ਹੰਡਿਆਇਆ ਦੇ ਵੱਖ-ਵੱਖ ਮੰਦਰਾਂ ਵਿੱਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ

ਹੰਡਿਆਇਆ, 05ਸਿਤੰਬਰ(ਰਾਕੇਸ਼ ਜੇਠੀ)- ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਹੰਡਿਆਇਆ ਦੇ ਵੱਖ-ਵੱਖ ਮੰਦਰਾਂ ਵਿੱਚ ਬੜੀ ਹੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮੰਦਰਾਂ ਨੂੰ ਰੰਗ-ਬਿਰੰਗੀਆਂ ਲਾਈਟਾਂ, ਫੁੱਲਾਂ ਅਤੇ ਹੋਰ ਸਜਾਵਟੀ ਸਮੱਗਰੀ ਨਾਲ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ। ਸਵੇਰ ਤੋਂ ਹੀ ਮੰਦਰਾਂ ਵਿੱਚ ਸ਼ਰਧਾਲੂਆਂ ਦੀ ਚਹਿਲ-ਪਹਿਲ ਸ਼ੁਰੂ ਹੋ ਗਈ ਸੀ ਅਤੇ ਦੇਰ ਰਾਤ ਤੱਕ ਭਗਤੀਮਈ ਮਾਹੌਲ ਬਣਿਆ ਰਿਹਾ।
ਸ਼ਰਧਾਲੂਆਂ ਨੇ ਰਾਤ 12 ਵਜੇ ਤੱਕ ਭਗਵਾਨ ਸ੍ਰੀ ਕ੍ਰਿਸ਼ਨ ਦੀ ਮਹਿਮਾ ਦਾ ਗੁਣਗਾਨ ਕਰਦੇ ਭਗਤੀ ਸੰਗੀਤ ਦਾ ਆਨੰਦ ਮਾਣਿਆ। ਰਾਤ 12 ਵਜੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜਨਮ ਉਤਸਵ ਮੌਕੇ ਮੰਦਰਾਂ ਵਿੱਚ ਜੈਕਾਰਿਆਂ ਦੀ ਗੂੰਜ ਪੈਦਾ ਹੋ ਗਈ ਅਤੇ ਸ਼ਰਧਾਲੂਆਂ ਨੇ ਖੁਸ਼ੀ ਤੇ ਸ਼ਰਧਾ ਨਾਲ ਜਨਮ ਉਤਸਵ ਮਨਾਇਆ।
ਇਸ ਮੌਕੇ ਛੋਟੇ-ਛੋਟੇ ਬੱਚੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਮਨਮੋਹਕ ਪਹਿਰਾਵਾ ਪਹਿਨ ਕੇ ਮੰਦਰਾਂ ਵਿੱਚ ਘੁੰਮਦੇ ਨਜ਼ਰ ਆਏ, ਜੋ ਸ਼ਰਧਾਲੂਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਹੋਏ ਸਨ।

ਮੰਦਰ ਜੇਠੀ ਖੱਤਰੀਆਂ ਵਿਖੇ ਸਥਿਤ ਸ੍ਰੀ ਕ੍ਰਿਸ਼ਨ-ਰਾਧਾ ਜੀ ਦੇ ਮੰਦਰ ਦੀ ਵਿਸ਼ੇਸ਼ ਤੌਰ ’ਤੇ ਬਹੁਤ ਹੀ ਸੁੰਦਰ ਸਜਾਵਟ ਕੀਤੀ ਗਈ। ਮੰਦਰ ਵਿੱਚ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਬਾਲ ਸਰੂਪ ਨੂੰ ਸੁੰਦਰ ਝੂਲੇ ’ਤੇ ਬਿਰਾਜਮਾਨ ਕੀਤਾ ਗਿਆ ਸੀ। ਮੰਦਰ ਵਿੱਚ ਦਰਸ਼ਨਾਂ ਲਈ ਪਹੁੰਚਣ ਵਾਲੇ ਸ਼ਰਧਾਲੂਆਂ ਨੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੂੰ ਨਮਸਕਾਰ ਕਰਕੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਬਾਲ ਸਰੂਪ ਨੂੰ ਝੂਲਾ ਝੁਲਾ ਕੇ ਆਪਣੀ ਸ਼ਰਧਾ ਪ੍ਰਗਟ ਕੀਤੀ।
ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਅਸ਼ੋਕ ਕੁਮਾਰ ਜੇਠੀ ਨੇ ਦੱਸਿਆ ਕਿ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਲੈ ਕੇ ਸਵੇਰ ਤੋਂ ਹੀ ਮੰਦਰ ਵਿੱਚ ਸ਼ਰਧਾਲੂਆਂ ਦੀ ਆਮਦ ਸ਼ੁਰੂ ਹੋ ਗਈ ਸੀ। ਉਨ੍ਹਾਂ ਕਿਹਾ ਕਿ ਮੰਦਰ ਕਮੇਟੀ ਵੱਲੋਂ ਮੰਦਰ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਹਰ ਲੋੜੀਂਦਾ ਪ੍ਰਬੰਧ ਕੀਤਾ ਗਿਆ ਹੈ, ਤਾਂ ਜੋ ਸੰਗਤ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ ਅਤੇ ਉਹ ਸ਼ਰਧਾ ਪੂਰਵਕ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਦਰਸ਼ਨ ਕਰਕੇ ਭਗਤੀਮਈ ਰੰਗ ਵਿੱਚ ਰੰਗ ਸਕਣ।
ਉਨ੍ਹਾਂ ਸਮੂਹ ਸੰਗਤ ਨੂੰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਵਧਾਈ ਦਿੰਦਿਆਂ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀਆਂ ਸਿੱਖਿਆਵਾਂ ਸਾਨੂੰ ਸੱਚ, ਧਰਮ ਅਤੇ ਨੇਕੀ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਣਾ ਦਿੰਦੀਆਂ ਹਨ।
ਇਸ ਮੌਕੇ ਮੰਦਰ ਕਮੇਟੀ ਦੇ ਮੀਤ ਪ੍ਰਧਾਨ ਪੁਨੀਤ ਜੇਠੀ, ਸਕੱਤਰ ਰਾਕੇਸ਼ ਕੁਮਾਰ, ਖ਼ਜ਼ਾਨਚੀ ਦੀਪਕ ਜੇਠੀ, ਨਵੀਨ ਜੇਠੀ ਤੋਂ ਇਲਾਵਾ ਜੇਠੀ ਪਰਿਵਾਰ ਦੇ ਹੋਰ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ। ਸਮੁੱਚਾ ਮਾਹੌਲ ‘ਜੈ ਕਨ੍ਹਈਆ ਲਾਲ ਕੀ’ ਦੇ ਜੈਕਾਰਿਆਂ ਅਤੇ ਭਗਤੀਮਈ ਸੰਗੀਤ ਨਾਲ ਗੂੰਜਦਾ ਰਿਹਾ।
