ਹੰਡਿਆਇਆ ਵਿਚ ਸਾਈਬਰ ਠੱਗੀ ਵਾਲੇ ਐਕਟਿਵ ਪ੍ਰੰਤੂ ਪ੍ਰਸ਼ਾਸਨ ਸੁਸਤ…

0
Prime khabar Punjab Cyber Crime

ਹੰਡਿਆਇਆ-29 ਮਾਰਚ- ਹੰਡਿਆਇਆ ਵਿੱਚ ਸਾਈਬਰ ਠਗੀ ਕਰਨ ਵਾਲਿਆਂ ਦੇ ਹੌਸਲੇ ਇਨੇ ਬੁਲੰਦ ਹੋ ਚੁੱਕੇ ਹਨ ਕਿ ਪੁਲਿਸ ਕੋਲ ਸ਼ਿਕਾਇਤਾਂ ਪਹੁੰਚਣ ਦੇ ਬਾਵਜੂਦ ਵੀ ਉਹ ਆਪਣੀਆਂ ਕੋਝੀਆਂ ਹਰਕਤਾਂ ਤੋਂ ਵਾਜ ਨਹੀਂ ਆ ਰਹੇ। ਕੁਝ ਮਹੀਨੇ ਪਹਿਲਾਂ ਸਾਡੇ ਨਿਊਜ਼ ਪੋਰਟਲ ਪ੍ਰਾਈਮ ਖਬਰ ਪੰਜਾਬ ਵੱਲੋਂ ਇੱਕ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ। ਜਿਸ ਵਿੱਚ ਦੱਸਿਆ ਗਿਆ ਸੀ ਕਿ ਹੰਡਿਆਇਆ ਦੇ ਦੋ ਸ਼ਾਤਰ ਠੱਗ ਪਿੰਡ ਦੇ ਮਾਸੂਮ ਲੋਕਾਂ ਦਾ ਖਾਤਾ ਖੁਲਵਾ ਕੇ ਆਪਣੇ ਕੋਲ ਖਾਤੇ ਸਬੰਧੀ ਸਾਰੇ ਦਸਤਾਵੇਜ਼ ਰੱਖ ਲੈਂਦੇ ਹਨ ਜਿਸ ਵਿੱਚ ਉਹ ਬਾਹਰਲੀਆਂ ਸਟੇਟਾਂ ਵਿੱਚੋਂ ਠੱਗੀ ਕਰਕੇ ਪੈਸਾ ਜਮਾ ਕਰਵਾਉਂਦੇ ਹਨ। ਠੱਗੀ ਦੇ ਸ਼ਿਕਾਰ ਲੋਕਾਂ ਦੁਆਰਾ ਪੁਲਿਸ ਨੂੰ ਸ਼ਿਕਾਇਤ ਕੀਤੇ ਜਾਣ ਤੇ ਹੰਡਿਆਏ ਦੇ ਉਹਨਾਂ ਖਾਤਾ ਧਾਰਕ ਦੇ ਨਾਮ ਸੰਮਨ ਜਾਰੀ ਹੋ ਜਾਂਦੇ ਹਨ ਕਿਉਂਕਿ ਕਾਨੂੰਨੀ ਤੌਰ ਤੇ ਖਾਤੇ ਵਿੱਚ ਲੈਣ ਦੇਣ ਖਾਤਾ ਧਾਰਕ ਦੁਆਰਾ ਹੀ ਕੀਤਾ ਜਾਂਦਾ ਹੈ। ਉਸ ਸਮੇਂ ਖਾਤਾ ਧਾਰਕਾਂ ਦੁਆਰਾ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਗਈ ਸੀ ਪ੍ਰੰਤੂ ਪੁਲਿਸ ਵੱਲੋਂ ਕੋਈ ਵੀ ਪੁਖਤਾ ਕਦਮ ਨਾ ਚੁੱਕੇ ਜਾਣ ਕਾਰਨ ਸਾਈਬਰ ਠੱਗੀ ਕਰਨ ਵਾਲਿਆਂ ਦੇ ਹੌਸਲੇ ਬੁਲੰਦ ਹਨ। ਜਿਸ ਕਾਰਨ ਉਹ ਹੰਡਿਆਇਆ ਦੇ ਹੋਰ ਲੋਕਾਂ ਦੇ ਖਾਤੇ ਖੋਲ ਕੇ ਬਾਹਰਲੇ ਸਟੇਟਾਂ ਦੇ ਲੋਕਾਂ ਨਾਲ ਠੱਗੀਆਂ ਮਾਰ ਕੇ ਖ਼ਾਤਿਆਂ ਵਿੱਚ ਪੈਸੇ ਦਾ ਹੇਰ ਫੇਰ ਕਰੀ ਜਾ ਰਹੇ ਹਨ।

