਧਾਰਾ ਦਾ ਵਾਧਾ ਕਰਨ ਲਈ ਕਿਹਾ ਸੀ। ਜੋ ਉਹਨਾਂ ਨੇ ਮਾਰਕ ਕਰਕੇ  ਡੀਐਸਪੀ ਸਾਹਿਬ ਬਰਨਾਲਾ ਕੋਲ ਭੇਜ ਦਿੱਤੀ ਸੀ ਜਿਸ ਦਾ ਸਾਨੂੰ ਅਜੇ ਤੱਕ ਕੋਈ ਕਨਫਰਮੇਸ਼ਨ ਨਹੀਂ ਹੋਈ।

ਉਹਨਾਂ ਕਿਹਾ ਕਿ ਅਸੀਂ ਏਐਸਆਈ ਜਗਰੂਪ ਸਿੰਘ ਅਤੇ ਐਸਐਸਪੀ ਸਾਹਿਬ ਨੂੰ ਦਰਖਾਸਤ ਪੇਸ਼ ਕਰਕੇ ਦੱਸ ਚੁੱਕੇ ਹਾਂ ਕਿ ਪਿਛਲੇ ਕੁਝ ਸਮੇਂ ਤੋਂ ਮੇਰੇ ਪਰਿਵਾਰ ਤੇ ਕੁਝ ਵਿਅਕਤੀਆਂ ਵੱਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਉਹਨੂੰ ਦੱਸਿਆ ਕਿ ਪਹਿਲਾ ਵੀ ਜਨਵਰੀ 2025 ਵਿੱਚ ਹੰਡਿਆਇਆ ਦੇ ਹੀ ਕੁਝ ਵਿਅਕਤੀਆਂ ਦੁਆਰਾ ਉਹਨਾਂ ਦੇ ਲੜਕੇ ਹਰਪ੍ਰੀਤ ਸਿੰਘ ਦੇ ਉੱਪਰ ਹਮਲਾ ਕੀਤਾ ਗਿਆ ਸੀ ਅਤੇ ਉਨਾਂ ਹੀ ਵਿਅਕਤੀਆਂ ਦੁਆਰਾ ਉਹਨਾਂ ਦੀ ਪਤਨੀ ਪਰਮਜੀਤ ਕੌਰ ਤੇ ਵੀ ਤਲਵਾਰਾਂ ਨਾਲ ਜਾਨਲੇਵਾ ਹਮਲਾ ਕੀਤਾ ਗਿਆ ਸੀ। ਇਸ ਸਬੰਧੀ ਰਵੀ ਸਿੰਘ ਪੁੱਤਰ ਬੱਬੂ ਸਿੰਘ ਅਰਮਾਨ ਰਾਜੂ ਅਤੇ ਲਵੀ ਪੁੱਤਰ ਕਾਲਾ ਸਿੰਘ ਦੇ ਖਿਲਾਫ ਮੁਕਦਮਾ ਨੰਬਰ 47 ਆਫ 2025 ਅਧੀਨ ਧਾਰਾ115(2), 118(1),351(2), 190  ਬੀਐਨਐਸ  ਥਾਣਾ ਬਰਨਾਲਾ ਵਿਖੇ ਦਰਜ ਹੈ।

ਉਹਨੂੰ ਦੱਸਿਆ ਕੀ ਮੌਜੂਦਾ ਵਾਰਦਾਤ ਵਿੱਚ ਵੀ ਲਵੀ ਪੁੱਤਰ ਕਾਲਾ ਸਿੰਘ ਰਵੀ ਪੁੱਤਰ ਬੱਬੂ ਸਿੰਘ ਵੀ ਸ਼ਾਮਿਲ ਸਨ, ਜਿਸ ਬਾਬਤ ਦਰਖਾਸਤ ਪੇਸ਼ ਕਰਕੇ ਹਰਪ੍ਰੀਤ ਸਿੰਘ ਵੱਲੋਂ ਤਫਤੀਸ਼ੀ ਅਫਸਰ ਜਗਰੂਪ ਸਿੰਘ ਨੂੰ ਦੱਸਿਆ ਗਿਆ ਸੀ ਪ੍ਰੰਤੂ ਜਗਰੂਪ ਸਿੰਘ ਵੱਲੋਂ ਨਾ ਤਾ ਕੋਈ ਬਿਆਨ ਲਿਖਿਆ ਗਿਆ ਅਤੇ ਨਾ ਹੀ ਕੋਈ ਬਣਦੀ ਕਾਰਵਾਈ ਕੀਤੀ ਗਈ।

ਅਜੈਬ ਸਿੰਘ ਨੇ ਕਿਹਾ ਕਿ ਉੱਪਰ ਦੱਸੇ ਗਏ ਸਾਰੇ ਦੇਸੀ ਆਜਾਦ ਘੁਮ ਰਹੇ ਹਨ। ਪੁਲਿਸ ਵੱਲੋਂ ਕਿਸੇ ਵੀ ਦੋਸ਼ੀ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਕਿਹਾ ਕੀ ਉਹ ਇੱਕ ਚੌਂਕੀਦਾਰ ਦਾ ਕੰਮ ਕਰਦੇ ਹਨ ਅਤੇ ਉਹਨਾਂ ਨੂੰ ਡਰ ਹੈ ਕਿ ਉਪਰੋਕਤ ਦੋਸ਼ੀਆਂ ਦੁਆਰਾ ਕਿਸੇ ਵਕਤ ਵੀ ਉਸ ਉੱਪਰ ਹਮਲਾ ਕੀਤਾ ਜਾ ਸਕਦਾ ਹੈ ਜਾਂ ਉਸਦੇ ਪਰਿਵਾਰ ਨੂੰ ਕੋਈ ਜਾਨ ਮਾਲੀ ਨੁਕਸਾਨ ਪਹੁੰਚਾ ਸਕਦੇ ਹਨ। ਇਸ ਲਈ 19/07/2025 ਨੂੰ ਉਹਨਾਂ ਦੁਬਾਰਾ ਐਸਐਸਪੀ ਬਰਨਾਲਾ ਨੂੰ ਦਰਖਾਸਤ ਪੇਸ਼ ਕਰਕੇ ਤਫਤੀਸ਼ੀ ਅਫਸਰ ਨੂੰ ਬਦਲਣ ਅਤੇ ਉਪਰੋਕਤ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

About The Author

Leave a Reply

Your email address will not be published. Required fields are marked *

You may have missed