ਨਗਰ ਪੰਚਾਇਤ ਹੰਡਿਆਇਆ ਦੀ ਲਾਪਰਵਾਹੀ, ਵੰਡ ਰਹੀ ਹੈ ਲੋਕਾਂ ਨੂੰ ਹੋਲਸੇਲ ਵਿੱਚ ਬਿਮਾਰੀ

ਹੰਡਿਆਇਆ -30 ਜੂਨ – ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਲੋਕਾਂ ਨੂੰ ਸਵੱਛਤਾ ਅਭਿਆਨ ਚਲਾਉਣ ਦੇ ਲਈ ਉਤਸਾਹਿਤ ਕਰ ਰਹੇ ਹਨ, ਉਥੇ ਨਗਰ ਪੰਚਾਇਤ ਹੰਡਿਆਇਆ ਗੰਦਗੀ ਫੈਲਾ ਕੇ ਲੋਕਾਂ ਨੂੰ ਜ਼ਬਰਦਸਤੀ ਬਿਮਾਰੀਆਂ ਥਾਲੀ ਵਿੱਚ ਪਰੋਸ ਕੇ ਦੇ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਸੈਦੋ ਪੱਤੀ ਦੇ ਟੋਬੇ ਦੇ ਗੰਦੇ ਪਾਣੀ ਨੂੰ ਹੰਡਿਆਇਆ ਦੇ ਸਰਕਾਰੀ ਹਸਪਤਾਲ ਵਿੱਚ ਛੱਡਿਆ ਜਾ ਰਿਹਾ। ਜਿਸ ਨਾਲ ਸੜਕ ਤੇ ਸਾਰੇ ਪਾਸੇ ਗੰਦਗੀ ਫੈਲੀ ਪਈ ਹੈ। ਉਸ ਰਸਤੇ ਤੇ ਪੈਦਲ ਲੰਘਣਾ ਮੁਸ਼ਕਿਲ ਹੋਇਆ ਪਿਆ ਹੈ। ਸਾਰੇ ਪਿੰਡ ਵਿੱਚ ਸਫਾਈ ਦਾ ਧਿਆਨ ਰੱਖਣ ਵਾਲੀ ਨਗਰ ਪੰਚਾਇਤ ਹੰਡਿਆਇਆ ਦੇ ਨੱਕ ਹੇਠ ਹੀ ਨਗਰ ਪੰਚਾਇਤ ਦੇ ਕਰਮਚਾਰੀਆਂ ਦੁਆਰਾ ਇਸ ਤਰ੍ਹਾਂ ਗੰਦੇ ਪਾਣੀ ਨੂੰ ਸਰਕਾਰੀ ਹਸਪਤਾਲ ਵਿੱਚ ਛੱਡਣਾ ਸਿੱਧਾ ਬਿਮਾਰੀਆਂ ਨੂੰ ਨਿਓਤਾ ਦੇਣ ਬਰਾਬਰ ਹੈ। ਜਦੋਂ ਕਿ ਇਹ ਰਸਤਾ ਨਗਰ ਪੰਚਾਇਤ ਹੰਡਿਆਇਆ ਵਿੱਚ ਕੰਮ ਕਰਨ ਵਾਲੇ ਕਈ ਕਰਮਚਾਰੀਆਂ ਦੇ ਘਰ ਜਾਣ ਦਾ ਰਾਹ ਵੀ ਹੈ।
ਆਸ ਪਾਸ ਦੇ ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਗੰਦੇ ਪਾਣੀ ਨੂੰ ਸਰਕਾਰੀ ਹਸਪਤਾਲ ਵਿੱਚ ਜਾਣ ਤੋਂ ਰੋਕਿਆ ਜਾਵੇ ਅਤੇ ਆਸ ਪਾਸ ਸਫਾਈ ਕਰਵਾਈ ਜਾਵੇ। ਜੋ ਪਾਣੀ ਸਰਕਾਰੀ ਹਸਪਤਾਲ ਵਿੱਚ ਚਲਾ ਗਿਆ ਹੈ ਉਸ ਨੂੰ ਉਥੋਂ ਬਾਹਰ ਕੱਢਿਆ ਜਾਵੇ ਤਾਂ ਜੋ ਲੋਕਾਂ ਵਿੱਚ ਬਿਮਾਰੀਆਂ ਫੈਲਣ ਤੋਂ ਬਚਾ ਹੋ ਸਕੇ।
ਜਦੋਂ ਇਸ ਸਬੰਧੀ ਇਸ ਵਾਰਡ ਦੇ ਐਮਸੀ ਰੇਸ਼ਮਾ ਦੇ ਬੇਟੇ ਨੋਨੀ ਖਾਨ ਨਾਲ ਗੱਲ ਕਰੀ ਗਈ ਤਾਂ ਉਹਨਾਂ ਕਿਹਾ ਕਿ ਉਹ ਇਸ ਗੱਲ ਤੋਂ ਅਣਜਾਣ ਹਨ ਪਰੰਤੂ ਉਹ ਜਲਦੀ ਹੀ ਇਸਦਾ ਹੱਲ ਕਰਵਾਉਣ ਦੀ ਕੋਸ਼ਿਸ਼ ਕਰਦੇ ਹਨ।
ਜਦੋਂ ਇਸ ਸਬੰਧੀ ਨਗਰ ਪੰਚਾਇਤ ਹੰਡਿਆਇਆ ਦੇ ਪ੍ਰਧਾਨ ਨਾਲ ਸੰਪਰਕ ਕਰਨਾ ਚਾਹਿਆ ਤਾਂ ਸੰਪਰਕ ਨਹੀਂ ਹੋ ਸਕਿਆ।
ਇਸ ਸਬੰਧੀ ਕਾਰਜ ਸਾਧਕ ਅਫਸਰ ਵਿਸ਼ਾਲਦੀਪ ਨੇ ਕਿਹਾ ਕਿ ਉਹ ਇਸ ਬਾਰੇ ਜਾਣਕਾਰੀ ਲੈ ਕੇ ਇਸਦਾ ਹੱਲ ਕਰਵਾਉਣ ਦੀ ਕੋਸ਼ਿਸ਼ ਕਰਦੇ ਹਨ।
