ਲੁਧਿਆਣਾ ਵਿੱਚ ਸਥਿਤੀ ਤਨਾਵਪੂਰਨ…

ਕਾਲਾ ਪਾਣੀ ਮੋਰਚੇ ਕਾਰਨ ਪੁਲਸ ਨੇ ਪ੍ਰਦਰਸ਼ਨਕਾਰੀਆਂ ਤੇ ਕੀਤਾ ਲਾਠੀ ਚਾਰਜ
ਲੁਧਿਆਣਾ -03 ਦਸੰਬਰ- ਬੁੱਢਾ ਨਾਲਾ ਵਿੱਚ ਫੈਲੇ ਪ੍ਰਦੂਸ਼ਣ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਕਈ ਨੇਤਾਵਾਂ ਨੂੰ ਅੱਜ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਪੁਲਿਸ ਦੁਆਰਾ ਪ੍ਰਦਰਸ਼ਨਕਾਰੀਆਂ ਤੇ ਲਾਠੀ ਚਾਰਜ ਕੀਤੇ ਜਾਣ ਦੀ ਖਬਰ ਵੀ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਦੇ ਵਿਚਕਾਰ ਜਮ ਕੇ ਧੱਕਾ ਮੁਕੀ ਹੋਏ ਜਿਸ ਦੌਰਾਨ ਸੀਆਈਏ 1 ਦੇ ਇੰਚਾਰਜ ਨਵਦੀਪ ਦੇ ਸਿਰ ਤੇ ਸੱਟ ਲੱਗ ਗਈ। ਪੁਲਿਸ ਦੁਆਰਾ ਹੁਣ ਤੱਕ 150 ਤੋਂ ਜਿਆਦਾ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਪੁਲਿਸ ਕਮਿਸ਼ਨਰ ਕੁਲਦੀਪ ਚਹਿਲ ਮੌਕੇ ਤੇ ਪਹੁੰਚ ਗਏ। ਉਹਨਾਂ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈ ਨਹੀਂ ਦਿੱਤਾ ਜਾਵੇਗਾ। ਪੁਲਿਸ ਦੁਆਰਾ ਕੁਝ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਬਾਕੀ ਪ੍ਰਦਰਸ਼ਨਕਾਰੀਆਂ ਨੇ ਲੁਧਿਆਣਾ ਫਿਰੋਜਪੁਰ ਹਾਈਵੇ ਤੇ ਜਾਮ ਲਗਾ ਦਿੱਤਾ। ਪੁਲਿਸ ਨੇ ਲੱਖਾ ਸਿਧਾਣਾ, ਲੁਧਿਆਣੇ ਦੇ ਟੀਟੂ ਬਾਣੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਉੱਥੇ ਹੀ ਫਿਰੋਜ਼ਪੁਰ ਦੇ ਰੋਮਨ ਬਰਾੜ, ਮੋਗਾ ਦੇ ਮਹਿੰਦਰ ਸਿੰਘ, ਫਰੀਦਕੋਟ ਦੇ ਇੱਕ ਵਿਅਕਤੀ ਸਮੇਤ ਅੱਧਾ ਦਰਜਨ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਲੁਧਿਆਣਾ ਦੇ ਬੁੱਢੇ ਨਾਲੇ ਦੀ ਸਫਾਈ ਅਤੇ ਕਾਲੇ ਪਾਣੀ ਦੇ ਖਿਲਾਫ “ਕਾਲਾ ਪਾਣੀ ਦਾ ਮੋਰਚਾ ਸੰਸਥਾ” ਦਾ ਗਠਨ ਕੀਤਾ ਗਿਆ ਹੈ। ਜਿਸ ਦੇ ਬੈਨਰ ਹੇਠ ਮੰਗਲਵਾਰ ਨੂੰ ਰਾਜਸਥਾਨ ਤੋਂ 1500 ਦੇ ਕਰੀਬ ਲੋਕ ਪੰਜਾਬ ਦੇ ਲੁਧਿਆਣਾ ਵਿਖੇ ਪਹੁੰਚੇ ਹਨ। ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਲੁਧਿਆਣਾ ਦੇ ਬੁੱਢਾ ਨਾਲੇ ਵਿੱਚ ਫੈਲੀ ਗੰਦਗੀ ਅਤੇ ਕਾਲਾ ਕੈਮੀਕਲ ਯੁਕਤ ਪਾਣੀ ਸਤਲੁਜ ਵਿੱਚ ਮਿਲ ਜਾਂਦਾ ਹੈ ਅਤੇ ਬਾਅਦ ਵਿੱਚ ਇਹ ਪਾਣੀ ਰਾਜਸਥਾਨ ਪਹੁੰਚਦਾ ਹੈ ਜਿਸ ਨੂੰ ਪੀਣ ਨਾਲ ਰਾਜਸਥਾਨ ਦੇ ਸੈਂਕੜੇ ਲੋਕ ਬਿਮਾਰ ਹੋ ਚੁੱਕੇ ਹਨ। ਇੱਥੇ ਦੱਸਣ ਯੋਗ ਹੈ ਕਿ ਲੱਖਾ ਸਿਧਾਣਾ ਨੇ ਕੁਝ ਦਿਨ ਪਹਿਲਾਂ ਬੁੱਢਾ ਨਾਲਾ ਨੂੰ ਬੰਦ ਕਰਾਉਣ ਲਈ ਅੰਦੋਲਨ ਕੀਤੇ ਜਾਣ ਦਾ ਐਲਾਨ ਕੀਤਾ ਸੀ। ਉੱਥੇ ਹੀ ਡਾਇੰਗ ਇੰਡਸਟਰੀ ਨਾਲ ਜੁੜੇ ਲੋਕਾਂ ਨੇ ਵੀ ਅੰਦੋਲਨ ਕਰਨ ਦੀ ਗੱਲ ਕਹੀ ਸੀ। ਜਿਸ ਤੇ ਅੱਜ ਲੱਖਾ ਸਿਧਾਣਾ ਅਤੇ ਉਸਦੇ ਕਈ ਸਾਥੀ ਬੁੱਢਾ ਨਾਲਾ ਨੂੰ ਬੰਦ ਕਰਾਉਣ ਲਈ ਪਹੁੰਚ ਰਹੇ ਸਨ। ਲੱਖਾ ਸਿਧਾਣਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਉੱਥੇ ਹੀ ਜਗਰਾਉਂ ਵਿੱਚ ਉਸਦੇ ਸਾਥੀ ਸੁਖ ਜਗਰਾਉਂ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ।