ਉੱਦਮਤਾ ਵਿਸ਼ੇ ਅਧੀਨ +1 ਅਤੇ +2 ਦੇ ਜਮਾਤ ਇੰਚਾਰਜਾਂ ਦੀ ਦੋ ਰੋਜ਼ਾ ਟ੍ਰੇਨਿੰਗ ਸੰਪੰਨ

ਬਰਨਾਲਾ,10ਅਗਸਤ(ਰਾਕੇਸ਼ ਜੇਠੀ)- ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਸ਼ੁਰੂ ਕੀਤੇ ਗਏ ਉੱਦਮਤਾ ਵਿਸ਼ੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੇ ਉਦੇਸ਼ ਨਾਲ ਬਲਾਕ ਬਰਨਾਲਾ ਦੇ ਸਰਕਾਰੀ ਸਕੂਲਾਂ ਦੀਆਂ +1 ਅਤੇ +2 ਜਮਾਤਾਂ ਦੇ ਇੰਚਾਰਜ ਅਧਿਆਪਕਾਂ ਦੀ ਦੋ ਰੋਜ਼ਾ ਟ੍ਰੇਨਿੰਗ ਪੀ.ਐੱਸ.ਈ.ਬੀ. ਸਕੂਲ ਈਸ਼ਰ ਛੰਨਾ ਜੋਧਪੁਰ, ਜ਼ਿਲ੍ਹਾ ਬਰਨਾਲਾ ਵਿਖੇ ਕਰਵਾਈ ਗਈ।
ਇਸ ਟ੍ਰੇਨਿੰਗ ਪ੍ਰੋਗਰਾਮ ਦੀ ਦੇਖ-ਰੇਖ ਬਲਾਕ ਦੇ ਪ੍ਰਿੰਸੀਪਲ ਸ਼੍ਰੀ ਅਨਿਲ ਮੋਦੀ ਵੱਲੋਂ ਕੀਤੀ ਗਈ। ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਬਰਨਾਲਾ ਸ਼੍ਰੀ ਸੁਨਿਤਿੰਦਰ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਬਰਨਾਲਾ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਨੋਡਲ ਅਫ਼ਸਰ ਸ਼੍ਰੀਮਤੀ ਮੰਜੂ ਪ੍ਰਭਾਕਰ ਵੱਲੋਂ ਟ੍ਰੇਨਿੰਗ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ।
ਇਸ ਮੌਕੇ ਸ਼੍ਰੀਮਤੀ ਮੰਜੂ ਪ੍ਰਭਾਕਰ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੇ 119 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਉੱਦਮਤਾ ਵਿਸ਼ੇ ਨੂੰ ਸਫ਼ਲਤਾਪੂਰਵਕ ਲਾਗੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਸਰਕਾਰ ਦਾ ਇੱਕ ਮਹੱਤਵਪੂਰਨ ਉਪਰਾਲਾ ਹੈ, ਜਿਸ ਰਾਹੀਂ ਵਿਦਿਆਰਥੀਆਂ ਵਿੱਚ ਨਵੀਂ ਸੋਚ, ਰਚਨਾਤਮਕਤਾ, ਆਤਮਨਿਰਭਰਤਾ, ਰੋਜ਼ਗਾਰ ਪੈਦਾ ਕਰਨ ਦੀ ਸਮਰੱਥਾ, ਅਗਵਾਈ ਦੇ ਗੁਣ ਅਤੇ ਉੱਦਮਤਾ ਨਾਲ ਸਬੰਧਤ ਹੁਨਰ ਵਿਕਸਿਤ ਕਰਨ ਉੱਤੇ ਜ਼ੋਰ ਦਿੱਤਾ ਜਾਂਦਾ ਹੈ।