ਇਸ ਮਹੀਨੇ ਹੰਡਿਆਇਆ ਦੇ ਇੱਕ ਹੋਰ ਵਿਅਕਤੀ ਨੂੰ ਵੈਸਟ ਬੰਗਾਲ ਦੇ ਥਾਣੇ ਵਿੱਚ ਹਾਜ਼ਰ ਹੋਣ ਲਈ ਬਰਨਾਲਾ ਪੁਲਿਸ ਸਟੇਸ਼ਨ ਵਿਖੇ ਈਮੇਲ ਆਈ ਹੈ, ਜਿਸ ਦਾ ਸਬੰਧ ਉਹਦੇ ਖਾਤੇ ਵਿੱਚ ਠੱਗੀ ਦੇ ਪੈਸਿਆਂ ਦੀ ਟਰਾਂਜੈਕਸ਼ਨ ਦਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸ਼ਾਇਦ ਅਫਰੀਦੀ ਪੁੱਤਰ ਹੰਸਰਾਜ ਵਾਸੀ ਹੰਡਿਆਇਆ ਨੇ ਦੱਸਿਆ ਕਿ ਦਸੰਬਰ 2024 ਵਿੱਚ ਮੈਨੂੰ ਮਨਪ੍ਰੀਤ ਸਿੰਘ ਪੁੱਤਰ ਰਾਜੂ ਸਿੰਘ ਵਾਸੀ ਸਲਾਣੀ ਪੱਤੀ ਹੰਡਿਆਇਆ ਮਿਲਿਆ ਸੀ। ਜਿਸ ਨੇ ਕਿਹਾ ਕਿ ਮੈਂ ਆਪਣਾ ਖਾਤੇ ਖੋਲਣ ਦਾ ਟਾਰਗੇਟ ਪੂਰਾ ਕਰਨਾ, ਇਸ ਲਈ ਉਹ ਮੇਰਾ ਖਾਤਾ ਖੋਲਣਾ ਚਾਹੁੰਦਾ ਹੈ। ਪਰੰਤੂ ਮੈਂ ਉਸਨੂੰ ਕਿਹਾ ਕਿ ਮੇਰੇ ਕੋਲ ਖਾਤਾ ਖੁਲਵਾਉਣ ਲਈ ਪੈਸੇ ਨਹੀਂ ਹਨ। ਉਸਨੇ ਕਿਹਾ ਕਿ ਖਾਤੇ ਲਈ ਪੈਸੇ ਵੀ ਉਹ ਖੁਦ ਹੀ ਅਰੇਂਜ ਕਰ ਲੈਣਗੇ। ਉਹ ਖਾਤਾ ਖੁਲਵਾ ਲਵੇ। ਇਸ ਲਈ ਮੈਂ ਉਹਨਾਂ ਨਾਲ ਜਾ ਕੇ ਫੈਡਰਲ ਬੈਂਕ ਵਿੱਚ ਖਾਤਾ ਖੁਲਵਾ ਲਿਆ। ਪ੍ਰੰਤੂ ਉਹਨਾਂ ਨੇ ਬੈਂਕ ਦੀ ਕਾਪੀ,ਚੈੱਕ ਬੁੱਕ ਅਤੇ ਏਟੀਐਮ ਆਪਣੇ ਕੋਲ ਹੀ ਰੱਖ ਲਏ ਅਤੇ ਮੈਨੂੰ ਦੇਣ ਵਿੱਚ ਟਾਲ ਮਟੋਲ ਕਰਦੇ ਰਹੇ।

ਮੌਜੂਦਾ ਸਮੇਂ ਵਿੱਚ ਮੈਨੂੰ ਹੰਡਿਆਇਆ ਪੁਲਿਸ ਚੌਂਕੀ ਵੱਲੋਂ ਵੈਸਟ ਬੰਗਾਲ ਦੇ ਥਾਣੇ ਵਿੱਚ ਹਾਜ਼ਰ ਹੋਣ ਲਈ ਫਰਮਾਨ ਦਿੱਤਾ ਗਿਆ। ਜਿਸ ਤੋਂ ਮੈਨੂੰ ਪਤਾ ਲੱਗਾ ਕਿ ਮੇਰੇ ਖਾਤੇ ਵਿੱਚ ਠੱਗੀ ਦੇ ਲੱਖਾਂ ਰੁਪਈਆਂ ਦੀ ਟ੍ਰਾਂਜੈਕਸ਼ਨ ਕੀਤੀ ਗਈ ਹੈ। ਜਦੋਂ ਕਿ ਇਹਨਾਂ ਪੈਸਿਆਂ ਨਾਲ ਮੇਰਾ ਕੋਈ ਵੀ ਲੈਣ ਦੇਣ ਨਹੀਂ ਹੈ ਅਤੇ ਨਾ ਹੀ ਮੈਨੂੰ ਇਸ ਖਾਤੇ ਵਿੱਚ ਹੋਏ ਕਿਸੇ ਵੀ ਟਰਾਂਜੈਕਸ਼ਨ ਦੀ ਕੋਈ ਜਾਣਕਾਰੀ ਹੈ।ਇਸ ਲਈ ਮੈਨੇ ਮਨਪ੍ਰੀਤ ਸਿੰਘ ਪੁੱਤਰ ਰਾਜੂ ਸਿੰਘ ਵਾਸੀ ਸਲਾਣੀ ਪੱਤੀ ਹੰਡਿਆਇਆ ਅਤੇ ਸੰਦੀਪ ਸਿੰਘ ਪੁੱਤਰ ਜੱਗੀ ਸਿੰਘ ਵਾਸੀ ਲੰਬੀ ਗਲੀ ਹੰਡਿਆਇਆ ਦੇ ਖਿਲਾਫ ਸਾਈਬਰ ਕਰਾਈਮ ਥਾਣਾ ਬਰਨਾਲਾ ਵਿਖੇ 26-03-2025 ਨੂੰ ਲਿਖਤ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਕਿ ਉਪਰੋਕਤ ਦੋਨਾਂ ਵਿਅਕਤੀਆਂ ਨੇ ਮੈਨੂੰ ਝਾਂਸੇ ਵਿੱਚ ਲੈ ਕੇ ਫੈਡਰਲ ਬੈਂਕ ਵਿੱਚ ਮੇਰਾ ਖਾਤਾ ਖੁਲਵਾ ਦਿੱਤਾ ਅਤੇ ਉਸ ਦੀ ਕਾਪੀ ਚੈੱਕ ਬੁੱਕ ਅਤੇ ਏਟੀਐਮ ਆਪਣੇ ਕੋਲ ਹੀ ਰੱਖ ਲਏ। ਉਹ ਦੋਨੋਂ ਵਿਅਕਤੀ ਇਸ ਖਾਤੇ ਵਿੱਚ ਕਿਹੜੀਆਂ ਟ੍ਰਾਂਜੈਕਸ਼ਨਾਂ ਕਰਦੇ ਰਹੇ ਹਨ ਮੈਨੂੰ ਉਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਸ਼ਾਹਿਦ ਨੇ ਪ੍ਰਸ਼ਾਸਨ ਨੂੰ ਅਪੀਲ ਇਸ ਸਬੰਧੀ ਜਾਂਚ ਪੜਤਾਲ ਕਰਕੇ ਉਕਤ ਲਿਖੇ ਵਿਅਕਤੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਹੋਰ ਲੋਕ ਇਹਨਾਂ ਦੇ ਝਾਂਸੇ ਵਿੱਚ ਆਉਣ ਤੋਂ ਬਚ ਸਕਣ।

ਜਦੋਂ ਇਸ ਸਬੰਧੀ ਜਾਣਕਾਰੀ ਲੈਣ ਲਈ ਸਾਈਬਰ ਕ੍ਰਾਈਮ ਬਰਨਾਲਾ ਦੇ ਮੌਜੂਦਾ ਇੰਚਾਰਜ ਕਮਲਜੀਤ ਸਿੰਘ ਗਿੱਲ ਨਾਲ ਗੱਲਬਾਤ ਕਰੀ ਤਾਂ ਉਹਨਾਂ ਕਿਹਾ ਕਿ ਉਹ ਇਸ ਸ਼ਿਕਾਇਤ ਸਬੰਧੀ ਅਣਜਾਣ ਹਨ।ਇੱਥੇ ਸਵਾਲ ਉੱਠਦੇ ਹਨ ਕਿ ਜਦੋ ਜਨਵਰੀ ਮਹੀਨੇ ਵਿੱਚ ਹੀ ਇਹਨਾਂ ਠੱਗਾਂ ਬਾਰੇ ਜਾਣਕਾਰੀ ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤੀ ਗਈ ਸੀ ਤਾਂ ਪੁਲਿਸ ਦੁਆਰਾ ਪੁਖਤਾ ਕਦਮ ਕਿਉਂ ਨਹੀਂ ਚੁੱਕੇ ਗਏ। ਜੇਕਰ ਉਸ ਮੌਕੇ ਹੀ ਇਹਨਾਂ ਠੱਗਾਂ ਨੂੰ ਕਾਬੂ ਕਰ ਲਿਆ ਗਿਆ ਹੁੰਦਾ ਤਾਂ ਕਿੰਨੇ ਹੀ ਲੋਕ ਠੱਗੀ ਦਾ ਸ਼ਿਕਾਰ ਹੋਣ ਤੋਂ ਬਚ ਜਾਂਦੇ।ਕੀ ਹੁਣ ਪੁਲਿਸ ਇਹਨਾਂ ਠੱਗਾਂ ਦੇ ਖਿਲਾਫ ਕਾਰਵਾਈ ਕਰੇਗੀ? ਇਹ ਤਾਂ ਸਮਾਂ ਹੀ ਦੱਸੇਗਾ।

PrimeKhabarPunjab Saint Paul School

About The Author

Leave a Reply

Your email address will not be published. Required fields are marked *