ਐਸ.ਡੀ.ਕਾਲਜ ਬਰਨਾਲਾ ਵਿਖੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਕਰੀਅਰ ਕਾਨਫਰੰਸ ਸੈਸ਼ਨ ਕਰਵਾਇਆ ਗਿਆ…..

ਬਰਨਾਲਾ-25 ਫਰਵਰੀ-ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ 24 ਫਰਵਰੀ ਨੂੰ ਐਸ.ਡੀ.ਕਾਲਜ ਬਰਨਾਲਾ ਵਿਖੇ ਕਰੀਅਰ ਕਾਨਫਰੰਸ ਸੈਸ਼ਨ ਕਰਵਾਇਆ ਗਿਆ।ਇਸ ਸਬੰਧੀ ਏ.ਆਰ.ਓ, ਪਟਿਆਲਾ ਤੋਂ ਮੇਜਰ ਸ੍ਰੀ ਸੱਤਿਆ ਨਰਾਇਣ ਨੇ ਇਸ ਕਰੀਅਰ ਕਾਨਫਰੰਸ ਸ਼ੈਸ਼ਨ ਵਿਚ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ਪ੍ਰਾਰਥੀਆਂ ਨੂੰ ਸੁਰੱਖਿਆ ਸੈਨਾ ਵਿਚ ਵੱਖ-ਵੱਖ ਰੈਂਕ/ ਆਹੁਦਿਆਂ ‘ਤੇ ਭਰਤੀ ਵਾਸਤੇ ਵਿਦਿਅਕ ਯੋਗਤਾਵਾਂ ਅਤੇ ਸਰੀਰਕ ਯੋਗਤਾਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਪ੍ਰਾਰਥੀਆਂ ਨੂੰ ਵੱਧ ਤੋਂ ਵੱਧ ਭਾਰਤੀ ਸੈਨਾ ਦੇ ਵਿਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ।
ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਸ੍ਰੀਮਤੀ ਨਵਜੋਤ ਕੌਰ ਸੰਧੂ ਨੇ ਕਾਲਜ ਦੇ ਪ੍ਰਾਰਥੀਆਂ ਨੂੰ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਦੇ ਅਧੀਨ ਪ੍ਰਾਰਥੀਆਂ ਨੂੰ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਅਧੀਨ ਚੱਲ ਰਹੀ ਆਈ.ਬੀ.ਐਮ. ਅਤੇ ਨੈਸਕੌਮ ਟ੍ਰੇਨਿੰਗ ਸਬੰਧੀ ਵੀ ਜਾਣਕਾਰੀ ਪ੍ਰਾਰਥੀਆਂ ਨਾਲ ਸਾਂਝੀ ਕੀਤੀ। ਇਸ ਕਰੀਅਰ ਕਾਨਫਰੰਸ ਸੈਸ਼ਨ ਵਿੱਚ ਲਗਭਗ 100 ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ। ਇਨ੍ਹਾਂ ਵਿਦਿਆਰਥੀਆਂ ਦੀ ਕਾਊਂਸਲਿੰਗ ਮਿਸ ਸੁਮਿੰਦਰ ਕੌਰ, ਕਰੀਅਰ ਕਾਊਸਲਰ, ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਕੀਤੀ ਗਈ। ਕਰੀਅਰ ਕਾਊਂਸਲਰ ਅਫ਼ਸਰ ਵੱਲੋਂ ਵਿਦਿਆਰਥੀਆਂ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਜਿਵੇਂ ਕਿ ਫਰੀ ਇੰਟਰਨੈਟ ਸਰਵਿਸ, ਲਾਇਬੇ੍ਰਰੀ, ਪ੍ਰਾਈਵੇਟ ਕੰਪਨੀਆਂ ਦੁਆਰਾ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਲਗਾਏ ਜਾਂਦੇ ਪਲੇਸਮੈਂਟ ਕੈਂਪਾਂ ਬਾਰੇ ਜਾਣਕਾਰੀ ਦਿੱਤੀ।
ਇਸ ਦੇ ਨਾਲ ਹੀ ਗ੍ਰੈਜੂਏਸ਼ਨ ਤੋਂ ਬਾਅਦ ਪ੍ਰਾਰਥੀਆਂ ਲਈ ਰੋਜ਼ਗਾਰ ਦੇ ਮੌਕਿਆ ਤੋਂ ਜਾਣੂ ਕਰਵਾਇਆ। ਪ੍ਰਾਰਥੀਆਂ ਨੂੰ ਸੁਰੱਖਿਆ ਸੈਨਾ ਦੀ ਅਗਨੀਵੀਰ ਸਕੀਮ ਬਾਰੇ ਵਿਸਥਾਰਪੂਰਵਕ ਦੱਸਿਆ ਗਿਆ ਅਤੇ ਪੰਜਾਬ ਸਰਕਾਰ ਦੇ ਵੱਖ—ਵੱਖ ਵਿਭਾਗਾਂ ਅਧੀਨ ਪ੍ਰਕਾਸ਼ਿਤ ਅਸਾਮੀਆਂ ਬਾਰੇ ਵੀ ਦੱਸਿਆ ਗਿਆ। ਇਸ ਤੋਂ ਇਲਾਵਾ ਪ੍ਰਾਰਥੀਆਂ ਨੂੰ ਯੂ.ਪੀ.ਐਸ.ਸੀ ਅਤੇ ਪੀ.ਸੀ.ਐਸ. ਦੇ ਇਮਤਿਹਾਨ ਸਬੰਧੀ ਮੁੱਢਲੀ ਜਾਣਕਾਰੀ ਵੀ ਦਿੱਤੀ ਗਈ। ਅੰਤ ਵਿਚ ਐਸ.ਡੀ.ਕਾਲਜ ਦੇ ਪ੍ਰਿੰਸੀਪਲ ਮੈਡਮ ਰਮਾ ਸ਼ਰਮਾ ਜੀ ਅਤੇ ਕਾਲਜ ਦੇ ਟ੍ਰੇਨਿੰਗ/ਪਲੇਸਮੈਂਟ ਇੰਚਾਰਜ ਸ੍ਰੀ ਸੰਜੇ ਦਾ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਦੇ ਸਮੂਹ ਸਟਾਫ਼ ਵੱਲੋਂ ਕਾਲਜ ਵਿਚ ਕਾਊਸਲਿੰਗ ਸ਼ੈਸਨ ਸੁਚਾਰੂ ਢੰਗ ਨਾਲ ਕਰਵਾਉਣ ਤੇ ਸਹਿਯੋਗ ਕਰਨ ਲਈ ਧੰਨਵਾਦ ਕੀਤਾ ਗਿਆ ।