ਟ੍ਰੇਨਿੰਗ ਦੌਰਾਨ ਸ਼੍ਰੀਮਤੀ ਜਸਵੀਰ ਕੌਰ, ਲੈਕਚਰਾਰ ਕਾਮਰਸ ਅਤੇ ਬਲਾਕ ਨੋਡਲ ਅਫ਼ਸਰ, ਸ਼੍ਰੀ ਹਰਪ੍ਰੀਤ ਸਿੰਘ, ਵੋਕੇਸ਼ਨਲ ਟ੍ਰੇਨਰ ਅਤੇ ਬਲਾਕ ਨੋਡਲ ਅਫ਼ਸਰ ਮਹਿਲ ਕਲਾਂ, ਅਤੇ ਸ਼੍ਰੀ ਅਰੁਣ ਕੁਮਾਰ, ਕੰਪਿਊਟਰ ਫੈਕਲਟੀ ਅਤੇ ਬਲਾਕ ਨੋਡਲ ਅਫ਼ਸਰ ਧਨੌਲਾ ਵੱਲੋਂ ਅਧਿਆਪਕਾਂ ਨੂੰ ਉੱਦਮਤਾ ਵਿਸ਼ੇ ਨਾਲ ਸਬੰਧਤ ਵੱਖ-ਵੱਖ ਗਤੀਵਿਧੀਆਂ, ਪਾਠਕ੍ਰਮ ਅਤੇ ਵਿਦਿਆਰਥੀਆਂ ਵਿੱਚ ਉੱਦਮੀ ਸੋਚ ਵਿਕਸਿਤ ਕਰਨ ਸਬੰਧੀ ਵਿਹਾਰਕ ਜਾਣਕਾਰੀ ਦਿੱਤੀ ਗਈ।
ਇਸ ਦੋ ਰੋਜ਼ਾ ਟ੍ਰੇਨਿੰਗ ਵਿੱਚ ਜ਼ਿਲ੍ਹੇ ਦੇ 170 ਅਧਿਆਪਕਾਂ ਨੇ ਭਾਗ ਲਿਆ। ਦੋਵੇਂ ਦਿਨ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਸੁਨਿਤਿੰਦਰ ਸਿੰਘ ਵੱਲੋਂ ਟ੍ਰੇਨਿੰਗ ਵਿੱਚ ਸ਼ਾਮਲ ਅਧਿਆਪਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਉੱਦਮਤਾ ਵਿਸ਼ੇ ਨੂੰ ਵਿਦਿਆਰਥੀਆਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਲਈ ਲੋੜੀਂਦੀ ਸੇਧ ਦਿੱਤੀ ਗਈ। ਉਨ੍ਹਾਂ ਅਧਿਆਪਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਕੇਵਲ ਨੌਕਰੀ ਲੱਭਣ ਵਾਲੇ ਬਣਾਉਣ ਦੀ ਬਜਾਏ ਰੋਜ਼ਗਾਰ ਪੈਦਾ ਕਰਨ ਵਾਲੇ ਅਤੇ ਆਤਮਨਿਰਭਰ ਨੌਜਵਾਨ ਬਣਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ।
ਟ੍ਰੇਨਿੰਗ ਵਿੱਚ ਭਾਗ ਲੈਣ ਵਾਲੇ ਸਮੂਹ ਅਧਿਆਪਕਾਂ ਵੱਲੋਂ ਪ੍ਰੋਗਰਾਮ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ ਅਤੇ ਇਸਨੂੰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਲਾਹੇਵੰਦ ਉਪਰਾਲਾ ਦੱਸਿਆ ਗਿਆ।
ਇਸ ਮੌਕੇ ਸ਼੍ਰੀ ਹਰਪ੍ਰੀਤ ਸਿੰਘ ਵੋਕੇਸ਼ਨਲ ਟ੍ਰੇਨਰ, ਸ਼੍ਰੀ ਰਾਜਵਿੰਦਰ ਸਿੰਘ ਯੋਗਾ ਕੋਚ, ਸ਼੍ਰੀ ਜਤਿੰਦਰ ਜੋਸ਼ੀ ਮੀਡੀਆ ਕੋਆਰਡੀਨੇਟਰ, ਸ਼੍ਰੀਮਤੀ ਪਾਇਲ ਗਰਗ, ਸ਼੍ਰੀਮਤੀ ਮੀਨਾਕਸ਼ੀ ਗਰਗ, ਸ਼੍ਰੀਮਤੀ ਪੂਨਮ ਸ਼ਰਮਾ, ਸ਼੍ਰੀਮਤੀ ਗੁਰਮੀਤ ਕੌਰ, ਸ਼੍ਰੀ ਯੁਵਰਾਜ, ਸ਼੍ਰੀਮਤੀ ਮਨਜੀਤ ਕੌਰ ਅਤੇ ਸ਼੍ਰੀਮਤੀ ਰਮਨਦੀਪ ਕੌਰ ਸਮੇਤ ਹੋਰ ਅਧਿਆਪਕ ਵੀ ਹਾਜ਼ਰ ਸਨ।
