ਬਰਨਾਲਾ ’ਚ ਦੁਕਾਨਦਾਰ ਨੂੰ ਗੱਲਾਂ ‘ਚ ਉਲਝਾ ਕੇ ਲੁੱਟ ਲਿਆ ਆਈਫ਼ੋਨ

0
PrimeKhabarPunjab Chori

ਬਰਨਾਲਾ- 27 ਜੂਨ- ਬਰਨਾਲਾ ਸ਼ਹਿਰ ਦੇ ਬਸ ਸਟੈਂਡ ਰੋਡ ‘ਤੇ ਦਿਨ ਦਿਹਾੜੇ ਇਕ ਮੋਬਾਈਲ ਦੁਕਾਨ ਤੋਂ ਕੀਮਤੀ ਐਪਲ ਫ਼ੋਨ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ, 22-23 ਸਾਲ ਦਾ ਇਕ ਨੌਜਵਾਨ ਗ੍ਰਾਹਕ ਬਣ ਕੇ ਦੁਕਾਨ ‘ਤੇ ਆਇਆ ਤੇ ਮੌਕੇ ‘ਤੇ ਹੀ ਫ਼ੋਨ ਚੁੱਕ ਕੇ ਭੱਜ ਗਿਆ। ਸਾਰੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਹੈ। ਦੁਕਾਨਦਾਰ ਨਵੀਨ ਸਿੰਗਲਾ ਨੇ ਦੱਸਿਆ ਕਿ ਨੌਜਵਾਨ ਨੇ ਪਹਿਲਾਂ ਉਨ੍ਹਾਂ ਕੋਲੋਂ ਐਪਲ ਕੰਪਨੀ ਦੇ ਨਵੇਂ ਮਾਡਲ ਦੀ ਮੰਗ ਕੀਤੀ। ਫ਼ੋਨ ਦੀ ਕੀਮਤ ਪੁੱਛਣ ਤੋਂ ਬਾਅਦ, ਜਿਵੇਂ ਹੀ ਉਨ੍ਹਾਂ ਨੇ ਭਾਅ ਦੱਸਿਆ, ਨੌਜਵਾਨ ਤੁਰੰਤ ਫ਼ੋਨ ਲੈ ਕੇ ਦੌੜ ਪਿਆ ਤੇ ਬਾਈਕ ਉੱਤੇ ਸਵਾਰ ਹੋ ਕੇ ਮੌਕੇ ਤੋਂ ਭੱਜ ਗਿਆ। ਨਵੀਨ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਨੇ ਉਸ ਦਾ ਪਿੱਛਾ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਚੋਰ ਮੌਕੇ ਤੋਂ ਨਿਕਲ ਗਿਆ। ਉਨ੍ਹਾਂ ਵਲੋਂ ਤੁਰੰਤ ਨਜ਼ਦੀਕੀ ਪੁਲਿਸ ਚੌਕੀ ‘ਚ ਸੂਚਨਾ ਦਿੱਤੀ ਗਈ। ਇਸ ਮਾਮਲੇ ‘ਤੇ ਮੋਬਾਈਲ ਫ਼ੋਨ ਯੂਨੀਅਨ ਦੇ ਆਗੂ ਮਨੀਸ਼ ਕੁਮਾਰ ਤੇ ਅਰੀਹੰਤ ਗਰਗ ਨੇ ਵੀ ਪ੍ਰਕਿਰਿਆ ਜਤਾਈ। ਉਨ੍ਹਾਂ ਕਿਹਾ ਕਿ ਚੌਕੀ ਇੰਚਾਰਜ ਵਲੋਂ ਕਾਰਵਾਈ ਕਰਨ ਦੀ ਬਜਾਏ ਦੁਕਾਨਦਾਰਾਂ ਨੂੰ ਇਹ ਸੁਝਾਅ ਦਿੱਤਾ ਗਿਆ ਕਿ ਰਿਮੋਟ ਕੰਟਰੋਲ ਵਾਲੇ ਗੇਟ ਲਗਵਾਏ ਜਾਣ, ਜੋ ਗਾਹਕ ਦੇ ਆਉਣ ‘ਤੇ ਬੰਦ ਹੋ ਜਾਣ। ਯੂਨੀਅਨ ਆਗੂਆਂ ਨੇ ਕਿਹਾ ਕਿ ਇਹ ਸੁਝਾਅ ਗਲਤ ਹੈ ਕਿਉਂਕਿ ਇਸ ਨਾਲ ਗਾਹਕਾਂ ਦੀ ਆਉਣ-ਜਾਣ ‘ਚ ਰੁਕਾਵਟ ਪੈ ਸਕਦੀ ਹੈ। ਉਨ੍ਹਾਂ ਚੌਕੀ ਇੰਚਾਰਜ ‘ਤੇ ਲਾਪਰਵਾਹੀ ਦੇ ਦੋਸ਼ ਵੀ ਲਾਏ। ਦੂਜੇ ਪਾਸੇ ਥਾਣਾ ਸਿਟੀ ਵਨ ਦੇ ਐਸਐਚਓ ਲਖਵਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਪੁਲਿਸ ਨੇ ਸੀਸੀਟੀਵੀ ਫੁਟੇਜ ਹਾਸਲ ਕਰ ਲਿਆ ਹੈ ਤੇ ਜਲਦੀ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

About The Author

Leave a Reply

Your email address will not be published. Required fields are marked *

You may have missed